← ਪਿਛੇ ਪਰਤੋ
Babushahi Special: ਬਠਿੰਡਾ: ਮੇਅਰ ਦਾ ਦੰਗਲ ਕੀਹਦੇ ਹੋਊ ਜੰਗਲ ’ਚ ਮੰਗਲ
ਅਸ਼ੋਕ ਵਰਮਾ
ਬਠਿੰਡਾ,1ਫਰਵਰੀ2025:ਨਗਰ ਨਿਗਮ ਬਠਿੰਡਾ ਦੇ ਮੇਅਰ ਦੀ ਚੋਣ ਲਈ ਪੰਜਾਬ ਸਰਕਾਰ ਵੱਲੋਂ 5 ਫਰਵਰੀ ਦਾ ਦਿਨ ਤੈਅ ਕਾਰਨ ਨਾਲ ਸ਼ਹਿਰ ’ਚ ਚੁੰਝ ਚਰਚਾ ਨੇ ਜੋਰ ਫੜ ਲਿਆ ਹੈ ਕਿ ਹੁਣ ਇਸ ਕੁਰਸੀ ਤੇ ਕੌਣ ਬੈਠਣ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਜਾਰੀ ਪੱਤਰ ਸਾਹਮਣੇ ਆਉਣ ਤੋਂ ਬਾਅਦ ਬਠਿੰਡਾ ’ਚ ਸਿਆਸੀ ਸਰਗਰਮੀਆਂ ਤੇਜ ਹੋ ਗਈਆਂ ਹਨ। ਸਾਲ 2021 ’ਚ ਚੁਣੀ ਗਈ ਪਹਿਲੀ ਮਹਿਲਾ ਮੇਅਰ ਰਮਨ ਗੋਇਲ ਨੂੰ ਹਟਾਉਣ ਉਪਰੰਤ ਤਕਰੀਬਨ ਸਵਾ ਸਾਲ ਤੋਂ ਇਹ ਮਹੱਤਵਪੂਰਨ ਕੁਰਸੀ ਖਾਲੀ ਪਈ ਹੈ। ਲੰਘੀ 28 ਜਨਵਰੀ ਨੂੰ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਨੇ ਸਥਾਨਕ ਸਰਕਾਰਾਂ ਵਿਭਾਗ ਨੂੰ ਪੱਤਰ ਲਿਖਕੇ ਇਹ ਚੋਣ ਕਰਵਾਉਣ ਦੀ ਮੰਗ ਕੀਤੀ ਸੀ । ਪੱਤਰ ’ਚ ਦੱਸਿਆ ਸੀ ਕਿ 15 ਨਵੰਬਰ 2023 ਨੂੰ ਜਰਨਲ ਹਾਊਸ ਦੀ ਮੀਟਿੰਗ ਦੌਰਾਨ ਬੇਵਿਸਾਹੀ ਮਤਾ ਮਾਸ ਕਰਕੇ ਤੱਤਕਾਲੀ ਮੇਅਰ ਨੂੰ ਹਟਾ ਦਿੱਤਾ ਗਿਆ ਸੀ। ਇਹ ਵੀ ਜਾਣਕਾਰੀ ਦਿੱਤੀ ਗਈ ਸੀ ਕਿ ਮਾਮਲਾ ਹਾਈਕੋਰਟ ਚਲਾ ਗਿਆ ਜਿੱਥੇ ਅਦਾਲਤ ਨੇ 14 ਅਗਸਤ 2024 ਨੂੰ ਪਟੀਸ਼ਨ ਖਾਰਜ ਕਰ ਦਿੱਤੀ ਸੀ ਜਿਸ ਤੋਂ ਬਾਅਦ ਇਹ ਅਹੁਦਾ ਲਗਾਤਾਰ ਖਾਲੀ ਚੱਲਿਆ ਆ ਰਿਹਾ ਹੈ। ਮੇਅਰ ਨਾਂ ਹੋਣ ਕਾਰਨ ਦਫਤਰੀ ਕੰਮਕਾਜ ਵੀ ਪ੍ਰਭਾਵਿਤ ਹੋ ਰਹੇ ਹਨ ਅਤੇ ਸੰਵਿਧਾਨਕ ਤੌਰ ਤੇ ਹੀ ਇਹ ਅਹੁਦਾ ਭਰਿਆ ਜਾਣਾ ਜਰੂਰੀ ਹੈ। ਇਸ ਪੱਤਰ ਤੋਂ ਬਾਅਦ ਪੰਜਾਬ ਸਰਕਾਰ ਨੇ ਮੇਅਰ ਦੇ ਅਹੁਦੇ ਦੀ ਚੋਣ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ 5 ਫਰਵਰੀ ਨੂੰ ਜਰਨਲ ਹਾਊਸ ਦੀ ਮੀਟਿੰਗ ਸੱਦਣ ਲਈ ਆਖ ਦਿੱਤਾ ਹੈ। ਮੇਅਰ ਦੀ ਚੋਣ ਬਾਅਦ ਦੁਪਹਿਰ ਤਿੰਨ ਵਜੇ ਫਰੀਦਕੋਟ ਡਵੀਜ਼ਨ ਦੇ ਕਮਿਸ਼ਨਰ ਦੀ ਨਿਗਰਾਨੀ ਹੇਠ ਕਰਵਾਈ ਜਾ ਰਹੀ ਹੈ। ਚੋਣ ਤੋਂ ਪਹਿਲਾਂ ਵਾਰਡ ਨੰਬਰ 48 ਤੋਂ ਚੋਣ ਜਿੱਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਪਦਮਜੀਤ ਮਹਿਤਾ ਨੂੰ ਸਹੁੰ ਚੁਕਾਈ ਜਾਏਗੀ। ਹਾਲਾਂਕਿ ਇਸ ਚੋਣ ਲਈ ਪ੍ਰਕਿਰਿਆ ਸਾਹਮਣੇ ਨਹੀਂ ਆ ਸਕੀ ਹੈ ਕਿ ਪਰਚੀਆਂ ਪੁਆਈਆਂ ਜਾਣਗੀਆਂ ਜਾਂ ਫਿਰ ਹੱਥ ਖੜ੍ਹੇ ਕਰਕੇ ਮੇਅਰ ਚੁਣਿਆ ਜਾਏਗਾ ਪਰ ਕੌਂਸਲਰਾਂ ਨੂੰ ਆਪਣੇ ਨਾਲ ਗੰਢਣ ਲਈ ਸਿਆਸੀ ਹਲਚਲ ਇੱਕਦਮ ਅੰਬਰਾਂ ਤੇ ਪੁੱਜ ਗਈ ਹੈ। ਹਾਲ ਹੀ ਵਿੱਚ ਪੰਜਾਬ ਦੇ ਵੱਖ ਵੱਖ ਨਗਰ ਨਿਗਮਾਂ ’ਚ ਆਪਣੇ ਮੇਅਰ ਬਨਾਉਣ ’ਚ ਸਫਲ ਰਹੀ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਆਪਣਾ ਮੇਅਰ ਬਨਾਉਣ ਦੇ ਯਤਨ ਸ਼ੁਰੂ ਕਰ ਦਿੱਤੇ ਹਨ ਤਾਂ ਨਗਰ ਨਿਗਮ ਤੇ ਕਾਬਜ ਕਾਂਗਰਸ ਪਾਰਟੀ ਨੇ ਆਪਣੀ ਸੱਤਾ ਬਚਾਕੇ ਰੱਖਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਕੁੱਲ 50 ਕੌਂਸਲਰਾਂ ਵਿੱਚ 28 ਕੌਂਸਲਰ ਕਾਂਗਰਸ ਪਾਰਟੀ ਦੇ ਨਾਲ ਹਨ ਜਦੋਂਕਿ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਹਮਾਇਤੀ ਕੌਂਸਲਰਾਂ ਦੀ ਗਿਣਤੀ ਇੱਕ ਦਰਜਨ ਦੱਸੀ ਜਾ ਰਹੀ ਹੈ ਜਿੰਨ੍ਹਾਂ ਦੀ ਇਸ ਚੋਣ ਦੌਰਾਨ ਅਹਿਮ ਭੂਮਿਕਾ ਰਹਿਣ ਦੀ ਸੰਭਾਵਨਾ ਹੈ। ਸ਼ਹਿਰ ’ਚ ਖੇਲਾ ਹੋਣ ਦੀ ਚਰਚਾ ਸ਼ਹਿਰ ਵਿੱਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੇ ਪੁੱਤਰ ਪਦਮਜੀਤ ਮਹਿਤਾ ਨੂੰ ਹਿੱਕ ਤਰਾਂ ਨਾਲ ਮੇਅਰ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ। ਮਹਿਤਾ ਧੜੇ ਨੂੂੰ ਉਮੀਦ ਹੈ ਕਿ ਪਦਮਜੀਤ ਮਹਿਤਾ ਨੂੰ ਮਨਪ੍ਰੀਤ ਬਾਦਲ ਦੇ ਹਮਾਇਤੀ ਕੌਂਸਲਰਾਂ ਦਾ ਸਾਥ ਮਿਲ ਜਾਏਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਦੀ ਗਿਣਤੀ 18 ਹੋ ਜਾਏਗੀ। ਬਹੁਮੱਤ ਲਈ 26 ਕੌਂਸਲਰਾਂ ਦਾ ਹੋਣਾ ਜਰੂਰੀ ਹੈ ਜਿਸ ਵਿੱਚ ਇੱਕ ਵੋਟ ਵਿਧਾਇਕ ਦਾ ਵੀ ਹੈ। ਸ਼ਹਿਰ ’ਚ ਚੁੰਝ ਚਰਚਾ ਹੈ ਕਿ ਚੰਡੀਗੜ੍ਹ ਦੇ ਮੇਅਰ ਦੀ ਚੋਣ ਵਾਂਗ ਬਠਿੰਡਾ ਵਿੱਚ ਵੀ ਹਾਕਮ ਧਿਰ ਕਰਾਸ ਵੋਟਿੰਗ ਕਰਵਾ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਮੇਅਰ ਦੇ ਹੱਥ ਵਿੱਚ ਝਾੜੂ ਹੋਣਾ ਤੈਅ ਹੈ। ਕਾਂਗਰਸ ’ਚ ਪਾਟੋਧਾੜ ਦੀ ਸਥਿਤੀ ਕਾਂਗਰਸੀ ਆਗੂ ਕੁੱਝ ਵੀ ਕਹੀ ਜਾਣ ਸ਼ਹਿਰੀ ਕਾਂਗਰਸ ਵਿੱਚ ਸਭ ਅੱਛਾ ਨਹੀਂ ਹੈ। ਕਾਰਜਕਾਰੀ ਮੇਅਰ ਅਸ਼ੋਕ ਕੁਮਾਰ ਵੀ ਮੇਅਰ ਦੇ ਦਾਅਵੇਦਾਰ ਹਨ ਅਤੇ ਹੋਰ ਵੀ ਕਈ ਆਗੂਆਂ ਦੀ ਅੱਖ ਇਸ ਅਹੁਦੇ ਤੇ ਹੈ। ਸ਼ਹਿਰੀ ਕਾਂਗਰਸ ’ਚ ਗੁੱਟਬਾਜੀ ਕਾਰਨ ਸਥਿਤੀ ਟੇਢੀ ਬਣੀ ਹੋਈ ਹੈ। ਨਗਰ ਨਿਗਮ ’ਚ ਕਾਂਗਰਸ ਦੇ 28 ਕੌਂਸਲਰ ਹਨ ਜਿੰਨ੍ਹਾਂ ਦੀ ਗਿਣਤੀ ਬਹੁਮੱਤ ਤੋਂ ਜਿਆਦਾ ਹੈ। ਉਂਜ ਪਾਰਟੀ ਦੇ ਅੰਦਰ ਰਮਨ ਗੋਇਲ ਵਾਂਗ ਕਿਸੇ ਔਰਤ ਕੌਂਸਲਰ ਨੂੰ ਮੇਅਰ ਬਨਾਉਣ ਦੀਆਂ ਅਵਾਜਾਂ ਉੱਠ ਰਹੀਆਂ ਹਨ। ਕਾਂਗਰਸ ਦੇ ਜਿਲ੍ਹਾ ਪ੍ਰਧਾਨ ਰਾਜਨ ਗਰਗ ਦਾ ਕਹਿਣਾ ਸੀ ਕਿ ਮੇਅਰ ਦੀ ਚੇਅਰ ਕਾਂਗਰਸ ਪਾਰਟੀ ਕੋਲ ਹੀ ਰਹੇਗੀ। ਉਨ੍ਹਾਂ ਕਿਹਾ ਕਿ 5 ਫਰਵਰੀ ਨੂੰ ਕਾਂਗਰਸੀ ਕੌਂਸਲਰਾਂ ਦੀ ਸਹਿਮਤੀ ਨਾਲ ਨਵਾਂ ਮੇਅਰ ਚੁਣ ਲਿਆ ਜਾਏਗਾ। ਅਕਾਲੀ ਦਲ ਲਈ ਔਖੀ ਘੜੀ ਮੇਅਰ ਦੀ ਚੋਣ ਦੌਰਾਨ ਸਭ ਤੋਂ ਔਖੀ ਘੜੀ ਅਕਾਲੀ ਦਲ ਲਈ ਹੈ ਜੋ ਨਾਂ ਤਾਂ ਕਾਂਗਰਸ ਦੀ ਹਮਾਇਤ ਕਰ ਸਕਦਾ ਹੈ ਨਾਂ ਹਾਕਮ ਧਿਰ ਆਮ ਆਦਮੀ ਪਾਰਟੀ ਦੀ। ਅਕਾਲੀ ਦਲ ਦੇ ਸੱਤ ਕੌਂਸਲਰ ਸਨ ਜਿੰਨ੍ਹਾਂ ਚੋ ਦੋ ਪਾਰਟੀ ਚੋ ਕੱਢ ਦਿੱਤੇ ਗਏ ਸਨ। ਇਹ ਦੋਵੇਂ ਕੌਂਸਲਰਾਂ ਨੇ ਆਮ ਆਦਮੀ ਪਾਰਟੀ ’ਚ ਸ਼ਮੂਲੀਅਤ ਕਰ ਲਈ ਸੀ। ਪਿੱਛੇ ਬਚੇ ਪੰਜ ਜਿੰਨ੍ਹਾਂ ਦੀ ਸਹਿਮਤੀ ਤੇ ਵੀ ਕ;ਫੀ ਕੁੱਝ ਟਿਕਿਆ ਹੋਇਆ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਇਹ ਕੌਂਸਲਰ ਆਪ ਨੂੰ ਹਮਾਇਤ ਦਿੰਦੇ ਹਨ ਤਾਂ ਅਕਾਲੀ ਕਾਡਰ ਨੂੰ ਖੋਰਾ ਲੱਗ ਸਕਦਾ ਹੈ। ਦਿਲਚਸਪ ਪਹਿਲੂ ਇਹ ਵੀ ਹੈ ਕਿ ਅੰਕੜਿਆਂ ਦੀ ਬਾਜ਼ੀਗਰੀ ਦੌਰਾਨ ਅਕਾਲੀ ਕੌਂਸਲਰਾਂ ਤੇ ਦੋਵਾਂ ਧਿਰਾਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ।
Total Responses : 1715