ਹਾਰਲੇ ਮੋਟਰਸਾਈਕਲ ਨਾਲ ਸਨਮਾਨਿਆ ਕੌਮਾਂਤਰੀ ਕੱਬਡੀ ਖਿਡਾਰੀ ਕਰਨ ਦਿਆਲਪੁਰਾ
ਅਸ਼ੋਕ ਵਰਮਾ
ਬਠਿੰਡਾ,19ਮਾਰਚ2025:ਵਿਧਾਨ ਸਭਾ ਰਾਮਪੁਰਾ ਫੂਲ ਅਧੀਨ ਪੈਂਦੇ ਪਿੰਡ ਦਿਆਲਪੁਰਾ ਮਿਰਜੇ ਨਿਵਾਸੀ ਕੌਮਾਂਤਰੀ ਕਬੱਡੀ ਖਿਡਾਰੀ ਗੁਰਕਰਨਜੋਤ ਸਿੰਘ ਚਹਿਲ ਉਰਫ਼ ਕਰਨ ਦਿਆਲਪੁਰਾ ਨੂੰ ਹਾਰਲੇ ਡੇਵਿਡਸਨ ਮੋਟਰਸਾਈਕਲ ਨਾਲ ਸਨਮਾਨਿਆ ਗਿਆ ਹੈ। ਗੁਰਦਾਸਪੁਰ ਲਾਈਨਜ਼ ਕੱਬਡੀ ਅਕੈਡਮੀ ਵਿੱਚ ਖੇਡ ਰਿਹਾ ਕਰਨ ਦਿਆਲਪੁਰਾ ਆਪਣੀ ਸਫਲਤਾ ਦਾ ਸਿਹਰਾ ਅਪਣੇ ਪਰਿਵਾਰ ਨੂੰ ਦਿੰਦਿਆ ਕਹਿੰਦਾ ਹੈ ਕਿ ਮਾਪਿਆਂ ਅਤੇ ਪਰਿਵਾਰ ਦੇ ਸਹਿਯੋਗ ਤੇ ਹੱਲਾਸ਼ੇਰੀ ਤੋ ਬਿਨਾਂ ਇਹ ਸਫਲਤਾ ਮਿਲਣੀ ਮੁਸ਼ਕਿਲ ਸੀ। ਸਤੰਬਰ 2001 ਵਿੱਚ ਪਿਤਾ ਰਾਜਪਾਲ ਸਿੰਘ ਚਹਿਲ ਅਤੇ ਮਾਤਾ ਹਰਜਿੰਦਰ ਕੌਰ ਚਹਿਲ ਦੇ ਘਰ ਪਿੰਡ ਦਿਆਲਪੁਰਾ ਮਿਰਜ਼ਾ ਜਿਲ੍ਹਾ ਬਠਿੰਡਾ ਵਿਖੇ ਜਨਮੇ ਕਰਨ ਚਹਿਲ ਨੇ ਬਾਹਰਵੀਂ ਜਮਾਤ ਸਨਰਾਇਜ਼ ਸਕੂਲ ਭਾਈਰੂਪਾ ਅਤੇ ਬੀ ਏ ਖਾਲਸਾ ਕਾਲਜ ਭਗਤਾ ਭਾਈਕ ਤੋ ਪਾਸ ਕੀਤੀ ਸੀ । ਕਰਨ ਨੇ ਦੱਸਿਆ ਕਿ ਨਿੱਕੇ ਹੁੰਦਿਆਂ ਟੂਰਨਾਮੈਂਟ ਦੇਖਦਿਆਂ ਉਸ ਦੇ ਅੰਦਰ ਕਬੱਡੀ ਖੇਡਣ ਦੀ ਚਿਣਗ ਜਾਗੀ ਅਤੇ ਪਤਾ ਹੀ ਨਹੀਂ ਲੱਗਿਆ ਉਹ ਕਦੋਂ ਕਬੱਡੀ ਖੇਡਣ ਲੱਗ ਗਿਆ ।
ਕਰਨ ਦੱਸਦਾ ਹੈ ਸੈਂਕੜੇ ਛੋਟੇ ਵੱਡੇ ਕੱਬਡੀ ਟੂਰਨਾਮੈਂਟਾਂ ਸਮੇਤ ਹੁਣ ਤੱਕ ਇੰਗਲੈਂਡ , ਕਨੇਡਾ , ਅਤੇ ਸਾਈਪ੍ਰਸ ਦੇਸ਼ਾਂ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਹਿੱਸਾ ਲੈ ਚੁੱਕਿਆ ਹੈ । ਇਸ ਮੌਕੇ ਕਰਨ ਨੇ ਖੇਡ ਕਬੱਡੀ ਨਾਲ ਜੁੜੇ ਆਪਣੇ ਪ੍ਰਸ਼ੰਸ਼ਕਾਂ ਅਤੇ ਹੌਸਲਾ ਅਫਜ਼ਾਈ ਕਰਨ ਵਾਲਿਆਂ ਅਤੇ ਸਮੂਹ ਖੇਡ ਪਰਮੋਟਰਾਂ ਦਾ ਧੰਨਵਾਦ ਕੀਤਾ ਹੈ। ਕਰਨ ਨੇ ਕਿਹਾ ਕਿ ਅੱਜ ਦੇ ਦੌਰ ਚ ਖੇਡਾਂ ਹੀ ਹਨ ਜਿਹੜੀਆਂ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਅਲਾਮਤਾਂ ਤੋ ਦੂਰ ਰੱਖ ਸਕਦੀਆਂ ਹਨ । ਉਨ੍ਹਾਂ ਨਵੀਂ ਪੀੜ੍ਹੀ ਨੂੰ ਅਪਣਾ ਵੱਧ ਤੋਂ ਵੱਧ ਸਮਾਂ ਖੇਡਾਂ ਨੂੰ ਦੇਣ ਦੀ ਅਪੀਲ ਵੀ ਕੀਤੀ। ਆਪਣੇ ਪੋਤਰੇ ਦੀਆਂ ਪ੍ਰਾਪਤੀਆਂ ਤੇ ਮਾਣ ਮਹਿਸੂਸ ਕਰਦਿਆਂ ਕਰਨ ਦੇ ਦਾਦਾ ਦਾਦੀ ਬਲਵਿੰਦਰ ਸਿੰਘ ਚਹਿਲ ਅਤੇ ਜਸਵਿੰਦਰ ਕੌਰ ਚਹਿਲ ਨੇ ਦੱਸਿਆ ਕਿ ਕਰਨ ਹੁਣ ਤੱਕ ਪੰਦਰਾਂ ਦੇ ਕਰੀਬ ਮੋਟਸਾਈਕਲ ਜਿੱਤੇ ਹਨ। ਉਨ੍ਹਾਂ ਦੱਸਿਆ ਕਿ ਸੈਕੜੇ ਮੈਚਾਂ ਚ ਵਧੀਆ ਕਬੱਡੀ ਰੇਡਰ ਵਜੋਂ ਆਪਣੀ ਮੌਜੂਦਗੀ ਦਰਜ ਕਰਵਾਈ ਹੈ । ਉਨ੍ਹਾਂ ਦੱਸਿਆ ਕਿ ਹੁਣ ਪਿੰਡ ਅਕਬਰਪੁਰ ਜਿਲ੍ਹਾ ਕਪੂਰਥਲਾ ਵਿਖੇ ਕਬੱਡੀ ਪ੍ਰੇਮੀਆਂ ਨੇ ਕਰਨ ਦਾ ਹਾਰਲੇ ਡੈਵਿਡਸਨ ਮੋਟਰਸਾਈਕਲ ਨਾਲ ਵਿਸ਼ੇਸ਼ ਸਨਮਾਨ ਕੀਤਾ ਹੈ।