ਸੂਰਿਆ ਘਰ ਯੋਜਨਾ ਦੇ ਤਹਿਤ ਇੱਕ ਕਰੋੜ ਦੀ ਗ੍ਰਾਂਟ ਲਈ ਚਾਰ ਪਿੰਡ ਮੁਕਾਬਲਾ ਕਰਨਗੇ
ਹਰਜਿੰਦਰ ਸਿੰਘ ਭੱਟੀ
- ਸਭ ਤੋਂ ਵੱਧ ਸੂਰਜੀ ਊਰਜਾ ਦੀ ਵਰਤੋਂ ਵਾਲੇ ਪਿੰਡ ਦਾ ਮੁਲਾਂਕਣ ਕਰਨ ਲਈ ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਨ
ਐਸ.ਏ.ਐਸ.ਨਗਰ, 12 ਮਾਰਚ 2025 - ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ 5000 ਤੋਂ ਵੱਧ ਆਬਾਦੀ ਵਾਲੇ ਪਿੰਡਾਂ ਵਿੱਚ ਸੂਰਜੀ ਊਰਜਾ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਚਾਰ ਪਿੰਡਾਂ; ਖਿਜ਼ਰਾਬਾਦ (ਮਾਜਰੀ ਬਲਾਕ) ਅਤੇ ਬਹਿਲੋਲਪੁਰ, ਬੜਮਾਜਰਾ ਅਤੇ ਜਗਤਪੁਰਾ (ਮੁਹਾਲੀ ਬਲਾਕ) ਨੂੰ ਚੁਣਿਆ ਗਿਆ ਹੈ, ਜਿਨ੍ਹਾਂ ਦੇ ਹਰੇਕ ਘਰ ਦੀ ਸੋਲਰ ਵਰਤੋਂ ਦਾ ਮੁਲਾਂਕਣ ਛੇ ਮਹੀਨਿਆਂ ਬਾਅਦ ਜ਼ਿਲ੍ਹਾ ਪੱਧਰੀ ਕਮੇਟੀ ਵੱਲੋਂ ਕੀਤਾ ਜਾਵੇਗਾ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੋਨਮ ਚੌਧਰੀ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਕਮੇਟੀ ਦੀ ਅਗਵਾਈ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਕਰਨਗੇ, ਜਿਸ ਵਿੱਚ ਸੁਪਰਡੈਂਟ ਇੰਜਨੀਅਰ ਪੀ.ਐਸ.ਪੀ.ਸੀ.ਐਲ., ਡੀ.ਡੀ.ਪੀ.ਓ., ਜ਼ਿਲ੍ਹਾ ਲੀਡ ਬੈਂਕ ਮੈਨੇਜਰ, ਸੁਪਰਡੈਂਟ ਇੰਜੀਨੀਅਰ ਡਿਸਕਾਮ, ਜ਼ਿਲ੍ਹਾ ਮੈਨੇਜਰ ਪੇਡਾ, ਨਗਰ ਨਿਗਮ ਪ੍ਰਧਾਨ ਡੇਰਾਬੱਸੀ ਅਤੇ ਸਰਪੰਚ ਬਡਮਾਜਰਾ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਸਬੰਧਤ ਪੰਚਾਇਤਾਂ ਵੱਲੋਂ ਚੁਣੇ ਗਏ ਪਿੰਡਾਂ ਨੂੰ ਵਾਤਾਵਰਣ ਨੂੰ ਸ਼ੁੱਧ ਰੱਖ ਕੇ ਊਰਜਾ ਅਤੇ ਸਰੋਤਾਂ ਦੀ ਬੱਚਤ ਕਰਨ ਲਈ ਵਿਅਕਤੀਗਤ ਘਰਾਂ ਲਈ ਸੂਰਜੀ ਊਰਜਾ ਅਤੇ ਬਾਇਓ ਗੈਸ ਪਲਾਂਟਾਂ ਦੀ ਵਰਤੋਂ ਕਰਨ ਲਈ ਜਾਗਰੂਕ ਕੀਤਾ ਜਾਵੇਗਾ।
ਛੇ ਮਹੀਨਿਆਂ ਦੇ ਸਮੇਂ ਤੋਂ ਬਾਅਦ ਕਮੇਟੀ ਦੁਆਰਾ ਸੋਲਰ ਰੂਫਟਾਪ ਕਵਰੇਜ, ਸੋਲਰ ਪੰਪ, ਸਟਰੀਟ ਲਾਈਟਾਂ ਅਤੇ ਬਾਇਓਗੈਸ ਪਲਾਂਟ ਦੀ ਵੱਧ ਤੋਂ ਵੱਧ ਕਵਰੇਜ ਦੀ ਜਾਂਚ ਕਰਨ ਲਈ ਇੱਕ ਮੁਲਾਂਕਣ ਕੀਤਾ ਜਾਵੇਗਾ ਅਤੇ ਸੋਲਰ ਰੂਫਟਾਪ ਅਤੇ ਹੋਰ ਪ੍ਰਣਾਲੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਵਾਲੇ ਤੇ ਬਾਇਓਗੈਸ ਪਲਾਂਟ ਵਾਲਾ ਪਿੰਡ ਕੇਂਦਰੀ ਵਿੱਤੀ ਸਹਾਇਤਾ ਵਜੋਂ ਵਜੋਂ 1 ਕਰੋੜ ਰੁਪਏ ਦੀ ਗ੍ਰਾਂਟ ਲਈ ਹੱਕਦਾਰ ਹੋਵੇਗਾ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸੂਰਜ ਘਰ ਯੋਜਨਾ ਤਹਿਤ ਵਿਅਕਤੀ 3 ਕਿਲੋਵਾਟ ਸੋਲਰ ਸਿਸਟਮ ਤੱਕ 78,000 ਰੁਪਏ ਦੀ ਸਬਸਿਡੀ ਲਈ ਯੋਗ ਹਨ। ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਕੋਈ ਵੀ ਭਾਰਤ ਸਰਕਾਰ ਦੀ pmsuryaghar ਵੈੱਬਸਾਈਟ 'ਤੇ ਜਾ ਸਕਦਾ ਹੈ।
ਏ.ਡੀ.ਸੀ. ਨੇ ਚੁਣੇ ਗਏ ਪਿੰਡਾਂ ਦੇ ਵਸਨੀਕਾਂ ਨੂੰ ਸੋਲਰ ਮਾਡਲ ਪਿੰਡ ਦਰਜਾ ਪ੍ਰਾਪਤ ਕਰਨ ਲਈ ਵੱਧ ਤੋਂ ਵੱਧ ਸੋਲਰ ਸਿਸਟਮ ਨੂੰ ਅਪਣਾਉਣ ਦੀ ਅਪੀਲ ਕੀਤੀ ਹੈ।