ਬਸੰਤ ਪੰਚਮੀ 'ਤੇ ਨਵੀਂ ਗਰਾਊਂਡ ਮਿਲਣ ਦੀ ਖੁਸ਼ੀ ਵਿਚ ਡੇਲੀ ਮੌਰਨਿੰਗ ਫੁੱਟਬਾਲ ਕਲੱਬ ਨੇ ਕਰਵਾਇਆ ਫੁੱਟਬਾਲ ਮੈਚ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 02 ਫਰਵਰੀ,2025 - ਡੇਲੀ ਮੌਰਨਿੰਗ ਫੁੱਟਬਾਲ ਕਲੱਬ ਨਵਾਂਸ਼ਹਿਰ ਨੇ ਅੱਜ ਬਸੰਤ ਪੰਚਮੀ 'ਤੇ ਨਵੀਂ ਗਰਾਊਂਡ ਮਿਲਣ ਦੀ ਖੁਸ਼ੀ ਵਿਚ ਆਰ. ਕੇ. ਆਰੀਆਂ ਕਾਲਜ ਨਵਾਂਸ਼ਹਿਰ ਦੀ ਗਰਾਊਂਡ ਵਿਚ ਫੁੱਟਬਾਲ ਮੈਚ ਕਰਵਾਇਆ। ਇਹ ਮੈਚ ਡੇਲੀ ਮੌਰਨਿੰਗ ਫੁੱਟਬਾਲ ਕਲੱਬ ਨਵਾਂਸ਼ਹਿਰ ਦੇ ਐਨ ਆਰ ਆਈ ਵੀਰਾਂ ਤੇ ਸਟਾਰ ਖਿਡਾਰੀ ਸੁਖਵਿੰਦਰ ਸਿੰਘ ਸੁੱਖਾ ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਚੇਅਰਮੈਨ ਤਰਸੇਮ ਲਾਲ ਡਿਪਟੀ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਨੇ ਦੱਸਿਆ ਕਿ ਸਾਡੀ ਡੇਲੀ ਮੌਰਨਿੰਗ ਫੁੱਟਬਾਲ ਕਲੱਬ ਕੋਈ ਵੀ ਖੁਸ਼ੀ ਦਾ ਦਿਹਾੜਾ ਮਨਾਉਣ ਮੌਕੇ ਫੁੱਟਬਾਲ ਮੈਚ ਕਰਵਾਉਂਦੀ ਹੈ, ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਦੂਰ ਰਹਿੰਦੇ ਹੋਏ ਖੇਡਾਂ ਨਾਲ ਜੁੜ ਸਕੇ।
ਉਂਨ੍ਹਾਂ ਦੱਸਿਆ ਕਿ ਆਰ. ਕੇ ਆਰੀਆ ਕਾਲਜ ਦੀ ਗਰਾਊਂਡ ਵਿਚ ਸਾਡੀ ਡੇਲੀ ਮੌਰਨਿੰਗ ਫੁੱਟਬਾਲ ਕਲੱਬ ਦੇ ਖਿਡਾਰੀ ਅਕਸਰ ਖੇਡਦੇ ਸਨ ਤਾਂ ਕ੍ਰਿਕਟ ਮੈਚ ਚੱਲਣ 'ਤੇ ਕਈ ਵਾਰ ਸਾਨੂੰ ਗੇਮ ਵਿਚੋਂ ਹੀ ਛੱਡਣੀ ਪੈਂਦੀ ਸੀ। ਇਸੇ ਕਰਕੇ ਆਰ. ਕੇ ਆਰੀਆ ਕਾਲਜ ਦੇ ਪ੍ਰਿੰਸੀਪਲ ਪੁਨੀਤ ਅਨੇਜਾ, ਵਿਨੋਦ ਭਾਰਦਵਾਜ ਤੇ ਉਨ੍ਹਾਂ ਦੀ ਮੈਨੇਜਮੈਂਟ ਕਮੇਟੀ ਤੇ ਨਵਾਂਸ਼ਹਿਰ ਕ੍ਰਿਕਟ ਐਸੋਸੀਏਸ਼ਨ ਨੇ ਫ਼ੈਸਲਾ ਕੀਤਾ ਕਿ ਡੇਲੀ ਮੌਰਨਿੰਗ ਫੁੱਟਬਾਲ ਕਲੱਬ ਨਵਾਂਸ਼ਹਿਰ ਨੂੰ ਵੱਖਰੀ ਫੁੱਟਬਾਲ ਗਰਾਊਂਡ ਦਿੱਤੀ ਜਾਵੇ, ਜਿਸ ਦੀ ਦੇਖਭਾਲ ਫੁੱਟਬਾਲ ਕਲੱਬ ਹੀ ਕਰੇਗੀ।
ਸੋ ਅੱਜ ਬਸੰਤ ਪੰਚਮੀ 'ਤੇ ਨਵੀਂ ਗਰਾਊਂਡ ਮਿਲ਼ਣ ਦੀ ਖੁਸ਼ੀ ਵਿਚ ਡੇਲੀ ਮੌਰਨਿੰਗ ਫੁੱਟਬਾਲ ਕਲੱਬ ਨੇ ਫੁੱਟਬਾਲ ਦਾ ਮੈਚ ਕਰਵਾਇਆ।
ਇਹ ਮੈਚ ਅਵਤਾਰ ਸਿੰਘ ਇਲੈਵਨ ਅਤੇ ਮੁਖਤਿਆਰ ਰਾਏ ਇਲੈਵਨ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਪਹਿਲੇ ਹਾਫ਼ ਵਿਚ ਮੁਖਤਿਆਰ ਰਾਏ ਇਲੈਵਨ ਦੀ ਟੀਮ ਦੇ ਖਿਡਾਰੀਆਂ ਮੋਹਿਤ ਕਟਾਰੀਆ, ਤਰਸੇਮ ਲਾਲ, ਸਰਬਜੀਤ ਸਿੰਘ, ਵਿੱਕੀ ਗੁਰੂ ਪੁਸ਼ਕਰ ਨੇ ਵਨ-ਟੂ-ਵਨ ਬਾਲ ਬਣਾਉਂਦੇ ਹੋਏ ਇਕ ਬਾਲ ਕਟਿੰਗ ਕਰਦੇ ਹੋਏ ਤਰਸੇਮ ਲਾਲ ਨੇ ਮੁਖਤਿਆਰ ਰਾਏ ਨੂੰ ਪਾਇਆ ਜਿਸ ਨੇ ਬਹੁਤ ਹੀ ਵਧੀਆ ਸ਼ੂਟ ਮਾਰ ਕੇ ਗੋਲ ਕੀਤਾ।
ਇਸ ਤੋਂ ਬਾਅਦ ਦੂਸਰੇ ਹਾਫ ਵਿਚ ਅਵਤਾਰ ਸਿੰਘ ਇਲੈਵਨ ਦੀ ਟੀਮ ਦੇ ਖਿਡਾਰੀਆਂ ਮਿੰਟਾ ਗੁਜ਼ਰਪੁਰੀਆ, ਅਜੇ ਮਹਿਰਾ, ਸੁਖਵਿੰਦਰ ਸੁੱਖਾ, ਸੁਖਮੀਤ ਬਾਜਵਾ ਤੇ ਗੋਰੇ ਵੱਲੋਂ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਅੱਗੇ-ਪਿਛੇ ਪਾਸਿੰਗ ਕਰਦਿਆਂ ਸ਼ੂਟਿੰਗ 'ਤੇ ਸ਼ੂਟਿੰਗ ਕੀਤੀ ਗਈ ਪਰ ਤਰਸੇਮ ਲਾਲ ਤੇ ਸਰਬਜੀਤ ਸਿੰਘ ਦੀ ਵਧੀਆਂ ਡਿਫੈਂਸ ਕਰਕੇ ਕੋਈ ਵੀ ਗੋਲ ਨਹੀਂ ਕਰ ਸਕੇ। ਉਲਟਾ ਮੁਖਤਿਆਰ ਰਾਏ ਇਲੈਵਨ ਨੇ ਇਕ ਹੋਰ ਗੋਲ ਕਰ ਦਿੱਤਾ। ਇਸ ਦੇ ਨਾਲ ਹੀ ਮੈਚ ਦਾ ਸਮਾ ਸਮਾਪਤ ਹੋ ਗਿਆ।
ਇਸ ਤਰਾਂ ਬਸੰਤ ਪੰਚਮੀ ਦੇ ਸ਼ੁੱਭ ਮੌਕੇ ਤੇ ਨਵੀਂ ਗਰਾਉਂਡ ਮਿਲ਼ਣ ਦੀ ਖੁਸ਼ੀ ਵਿਚ ਕਰਵਾਏ ਮੈਂਚ ਨੂੰ 2-0 'ਤੇ ਮੁਖਤਿਆਰ ਰਾਏ ਇਲੈਵਨ ਦੀ ਟੀਮ ਨੇ ਜਿੱਤ ਲਿਆ।
ਸਮੂਹ ਕਲੱਬ ਦੇ ਖਿਡਾਰੀਆਂ ਵੱਲੋਂ ਨਵੀਂ ਗਰਾਊਂਡ ਮਿਲ਼ਣ ਦੀ ਖੁਸ਼ੀ 'ਤੇ ਬਸੰਤ ਪੰਚਮੀ ਦੀ ਖੁਸ਼ੀ ਵਿਚ ਵਧਾਈਆਂ ਦਿੱਤੀਆਂ ਗਈਆਂ ਤੇ ਪ੍ਰਧਾਨ ਅਜੇ ਮਹਿਰਾ ਵੱਲੋਂ ਦੋਵਾਂ ਟੀਮਾਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ ।
ਤਰਸੇਮ ਲਾਲ ਨੇ ਕਿਹਾ ਕਿ ਜੇ ਇਸੇ ਤਰ੍ਹਾਂ ਕਾਲਜ ਮੈਨੇਜਮੈਂਟ ਤੇ ਐਨ ਆਰ ਆਈਜ਼ ਤੇ ਦਾਨੀ ਵੀਰਾ ਦਾ ਸਹਿਯੋਗ ਰਿਹਾ ਤਾਂ ਸਾਡੀ ਡੇਲੀ ਮੌਰਨਿੰਗ ਫੁੱਟਬਾਲ ਕਲੱਬ ਨਵਾਂਸ਼ਹਿਰ ਇਕ ਦਿਨ ਨਵਾਂਸ਼ਹਿਰ ਵਿਚ ਫੁੱਟਬਾਲ ਅਕੈਡਮੀ ਜ਼ਰੂਰ ਬਣਾਏਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਖੁਸ਼ੀ ਦੇ ਮੌਕੇ 'ਤੇ ਬੂਟੇ ਜ਼ਰੂਰ ਲਗਾਉਣੇ ਚਾਹੀਦੇ ਹਨ।
ਇਸ ਮੌਕੇ ਕ੍ਰਿਕਟ ਕੋਚ ਨਵਾਂਸ਼ਹਿਰ ਇੰਦਰਪਾਲ, ਸੈਰ ਕਮੇਟੀ ਨਵਾਂਸ਼ਹਿਰ ਤੇ ਕਲੱਬ ਦੇ ਨਵੇਂ ਤੇ ਪੁਰਾਣੇ ਸਮੂਹ ਖਿਡਾਰੀਆਂ ਵਲੋ ਸੰਪੂਰਨ ਸਹਿਜੋਗ ਦਿੱਤਾ।