ਪੰਜਾਬ ਦੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸੰਤ ਸੀਚੇਵਾਲ ਵੱਲੋਂ ਲੋਕ ਲਹਿਰ ਬਣਾਉਣ ਦਾ ਸੱਦਾ
* ਪੰਜਾਬ ਦੇ ਪਾਰਲੀਮੈਂਟ ਦੇ ਸਮੁੱਚੇ ਮੈਂਬਰ ਪਲੀਤ ਹੋ ਚੁੱਕੇ ਦਰਿਆਵਾਂ ਦਾ ‘ਤੇ ਇੱਕ ਜੁਟਤਾ ਨਾਲ ਅਵਾਜ਼ ਬੁਲੰਦ ਕਰਨ
* ਵਿਸ਼ਵ ਜਲਗਾਹ ਦਿਵਸ ਅਤੇ ਕਾਲਜ ਦਾ ਸਥਾਪਨਾ ਦਿਵਸ ਮਨਾਇਆ
* ਜੀਵਨ ਦੇਣ ਵਾਲੇ ਦਰਿਆ ਅੱਜ ਵੰਡ ਰਹੇ ਨੇ ਮੌਤ
* ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਦੇ ਸਲਾਨਾ ਸਮਾਗਮ ਵਿੱਚ ਵਿਦਿਆਰਥੀਆਂ ਦਾ ਸਨਮਾਨ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 02 ਫਰਵਰੀ 2024 - ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪੰਜਾਬ ਦੇ ਪਲੀਤ ਹੋ ਚੁੱਕੇ ਦਰਿਆਵਾਂ ਨੂੰ ਮਕੰਮਲ ਤੌਰ ‘ਤੇ ਪ੍ਰਦੂਸ਼ਣ ਮੁਕਤ ਕਰਨ ਲਈ ਲੋਕ ਲਹਿਰ ਬਣਾਉਣ ਦਾ ਸੱਦਾ। ਨਿਰਮਲ ਕੁਟੀਆ ਸੀਚੇਵਾਲ ਦੇ ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸੰਕੈਡਰੀ ਸਕੂਲ ਦੇ ਵਿਹੜੇ ਵਿੱਚ ਵਿਸ਼ਵ ਜਲਗਾਹ ਦਿਵਸ,ਸੰਤ ਅਵਤਾਰ ਸਿੰਘ ਯਾਦਗਾਰੀ ਕਲਾਜ ਦਾ ਸਥਾਪਨਾ ਦਿਵਸ ਅਤੇ ਸਕੂਲ ਦਾ ਸਲਾਨਾ ਸਮਾਗਮ ਮਨਾਉਂਦਿਆ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪਵਿੱਤਰ ਬੁੱਢਾ ਦਰਿਆ ਪੰਜਾਬ ਦੀ ਅਮੀਰ ਵਿਰਾਸਤ ਦਾ ਹਿੱਸਾ ਹੈ। ਇਸ ਬੁੱਢੇ ਦਰਿਆ ਨੂੰ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਪਲੀਤ ਹੋ ਚੁੱਕੇ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਲੋਕਾਂ ਦੀ ਭਾਗੀਦਾਰੀ ਬੇਹੱਦ ਜਰੂਰੀ ਹੈ।
ਇਸ ਦੇ ਕੰਢੇ ‘ਤੇ ਇਸ਼ਨਾਨ ਘਾਟ ਬਣਾਏ ਜਾ ਰਹੇ ਹਨ। ਸੰਤ ਸੀਚੇਵਾਲ ਨੇ ਕਿਹਾ ਕਿ ਲੋਕ ਵੀ ਇਹ ਗੱਲ ਪੁੱਛਦੇ ਹਨ ਕਿ ਇਸ਼ਨਾਨ ਘਾਟ ਤਾਂ ਆਖੀਰ ਵਿੱਚ ਬਣਾਏ ਜਾਣੇ ਸਨ ਪਹਿਲਾਂ ਇਸ ਵਿੱਚ ਸਾਫ ਪਾਣੀ ਵਗਣਾ ਚਾਹੀਦਾ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਅਸੀ ਇਹ ਇਸ਼ਨਾਨ ਘਾਟ ਇਸੇ ਵਿਸ਼ਵਾਸ਼ ‘ਤੇ ਭਰੋਸੇ ਨਾਲ ਬਣਾ ਰਹੇ ਕਿ ਬੁੱਢੇ ਦਰਿਆ ਵਿੱਚ ਜਲਦੀ ਹੀ ਸਾਫ ਪਾਣੀ ਵਗੇਗਾ। ਉਹਨਾਂ ਕਿਹਾ ਕਿ ਪੰਜਾਬੀ ਪੰਜਾਂ ਦਰਿਆਵਾਂ ਦੇ ਮਾਲਕ ਹਨ ਪਰ ਬਦਕਿਸਮਤੀ ਕਿ ਨਾਲ ਇੰਨ੍ਹਾਂ ਅੰਮ੍ਰਿਤ ਵਰਗੇ ਪਵਿੱਤਰ ਦਰਿਆਵਾਂ ਵਿੱਚ ਜ਼ਹਿਰੀਲੇ ‘ਤੇ ਗੰਦੇ ਪਾਣੀ ਪਾ ਕੇ ਇੰਨ੍ਹਾਂ ਨੂੰ ਅਜਿਹਾ ਪਲੀਤ ਕੀਤਾ ਕਿ ਇਸ ਦੇ ਜਲਚਰ ਜੀਵ ਖਤਮ ਹੋ ਗਏ। ਜੀਵਨ ਦੇਣ ਵਾਲੇ ਦਰਿਆ ਅੱਜ ਮੌਤ ਵੰਡ ਰਹੇ ਹਨ।
ਸੰਤ ਸੀਚੇਵਾਲ ਨੇ ਪੰਜਾਬ ਦੇ ਸਮੁੱਚੇ ਪਾਰਲੀਮੈਂਟ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਇਕਸੁਰ ਤੇ ਇੱਕਜੁਟ ਹੋ ਕੇ ਪਾਰਲੀਮੈਂਟ ਦੇ ਚੱਲ ਰਹੇ ਬਜਟ ਸ਼ੈਸ਼ਨ ਦੌਰਾਨ ਅਵਾਜ਼ ਬੁਲੰਦ ਕਰਨ। ਉਨ੍ਹਾਂ ਕਿਹਾ ਕਿ ਸਤਲੁਜ ਦਰਿਆ ਜਿਸ ਨੂੰ 11 ਨਵੰਬਰ 2011 ਤੱਕ ਮੁਕੰਮਲ ਤੌਰ ‘ਤੇ ਪ੍ਰਦੂਸ਼ਣ ਮੁਕਤ ਕਰਨ ਦਾ ਕੇਂਦਰ ਸਰਕਾਰ ਨੇ ਟੀਚਾ ਮਿੱਥਿਆ ਸੀ ਪਰ ਉਹ ਅੱਧ ਵਿਚਾਲੇ ਹੀ ਰਹਿ ਗਿਆ ਸੀ। ਪੰਜਾਬ ਦੇ ਦਰਿਆਵਾਂ ਨੂੰ ਬਚਾਉਣ ਲਈ ਇੱਕਜੁਟਤਾ ਨਾਲ ਪਾਰਲੀਮੈਂਟ ਵਿੱਚ ਅਵਾਜ਼ ਬੁਲੰਦ ਕਰਨ ਦੀ ਸਖਤ ਲੋੜ ਹੈ ਤਾਂ ਜੋ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਕਰ ਸਕੀਏ।
ਸੰਤ ਸੀਚੇਵਾਲ ਨੇ ਵਿਸ਼ਵ ਜਲਗਾਹ ਦਿਵਸ ਦਾ ਜ਼ਿਕਰ ਕਰਦਿਆ ਕਿਹਾ ਕਿ ਪਵਿੱਤਰ ਕਾਲੀ ਵੇਈਂ ਵਿੱਚ ਕੌਮਾਂਤਰੀ ਪੱਧਰ ਦੀ ਕਾਂਜਲੀ ਜਲਗਾਹ ਆਉਂਦੀ ਹੈ ਅਤੇ ਜਿੱਥੇ ਸਤਲੁਜ, ਬਿਆਸ ਅਤੇ ਪਵਿੱਤਰ ਕਾਲੀ ਵੇਈਂ ਦਾ ਸੰਗਮ ਹੁੰਦਾ ਹੈ ਉਥੇ ਹਰੀਕੇ ਪੱਤਣ ਜਲਗਾਹ ਆਉਂਦੀ ਹੈ। ਇਹ ਜਲਗਾਹਾਂ ਇਸ ਧਰਤੀ ਮਾਂ ਦੇ ਗਹਿਣੇ ਹਨ। ਕਾਹਨੂੰਵਾਨ ਛੰਭ ਦਾ ਜ਼ਿਕਰ ਕਰਦਿਆ ਸੰਤ ਸੀਚੇਵਾਲ ਨੇ ਕਿਹਾ ਕਿ ਉਸ ਜਲਗਾਤ ਨੂੰ ਵੀ ਕੂੜੇ ਦੇ ਡੰਪ ਵਿੱਚ ਬਦਲਿਆ ਜਾ ਰਿਹਾ ਸੀ। ਜਿਸ ਦਾ ਇਲਾਕੇ ਦੇ ਲੋਕਾਂ ਨੇ ਡੱਟ ਕੇ ਵਿਰੋਧ ਕੀਤਾ। ਸੰਤ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਕਾਹਨੂੰਵਾਨ ਛੰਭ ਦਾ ਦੌਰਾ ਕਰਕੇ ਸੰਘਰਸ਼ ਕਰ ਰਹੇ ਲੋਕਾਂ ਦੀ ਹਮਾਇਤ ਕੀਤੀ ਸੀ ਤਾਂ ਜੋ ਜਲਗਾਹ ਨੂੰ ਬਚਾਇਆ ਜਾ ਸਕੇ।
ਬਾਕਸ ਆਈਟਮ : ਦੁਆਬੇ ਦੇ 4 ਪਿੰਡਾਂ ਨੂੰ ਪਾਣੀ ਵਾਲੀਆਂ ਟੈਂਕੀਆਂ ਦਿੱਤੀਆਂ
ਇਸ ਸਮਾਗਮ ਦੌਰਾਨ ਸੰਤ ਸੀਚੇਵਾਲ ਵੱਲੋਂ ਪੰਜਾਬ ਦੇ ਦੁਆਬੇ ਇਲਾਕੇ ਦੇ 4 ਪਿੰਡਾਂ ਤਲਵੰਡੀ ਮਾਧੋ, ਫਤਿਹਪੁਰ, ਗੱਟਾ ਮੁੰਡੀ ਕਾਸੂ ਅਤੇ ਸੋਹਲ ਖਾਲਸਾ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੇ 5000 ਲੀਟਰ ਦੇ ਟੈਂਕਰ ਦਿੱਤੇ। ਜ਼ਿਕਰ ਯੋਗ ਹੈ ਕਿ ਸੰਤ ਸੀਚੇਵਾਲ ਵੱਲੋਂ ਹੁਣ ਤੱਕ ਆਪਣੇ ਅਖਤਿਆਰੀ ਫੰਡਜ਼ ਵਿੱਚੋਂ ਹੁਣ ਤੱਕ 100 ਦੇ ਕਰੀਬ ਪੰਜਾਬ ਦੇ ਪਿੰਡਾਂ ਨੂੰ ਪਾਣੀਆਂ ਵਾਲੀਆਂ ਟੈਂਕੀਆਂ ਮਹੁੱਈਆ ਕਰਵਾਈਆਂ ਜਾ ਚੁੱਕੀਆਂ ਹਨ। ਸੰਤ ਸੀਚੇਵਾਲ ਨੇ ਦੱਸਿਆ ਕਿ ਇਹਨਾਂ ਪਿੰਡਾਂ ਵਿੱਚੋਂ ਬਹੁਤੇ ਪਿੰਡਾਂ ਨੂੰ ਬਾਰਿਸ਼ਾਂ ਦੌਰਾਨ ਪੀਣ ਵਾਲੇ ਸਾਫ ਪਾਣੀ ਲਈ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਉਹ ਪਾਣੀ ਵਾਲੇ ਟੈਂਕਰ ਲਈ ਉਹਨਾਂ ਨੂੰ ਪਿੰਡਾਂ ਨੂੰ ਪਹਿਲ ਦੇ ਰਹੇ ਹਨ ਜਿਹਨਾਂ ਵੱਲੋਂ ਆਪਣੇ ਪਿੰਡਾਂ ਵਿੱਚ ਸਾਂਝੀਵਾਲਤਾ ਬਣਾਈ ਹੋਈ ਹੈ ਤੇ ਵੱਡੀ ਗਿਣਤੀ ਵਿੱਚ ਰੁੱਖ ਲਗਾਏ ਹੋਏ ਹਨ।