ਗੁਰਸਿੱਖ ਹਮੇਸ਼ਾ ਪ੍ਰਮਾਤਮਾ ਦੇ ਭਾਣੇ ਵਿੱਚ ਰਹਿੰਦਾ ਹੈ: ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ
ਅਸ਼ੋਕ ਵਰਮਾ
ਬਠਿੰਡਾ,21 ਦਸੰਬਰ 2024 :ਸੰਤ ਨਿਰੰਕਾਰੀ ਮੰਡਲ ਬਠਿੰਡਾ ਜੋਨ ਦ ਇੰਚਾਰਜ ਸ੍ਰੀ ਐਸ ਪੀ ਦੁੱਗਲ ਨੇ ਪੈ੍ਸ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਸਤਿਕਾਰਯੋਗ ਨਿਰੰਕਾਰੀ ਰਾਜਪਿਤਾ ਰਮਿਤ ਦੀ ਰਹਿਨੁਮਾਈ ਹੇਠ ਬਠਿੰਡਾ ਹਾਈਵੇ ਤੇ ਪਿੰਡ ਦੌਲਾ ਦੇ ਨੇੜੇ ਗਿੱਦੜਬਾਹਾ ਦੇ ਸੰਤ ਨਿਰੰਕਾਰੀ ਸਤਿਸੰਗ ਭਵਨ ਦੀ ਨਵੀਂ ਲਈ ਜਗ੍ਹਾ ਵਿਖੇ ਵਿਸ਼ਾਲ ਨਿਰੰਕਾਰੀ ਸੰਤ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਆਨੰਦ ਪ੍ਰਾਪਤ ਕੀਤਾ। ਇਸ ਸਮਾਗਮ ਦੌਰਾਨ ਪ੍ਰਵਚਨਾਂ ਵਿੱਚ ਫਰਮਾਉਂਦੇ ਹੋਏ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਕਿਹਾ ਕਿ ਪ੍ਰਮਾਤਮਾ ਨੂੰ ਕਿਸੇ ਵੀ ਨਾਮ ਨਾਲ ਪੁਕਾਰਿਆ ਜਾਵੇ ਪ੍ਰਮਾਤਮਾ ਇੱਕ ਹੈ ਅਤੇ ਹਰ ਜਗ੍ਹਾ ਮੌਜੂਦ ਹੈ। ਇਨਸਾਨੀ ਜੀਵਨ ਜੋ ਮਿਲਿਆ ਹੈ ਇਸਦਾ ਇਕੋ ਇੱਕ ਮਕਸਦ ਹੈ ਪ੍ਰਮਾਤਮਾ ਦੀ ਜਾਣਕਾਰੀ ਹਾਸਲ ਕਰਨਾ।
ਬ੍ਰਹਮਗਿਆਨ ਦੀ ਪ੍ਰਾਪਤੀ ਕਰਕੇ ਇਸ ਜੀਵਨ ਦਾ ਮੁੱਖ ਉਦੇਸ਼ ਪੂਰਾ ਕੀਤਾ ਜਾ ਸਕਦਾ ਹੈ। ਸਰੀਰ ਦੇ ਆਕਾਰ ਨਾਲ ਹੀ ਮਾਨਵ ਨਹੀਂ ਬਣਨਾ ਸਗੋਂ ਮਾਨਵੀ ਗੁਣਾਂ ਮਿਲਵਰਤਨ, ਪਿਆਰ, ਪ੍ਰੀਤ, ਕਰੁਣਾ,ਨਿਮਰਤਾ, ਵਿਸ਼ਾਲਤਾ ਆਦਿ ਨੂੰ ਅਪਣਾ ਕੇ ਹੀ ਮਾਨਵ ਬਣਨਾ ਹੈ। ਮਾਇਆ ਪੱਖੋਂ ਭਗਤ ਕੋਲ ਬੇਸ਼ੱਕ ਸੁੱਖ ਸਹੂਲਤਾਂ ਘੱਟ ਹੋਣ ਪਰ ਫਿਰ ਵੀ ਭਗਤ ਹਮੇਸ਼ਾ ਨਿਰੰਕਾਰ ਦੇ ਭਾਣੇ ਵਿੱਚ ਰਹਿੰਦਾ ਹੈ। ਅਸੀਂ ਸਭ ਨੇ ਪੇ੍ਮਾ ਭਗਤੀ ਨੂੰ ਹੀ ਪਹਿਲ ਦੇਣੀ ਹੈ। ਵਧੀਆ ਜੀਵਨ ਬਤੀਤ ਕਰਦਿਆਂ ਅਗਰ ਇਨਸਾਨ ਨਾਲ ਕੋਈ ਅਣਹੋਣੀ ਹੋ ਵੀ ਜਾਵੇ ਤਾਂ ਪ੍ਰਮਾਤਮਾ ਨੂੰ ਦੋਸ਼ੀ ਨਹੀਂ ਮੰਨਣਾ ਭਾਵ ਕੋਈ ਸ਼ਿਕਵਾ ਨਹੀਂ ਕਰਨਾ ਸਗੋਂ ਪ੍ਰਮਾਤਮਾ ਤੋਂ ਭਾਣਾ ਮੰਨਣ ਦੀ ਤਾਕਤ ਮੰਗਣੀ ਹੈ।
ਸਤਿਗੁਰੂ ਮਾਤਾ ਜੀ ਨੇ ਉਦਾਹਰਨ ਦਿੰਦੇ ਹੋਏ ਸਮਝਾਇਆ ਕਿ ਖੀਰ ਸਫ਼ੇਦ ਹੁੰਦੀ ਹੈ ਅਗਰ ਖੀਰ ਵਿੱਚ ਇੱਕ ਕਾਲਾ ਵਾਲ ਵੀ ਨਜ਼ਰ ਆ ਜਾਵੇ ਤਾਂ ਸਾਰਾ ਧਿਆਨ ਉਸ ਵਾਲ ਉੱਤੇ ਕੇਂਦਰਿਤ ਹੋ ਜਾਂਦਾ ਹੈ ਅਤੇ ਕਟੋਰੀ ਪਾਸੇ ਰੱਖ ਦਿੱਤੀ ਜਾਂਦੀ ਹੈ ਪਰ ਕਈ ਵਾਰ ਉਸ ਵਾਲ ਨੂੰ ਹਟਾਇਆ ਵੀ ਜਾ ਸਕਦਾ ਹੈ। ਉਸੇ ਤਰ੍ਹਾਂ ਪ੍ਰਮਾਤਮਾ ਨੇ ਜੇਕਰ ਸਾਨੂੰ ਕੁਝ ਐਸੇ ਹਾਲਾਤ ਦਿੱਤੇ ਹਨ ਜੋ ਸਾਨੂੰ ਚੰਗੇ ਨਹੀਂ ਲੱਗ ਰਹੇ ਜਾਂ ਸਾਡੇ ਮੁਤਾਬਕ ਨਹੀਂ ਹਨ ਤਾਂ ਅਸੀਂ ਉਹਨਾਂ ਹਾਲਾਤਾਂ ਤੋਂ ਭੱਜਣਾ ਨਹੀਂ ਹੈ ਬਲਕਿ ਉਹਨਾਂ ਹਾਲਾਤਾਂ ਨੂੰ ਵੀ ਪ੍ਰਭੂ ਦੀ ਰਜਾ ਸਮਝਦਿਆਂ ਹੋਇਆਂ ਖੁਸ਼ੀ ਖੁਸ਼ੀ ਸਵਿਕਾਰ ਕਰਨਾ ਹੈ।
ਇਸ ਮੌਕੇ ਜੋਨਲ ਇੰਚਾਰਜ ਫਿਰੋਜਪੁਰ ਐਨ.ਐਸ. ਗਿੱਲ ਅਤੇ ਗਿੱਦੜਬਾਹਾ ਬਰਾਂਚ ਦੇ ਮੁਖੀ ਦਲਬੀਰ ਸਿੰਘ ਨੇ ਸੰਗਤਾਂ ਦੀ ਤਰਫੋਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਸਤਿਕਾਰਯੋਗ ਰਾਜਪਿਤਾ ਰਮਿਤ ਜੀ ਦਾ ਇੱਥੇ ਪਹੁੰਚਣ ਤੇ ਨਿੱਘਾ ਸਵਾਗਤ ਅਤੇ ਸ਼ੁਕਰਾਨਾ ਕੀਤਾ। ਰਾਜਿੰਦਰ ਅਰੋੜਾ ਖੇਤਰੀ ਸੰਚਾਲਕ ਸ਼੍ਰੀ ਮੁਕਤਸਰ ਸਾਹਿਬ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਮੂਹ ਸਥਾਨਕ ਸੰਯੋਜਕਾਂ, ਮੁਖੀਆਂ ਅਤੇ ਸੇਵਾਦਲ ਦੇ ਅਧਿਕਾਰੀਆਂ ਅਤੇ ਮੈਬਰਾਂ ਤੋ ਇਲਾਵਾ ਵੱਖ ਵੱਖ ਧਾਰਮਿਕ, ਸਮਾਜਿਕ, ਵਪਾਰਿਕ ਅਤੇ ਰਾਜਨੀਤਿਕ ਸੰਸਥਾਵਾਂ ਤੋ ਆਏ ਹੋਏ ਪੰਤਵੰਤੇ ਸੱਜਣਾਂ, ਨਗਰ ਕੌਂਸਲ ਗਿੱਦੜਬਾਹਾ, ਜਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਆਦਿ ਸਾਰੇ ਹੀ ਸਹਿਯੋਗੀ ਸੱਜਣਾਂ ਦਾ ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ।