ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾਈ ਪ੍ਰਧਾਨ ਗੁਰਬਖਸ਼ ਕੌਰ ਸੰਘਾ ਨੂੰ ਇਨਕਲਾਬੀ ਨਾਹਰਿਆਂ ਨਾਲ ਦਿੱਤੀ ਅੰਤਮ ਵਿਦਾਇਗੀ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 21 ਦਸੰਬਰ ,2024 - ਅੱਜ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ )ਨਿਊਡੈਮੋਕਰੇਸੀ ,ਇਸਤਰੀ ਜਾਗ੍ਰਿਤੀ ਮੰਚ ਅਤੇ ਹੋਰ ਜਥੇਬੰਦੀਆਂ ਵਲੋਂ ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾਈ ਪ੍ਰਧਾਨ ਗੁਰਬਖਸ਼ ਕੌਰ ਸੰਘਾ ਨੂੰ ਜੋਸ਼ੀਲੇ ਇਨਕਲਾਬੀ ਨਾਹਰਿਆਂ ਨਾਲ ਅੰਤਮ ਵਿਦਾਇਗੀ ਦਿੱਤੀ ਗਈ।ਇਥੇ ਵਰਨਣਯੋਗ ਹੈ ਕਿ ਗੁਰਬਖਸ਼ ਕੌਰ ਸੰਘਾ (77) ਕਰੀਬ ਚਾਰ ਮਹੀਨੇ ਤੋਂ ਬਿਸਤਰ ਤੇ ਸਨ ਅਤੇ ਉਹਨਾਂ ਦਾ ਇਲਾਜ ਚੱਲ ਰਿਹਾ ਸੀ।ਸਿਹਤ ਖਰਾਬ ਹੋਣ ਕਾਰਨ ਉਹਨਾਂ ਨੂੰ 30 ਅਗਸਤ ਨੂੰ ਸੋਹਾਣਾ ਹਸਪਤਾਲ ਮੁਹਾਲੀ ਵਿਖੇ ਦਾਖਲ ਕਰਵਾਇਆ ਗਿਆ ਸੀ ਜਿੱਥੇ5 ਸਤੰਬਰ ਨੂੰ ਉਹਨਾਂ ਦੇ ਦਿਮਾਗ ਦੀ ਨਾੜੀ ਫਟ ਗਈ।ਉਸ ਦਿਨ ਤੋਂ ਬਾਅਦ ਉਹ ਅੰਤਮ ਸਮੇਂ ਤੱਕ ਬੋਲ ਨਹੀਂ ਸਕੇ।ਬੀਤੀ ਰਾਤ 11ਵਜੇ ਉਹਨਾਂ ਦਾ ਦੇਹਾਂਤ ਹੋ ਗਿਆ।ਅੱਜ ਪਿੰਡ ਸ਼ਹਾਬ ਪੁਰ ਦੇ ਸ਼ਮਸ਼ਾਨਘਾਟ ਵਿਖੇ ਉਹਨਾਂ ਦੀ ਮ੍ਰਿਤਕ ਦੇਹ ਦਾ ਸੰਸਕਾਰ ਕੀਤਾ ਗਿਆ।
ਉਹਨਾਂ ਦੀ ਚਿਖਾ ਨੂੰ ਅਗਨੀ ਉਹਨਾਂ ਦੀ ਪੁੱਤਰੀ ਨਵਦੀਪ ਕੌਰ ਨੇ ਲਗਾਈ।ਉਹਨਾਂ ਦੀ ਮ੍ਰਿਤਕ ਦੇਹ ਉੱਤੇ ਸੀ.ਪੀ ਆਈ (ਐਮ.ਐਲ)ਐਨ. ਡੀ,ਇਸਤਰੀ ਜਾਗ੍ਰਿਤੀ ਮੰਚ,ਸੀ.ਪੀ.ਆਈ,ਦੇਸ਼ ਭਗਤ ਯਾਦਗਾਰ ਜਲੰਧਰ,ਇਫਟੂ,ਕਿਰਤੀ ਕਿਸਾਨ ਯੂਨੀਅਨ, ਡੀ.ਟੀ.ਐਫ,ਪੇਂਡੂ ਮਜਦੂਰ ਯੂਨੀਅਨ, ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਝੰਡੇ ਪਾਕੇ ਸ਼ਰਧਾਂਜਲੀ ਦਿੱਤੀ ਗਈ।ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਦਰਸ਼ਨ ਸਿੰਘ ਖੱਟਕੜ,ਕਾਮਰੇਡ ਸਰਦਾਰਾ ਸਿੰਘ ਮਾਹਿਲ,ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾਈ ਸਕੱਤਰ ਅਮਨ ਦਿਓਲ,ਦੇਸ਼ ਭਗਤ ਯਾਦਗਾਰ ਜਲੰਧਰ ਦੇ ਪ੍ਰਧਾਨ ਅਜਮੇਰ ਸਿੰਘ ਸਮਰਾ,ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਸੁਰਿੰਦਰ ਕੁਮਾਰੀ ਕੋਛੜ,ਚਿਰੰਜੀ ਲਾਲ,ਇਫਟੂ ਦੇ ਸੂਬਾਈ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ,ਦਲਜੀਤ ਸਿੰਘ ਐਡਵੋਕੇਟ ਬਲਜਿੰਦਰ ਸਿੰਘ ਨੇ ਗੁਰਬਖਸ਼ ਕੌਰ ਦੇ ਸਦਾ ਲਈ ਤੁਰ ਜਾਣ ਨੂੰ ਬਹੁਤ ਵੱਡਾ ਘਾਟਾ ਕਰਾਰ ਦਿੱਤਾ ਹੈ।ਇਸ ਮੌਕੇ ਉਹਨਾਂ ਦੇ ਰਿਸ਼ਤੇਦਾਰ ਸਾਕਸਬੰਧੀ ਅਤੇ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ।