ਮੈਂ ਅਫਸਰ ਹਾਂ ਪਰ ਇੱਜਤ ਕੋਈ ਨਹੀਂ ਕਰਦਾ ....!
ਪਿੰਡ ਦੇ ਸਰਕਾਰੀ ਸਕੂਲ ਦੇ ਦੋ ਸਕੂਲੀ ਮਿੱਤਰ, ਰਮਨਦੀਪ ਸਿੰਘ ਅਤੇ ਪਰਮਜੀਤ ਸਿੰਘ, ਬਚਪਨ ਦੇ ਸਮੇਂ ਤੋਂ ਹੀ ਇਕ ਦੂਜੇ ਦੇ ਬਹੁਤ ਨੇੜੇ ਸਨ। ਦੋਵੇਂ ਨੇ ਗਰੀਬ ਪਰਿਵਾਰਾਂ ਦੇ ਵਿੱਚ ਜਨਮ ਲਿਆ ਸੀ, ਪਰ ਉਹਨਾਂ ਦੇ ਅੰਦਰ ਕਦੇ ਵੀ ਸਵਾਲ ਨਹੀਂ ਉਠਿਆ ਕਿ ਉਹ ਗਰੀਬੀ ਦੇ ਕਾਰਨ ਆਪਣੇ ਸੁਪਨਿਆਂ ਨੂੰ ਪੂਰਾ ਨਹੀਂ ਕਰ ਸਕਦੇ। ਦੋਵੇਂ ਨੇ ਇੱਕ ਦੂਜੇ ਦਾ ਹੌਸਲਾ ਵਧਾਉਂਦੇ ਹੋਏ ਪੜ੍ਹਾਈ ਕੀਤੀ ਅਤੇ ਆਪਣੇ ਹਾਲਾਤਾਂ ਨੂੰ ਮਾਤ ਦਿੱਤੀ। ਰਮਨਦੀਪ ਨੇ ਇਲੈਕਟ੍ਰਿਕਲ ਇੰਜਨੀਅਰਿੰਗ ਵਿੱਚ ਡਿਗਰੀ ਕੀਤੀ ਅਤੇ ਬਿਜਲੀ ਬੋਰਡ ਵਿੱਚ ਐਸ. ਡੀ. ਓ. ਲਗ ਗਿਆ। ਦੂਜੇ ਪਾਸੇ, ਪਰਮਜੀਤ ਸਿੰਘ ਨੇ ਸਿੱਖਿਆ ਦੇ ਖੇਤਰ ਨੂੰ ਆਪਣਾ ਪ੍ਰੋਫੈਸ਼ਨ ਬਣਾਇਆ ਅਤੇ ਤਰੱਕੀਆਂ ਕਰਦਿਆਂ ਕਰਦਿਆਂ ਸਕੂਲ ਦਾ ਪ੍ਰਿੰਸੀਪਲ ਬਣ ਗਿਆ। ਜਦ ਪਰਮਜੀਤ ਨੇ ਮੈਨੂੰ ਦੱਸਿਆ ਕਿ ਉਹ ਆਪਣੇ ਸਕੂਲ ਦਾ ਮੁਖੀ ਬਣ ਗਿਆ ਹੈ, ਰਮਨਦੀਪ ਲਈ ਇਹ ਬਹੁਤ ਮਾਣ ਦੀ ਗੱਲ ਸੀ ਕਿ ਉਸਦਾ ਬਚਪਨ ਦਾ ਮਿੱਤਰ ਸਿੱਖਿਆ ਦੇ ਮੰਦਰ ਦਾ ਮੁਖੀ ਬਣ ਗਿਆ ਸੀ। ਰਮਨਦੀਪ ਨੇ ਸੋਚਿਆ ਕਿ ਪਰਮਜੀਤ ਹੁਣ ਸਿੱਖਿਆ ਦੇ ਮੰਦਰ ਨੂੰ ਹੋਰ ਵੀ ਪ੍ਰਫੁੱਲਤ ਕਰਨ ਲਈ ਆਪਣੀ ਯੋਗਤਾ ਦਾ ਪ੍ਰਯੋਗ ਕਰੇਗਾ।
ਇੱਕ ਦਿਨ, ਛੁੱਟੀ ਦੇ ਦਿਨ ਪਰਮਜੀਤ, ਰਮਨਦੀਪ ਦੇ ਘਰ ਆ ਗਿਆ। ਦੋਵੇਂ ਨੇ ਬਚਪਨ ਦੀਆਂ ਮਿੱਠੀਆਂ ਯਾਦਾਂ ਨੂੰ ਤਾਜ਼ਾ ਕੀਤਾ। ਪਰ ਗੱਲਾਂ ਕਰਦਿਆਂ, ਪਰਮਜੀਤ ਇੱਕ ਦਮ ਗੰਭੀਰ ਹੋ ਗਿਆ। ਉਸ ਨੇ ਰਮਨਦੀਪ ਨਾਲ ਦਿਲ ਦੀ ਗੱਲ ਸਾਂਝੀ ਕਰਨ ਦੀ ਇੱਛਾ ਜਤਾਈ। ਰਮਨਦੀਪ ਨੇ ਉਸ ਨੂੰ ਹੋਂਸਲਾ ਦਿੱਤਾ ਕਿ ਦੋਸਤੀ ਵਿੱਚ ਕੋਈ ਗੱਲ ਨਹੀਂ ਲੁਕਾਈ ਜਾਂਦੀ। ਪਰਮਜੀਤ ਨੇ ਕਿਹਾ, "ਯਾਰ ਰਮਨ, ਜਦੋਂ ਤੋਂ ਮੈਂ ਪ੍ਰਿੰਸੀਪਲ ਬਣਿਆ ਹਾਂ, ਮੈਨੂੰ ਲੱਗਦਾ ਹੈ ਕਿ ਲੋਕ ਮੇਰੀ ਇੱਜਤ ਨਹੀਂ ਕਰਦੇ। ਬੇਸ਼ਕ ਮੈਂ ਅਫਸਰ ਬਣ ਗਿਆ ਹਾਂ, ਪਰ ਸਹਿਯੋਗੀ ਮੈਨੂੰ ਪਸੰਦ ਨਹੀਂ ਕਰਦੇ। ਕੀ ਮੇਰੇ ਸੁਭਾਅ ਦੇ ਨਾਲ ਕੋਈ ਗੜਬੜ ਹੈ?" ਰਮਨਦੀਪ, ਜੋ ਆਪਣੇ ਮਿੱਤਰ ਦੇ ਬਦਲੇ ਸੁਭਾਅ ਦੇ ਚਰਚਿਆਂ ਬਾਰੇ ਪਹਿਲਾਂ ਹੀ ਜਾਣਦਾ ਸੀ, ਬਹੁਤ ਸੰਭਲ ਕੇ ਜਵਾਬ ਦੇਣ ਲੱਗਾ। "ਪਰਮਜੀਤ, ਤੂੰ ਸਹੀ ਕਹਿ ਰਿਹਾ ਹੈ। ਮੈਂ ਵੀ ਮਹਿਸੂਸ ਕੀਤਾ ਹੈ ਕਿ ਤੇਰੇ ਅੰਦਰ ਹਉਮੈ ਆ ਗਈ ਹੈ ਅਤੇ ਤੂੰ ਆਪਣਾ ਅਹੁਦਾ ਦਿਖਾਉਣ ਦੇ ਚੱਕਰ ਵਿੱਚ ਆਪਣੇ ਸਹਿਯੋਗੀਆਂ ਨੂੰ ਜਲੀਲ ਕਰਦਾ ਹੈ, ਗੱਲ ਗੱਲ ਤੇ ਧਮਕੀਆਂ ਦਿੰਦਾ ਹੈ। ਤੇਰਾ ਇਹ ਰਵੱਈਆ ਸਹਿਯੋਗੀਆਂ ਅਤੇ ਵਿਦਿਆਰਥੀਆਂ ਨੂੰ ਤੇਰੇ ਤੋਂ ਦੂਰ ਕਰ ਰਿਹਾ ਹੈ। ਹਰ ਗੱਲ ਤੇ ਤੂੰ ਨਿਯਮ ਝਾੜਨ ਲੱਗ ਜਾਂਦਾ ਹੈ। ਇਸ ਲਈ ਤੂੰ ਆਪਣੇ ਅਹੁਦੇ ਦੀ ਤਾਂ ਸਹਿਯੋਗੀ ਕੋਲੋਂ ਮਜਬੂਰੀ ਵਿੱਚ ਇਜੱਤ ਕਰਵਾ ਸਕਦਾ ਹੈ, ਪਰ ਨਿਜੀ ਤੌਰ ਤੇ ਆਪਣੀ ਇੱਜਤ ਕਰਨ ਲਈ ਮਜਬੂਰ ਨਹੀਂ ਕਰ ਸਕਦਾ। ਦੂਜਾ ਉਹਨਾਂ ਚਾਪਲੂਸ ਸਹਿਯੋਗੀਆਂ ਤੋਂ ਬੱਚਕੇ ਰਹਿਣਾ, ਜੋ ਤੇਰੇ ਗਲਤ ਵਿਵਹਾਰ ਅਤੇ ਗਲਤ ਫੈਸਲਿਆਂ ਵਿੱਚ ਵੀ ਤੇਰੀ ਪ੍ਰਸ਼ੰਸਾ ਹੀ ਕਰਦੇ ਹਨ।ਇਸ ਤਰ੍ਹਾਂ ਦੇ ਚਾਪਲੂਸ ਸਹਿਯੋਗੀ ਸੰਸਥਾ ਦਾ ਮਾਹੋਲ ਖਰਾਬ ਕਰਕੇ ਰੱਖਦੇ ਹਨ ਅਤੇ ਆਪਣਾ ਉੱਲੂ ਸਿੱਧਾ ਕਰਨਾ ਨੂੰ ਹਮੇਸ਼ਾਂ ਪਹਿਲ ਦਿੰਦੇ ਹਨ।
ਪਰਮਜੀਤ ਨੇ ਹੌਲੀ ਜਿਹਾ ਸਿਰ ਹਿਲਾਇਆ ਅਤੇ ਕਿਹਾ, "ਰਮਨ, ਤੂੰ ਸਹੀ ਕਹਿ ਰਿਹਾ ਹੈ। ਪਰ ਕੀ ਮੈਂ ਇਹ ਸਧਾਰਣ ਰਵੱਈਆ ਰੱਖ ਕੇ ਆਪਣਾ ਕੰਮ ਕਾਮਯਾਬੀ ਨਾਲ ਕਰ ਸਕਦਾ ਹਾਂ?" ਰਮਨਦੀਪ ਨੇ ਹੱਸ ਕੇ ਕਿਹਾ, "ਪਰਮਜੀਤ, ਅਸੂਲ ਬੰਦੇ ਲਈ ਬਣੇ ਹਨ, ਬੰਦਾ ਅਸੂਲਾਂ ਲਈ ਨਹੀਂ। ਬਦਲਾਅ ਜੀਵਨ ਦਾ ਹਿੱਸਾ ਹੈ। ਤੈਨੂੰ ਸਹਿਯੋਗੀਆਂ ਨਾਲ ਨਿਮਰਤਾ ਦੇ ਨਾਲ ਪੇਸ਼ ਆਉਣਾ ਚਾਹੀਦਾ ਹੈ। ਇਸ ਦੇ ਨਾਲ ਇਹ ਗੱਲ ਵੀ ਆਪਣੇ ਧਿਆਨ ਵਿੱਚ ਰੱਖੀ ਕਿ ਹਰੇਕ ਇਨਸਾਨ ਨੂੰ ਆਪਣੀ ਨੌਕਰੀ ਪਿਆਰੀ ਹੁੰਦੀ ਹੈ। ਇਸ ਲਈ ਕੋਈ ਵੀ ਸਹਿਯੋਗੀ ਜਾਣਬੁੱਝ ਕੇ ਅਣਗਹਿਲੀ ਨਹੀਂ ਕਰਦਾ। ਇਸ ਲਈ ਅਚਨਚੇਤ ਗੱਲਤੀ 'ਤੇ ਸਹਿਯੋਗੀ ਨੂੰ ਪਿਆਰ ਨਾਲ ਸਮਝਾਕੇ ਉਸ ਗੱਲਤੀ ਦਾ ਹੱਲ ਕੀਤਾ ਜਾਵੇ, ਨਾ ਕੇ ਉਸ ਨੂੰ ਉਸ ਅਚਨਚੇਤ ਗਲਤੀ ਲਈ ਜਲੀਲ ਕੀਤਾ ਜਾਵੇ। ਯਕੀਨ ਕਰ, ਜਦ ਤੂੰ ਸਾਦਗੀ ਅਤੇ ਨਿਮਰਤਾ ਦੇ ਨਾਲ ਕੰਮ ਕਰੇਗਾ, ਲੋਕ ਸਿਰਫ਼ ਤੇਰੇ ਅਹੁਦੇ ਨੂੰ ਨਹੀਂ, ਤੈਨੂੰ ਵੀ ਇੱਜਤ ਦੇਣਗੇ।"
ਪਰਮਜੀਤ ਨੇ ਸਾਰੀ ਗੱਲ ਗੰਭੀਰਤਾ ਨਾਲ ਸੁਣੀ। ਉਸ ਦੇ ਚਿਹਰੇ ਤੇ ਪਛਤਾਵੇ ਦੇ ਲਕੀਰਾਂ ਸਾਫ ਨਜ਼ਰ ਆ ਰਹੀਆਂ ਸਨ। "ਰਮਨ, ਮੈਨੂੰ ਅਫਸਰ ਬਣਨ ਦੇ ਨਸ਼ੇ ਨੇ ਅੰਨਾ ਕਰ ਦਿੱਤਾ ਸੀ। ਮੈਂ ਆਪਣੇ ਸਹਿਯੋਗੀਆਂ ਨੂੰ ਇਨਸਾਨ ਸਮਝਣਾ ਛੱਡ ਦਿੱਤਾ ਸੀ। ਪਰ ਹੁਣ ਤੇਰੀਆਂ ਗੱਲਾਂ ਸੁਣ ਕੇ ਮੈਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਰਿਹਾ ਹੈ। ਮੈਂ ਵਾਅਦਾ ਕਰਦਾ ਹਾਂ ਕਿ ਅੱਜ ਤੋਂ ਮੈਂ ਆਪਣਾ ਰਵੱਈਆ ਬਦਲਾਂਗਾ।" ਉਸ ਗੱਲਬਾਤ ਤੋਂ ਬਾਅਦ, ਪਰਮਜੀਤ ਨੇ ਆਪਣੇ ਵਿਹਾਰ ਵਿੱਚ ਹੌਲੀ ਹੌਲੀ ਤਬਦੀਲੀਆਂ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਆਪਣੇ ਸਹਿਯੋਗੀਆਂ ਨਾਲ ਨਿਮਰਤਾ ਨਾਲ ਪੇਸ਼ ਆਉਣਾ, ਵਿਦਿਆਰਥੀਆਂ ਅਤੇ ਸਟਾਫ਼ ਨੂੰ ਮੋਟਿਵੇਟ ਕਰਨਾ ਸ਼ੁਰੂ ਕੀਤਾ। ਕੁਝ ਸਮੇਂ ਬਾਅਦ, ਜਿਹੜੇ ਲੋਕ ਪਹਿਲਾਂ ਉਸ ਦੀ ਵਾਰ ਵਾਰ ਅਲੋਚਨਾ ਕਰਦੇ ਸਨ, ਉਹੀ ਲੋਕ ਹੁਣ ਉਸ ਦੀ ਤਾਰੀਫ਼ ਕਰਦੇ ਨਜ਼ਰ ਆਉਂਦੇ ਸਨ। ਇੱਕ ਦਿਨ, ਜਦੋਂ ਰਮਨਦੀਪ ਪਿੰਡ ਗਿਆ, ਉਸ ਨੂੰ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਰਮਜੀਤ ਹੁਣ ਸਕੂਲ ਦੇ ਸਹਿਯੋਗੀਆਂ ਨਾਲ ਕਿਸੇ ਪਰਿਵਾਰਕ ਮੈਂਬਰ ਵਾਂਗ ਪੇਸ਼ ਆਉਂਦਾ ਹੈ। ਰਮਨਦੀਪ ਨੇ ਆਪਣੇ ਮਿੱਤਰ ਦੇ ਇਸ ਬਦਲਾਅ ਨੂੰ ਸੁਣ ਕੇ ਖੁਸ਼ੀ ਮਹਿਸੂਸ ਕੀਤੀ। ਇਹ ਕਹਾਣੀ ਸਿੱਖਿਆ ਦਿੰਦੀ ਹੈ ਕਿ ਅਹੁਦਾ ਸਿਰਫ਼ ਇੱਕ ਜ਼ਿੰਮੇਵਾਰੀ ਹੈ, ਪਰ ਇੱਜਤ ਆਪਣੇ ਚਰਿਤਰ, ਵਿਹਾਰ ਅਤੇ ਨਿਮਰਤਾ ਨਾਲ ਕਮਾਈ ਜਾਂਦੀ ਹੈ। ਸਮਾਜਿਕ ਅਤੇ ਪੇਸ਼ੇਵਰ ਰਿਸ਼ਤੇ ਸਦਾ ਆਪਸੀ ਸਨਮਾਨ ਅਤੇ ਸਹਿਯੋਗ ਨਾਲ ਹੀ ਪ੍ਰਫੁੱਲਤ ਹੋ ਸਕਦੇ ਹਨ।
liberalthinker1621@gmail.com
ਸੰਦੀਪ ਕੁਮਾਰ-7009807121
ਐਮ.ਸੀ.ਏ, ਐਮ.ਏ ਮਨੋਵਿਗਆਨ
ਰੂਪਨਗਰ
-
ਸੰਦੀਪ ਕੁਮਾਰ, ਐਮ.ਸੀ.ਏ, ਐਮ.ਏ ਮਨੋਵਿਗਆਨ
liberalthinker1621@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.