ਹੜ੍ਹ ਦੀ ਸਥਿਤੀ 'ਤੇ ਰਾਣਾ ਇੰਦਰਪ੍ਰਤਾਪ ਨੇ ਸਰਕਾਰ ਨੂੰ ਘੇਰਿਆ, ਕਈ ਪਿੰਡ ਪ੍ਰਭਾਵਿਤ
ਜਲੰਧਰ, ਅਗਸਤ 14, 2025 - ਪੰਜਾਬ ਵਿੱਚ ਹੜ੍ਹਾਂ ਵਰਗੇ ਬਣੇ ਹਾਲਾਤਾਂ ਕਾਰਨ ਪੈਦਾ ਹੋਈ ਤਬਾਹੀ ਨੂੰ ਲੈ ਕੇ ਸਾਬਕਾ ਮੰਤਰੀ ਅਤੇ ਆਗੂ ਰਾਣਾ ਇੰਦਰਪ੍ਰਤਾਪ ਸਿੰਘ ਨੇ ਸਰਕਾਰ 'ਤੇ ਸਖ਼ਤ ਹਮਲਾ ਕੀਤਾ ਹੈ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਾਰ ਲੈਣ ਵਿੱਚ ਅਸਫਲ ਰਹੀ ਹੈ। ਉਨ੍ਹਾਂ ਮੁਤਾਬਕ, ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਬਾਵਜੂਦ ਕੋਈ ਵੀ ਮੰਤਰੀ ਜਾਂ ਸਰਕਾਰੀ ਨੁਮਾਇੰਦਾ ਪ੍ਰਭਾਵਿਤ ਇਲਾਕਿਆਂ ਵਿੱਚ ਨਹੀਂ ਪਹੁੰਚਿਆ।
ਮੁਆਵਜ਼ੇ ਅਤੇ ਡੈਮ ਪ੍ਰਬੰਧਨ 'ਤੇ ਸਵਾਲ
ਰਾਣਾ ਇੰਦਰਪ੍ਰਤਾਪ ਨੇ ਕਿਹਾ ਕਿ ਪਿਛਲੀਆਂ ਹੜ੍ਹਾਂ ਵਿੱਚ ਤਬਾਹ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਅਜੇ ਤੱਕ ਕਿਸਾਨਾਂ ਨੂੰ ਨਹੀਂ ਮਿਲਿਆ। ਉਨ੍ਹਾਂ ਨੇ ਸਰਕਾਰ ਦੀ ਬਿਨ੍ਹਾਂ ਪਲਾਨਿੰਗ ਡੈਮ ਦੇ ਗੇਟ ਖੋਲ੍ਹਣ ਦੀ ਨੀਤੀ 'ਤੇ ਵੀ ਸਵਾਲ ਚੁੱਕੇ ਹਨ, ਜਿਸ ਕਾਰਨ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧ ਗਿਆ ਅਤੇ ਦਰਜਨਾਂ ਪਿੰਡਾਂ ਵਿੱਚ ਤਬਾਹੀ ਮਚ ਗਈ। ਉਨ੍ਹਾਂ ਦੱਸਿਆ ਕਿ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਪਾਣੀ ਭਰਨ ਨਾਲ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਗਈ ਹੈ।
ਲੋਕ ਸੁਰੱਖਿਅਤ ਥਾਵਾਂ ਵੱਲ ਜਾਣ ਲਈ ਮਜਬੂਰ
ਹੜ੍ਹ ਦਾ ਪਾਣੀ ਰਿਹਾਇਸ਼ੀ ਇਲਾਕਿਆਂ ਵਿੱਚ ਵੜ ਜਾਣ ਕਾਰਨ ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਮਜਬੂਰ ਹਨ। ਰਾਣਾ ਇੰਦਰਪ੍ਰਤਾਪ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਤੁਰੰਤ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਵੇ ਅਤੇ ਉਨ੍ਹਾਂ ਨੂੰ ਰਾਹਤ ਪਹੁੰਚਾਏ। ਉਨ੍ਹਾਂ ਨੇ ਸਰਕਾਰ ਨੂੰ ਹੜ੍ਹਾਂ ਤੋਂ ਬਚਾਅ ਲਈ ਪੱਕੇ ਹੱਲ ਲੱਭਣ ਦੀ ਵੀ ਅਪੀਲ ਕੀਤੀ ਹੈ।