ਸੀਵਰੇਜ਼ ਟਰੀਟਮੈਂਟ ਪਲਾਂਟ ਲੱਗਣ ਨਾਲ ਛੱਪੜਾਂ ਦੇ ਗੰਦੇ ਪਾਣੀ ਤੋਂ ਮਿਲੇਗੀ ਰਾਹਤ : ਵਿਧਾਇਕ ਅਮਿਤ ਰਤਨ
ਅਸ਼ੋਕ ਵਰਮਾ
ਬਠਿੰਡਾ 22 ਦਸੰਬਰ 2024 : ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਕੋਟ ਫਤਾਂ ਨੇ ਆਖਿਆ ਹੈ ਕਿ ਪਿੰਡ ਕੋਟਸ਼ਮੀਰ ਵਿੱਚ ਸੀਵਰੇਜ ਟਰੀਟਮੈਂਟ ਪਲਾਂਟ ਲੱਗਣ ਨਾਲ ਪਿੰਡ ਵਾਸੀਆਂ ਨੂੰ ਛੱਪੜਾਂ ਦੇ ਗੰਦੇ ਪਾਣੀ ਤੋਂ ਵੱਡੀ ਪੱਧਰ ਤੇ ਰਾਹਤ ਮਿਲੇਗੀ। ਉਨਾਂ ਦੱਸਿਆ ਕਿ ਪਿੰਡ ਦੇ ਇਹ ਚਾਰੋਂ ਛੱਪੜ ਸੁੰਦਰਤਾ ਤੇ ਗ੍ਰਹਿਣ ਹਨ ਜਿਸ ਨੂੰ ਹੁਣ ਸਾਢੇ 19 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ਼ ਟਰੀਟਮੈਂਟ ਪਲਾਂਟ ਸਥਾਪਤ ਕਰਕੇ ਇਸ ਗੰਦਗੀ ਨੂੰ ਹਟਾਇਆ ਜਾ ਰਿਹਾ ਹੈ। ਵਿਧਾਇਕ ਅਮਿਤ ਰਤਨ ਪਿੰਡ ਕੋਟ ਸ਼ਮੀਰ ਵਿੱਚ ਪੁੱਜੇ ਸਨ ਜਿੱਥੇ ਉਨਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।ਦੱਸਣ ਯੋਗ ਹੈ ਕਿ ਨਗਰ ਪੰਚਾਇਤ ਪ੍ਰਧਾਨ ਰਮਨਦੀਪ ਕੌਰ ਸਿੱਧੂ ਦੇ ਪੁੱਤਰ ਬਲਦੀਪ ਸਿੰਘ ਸਿੱਧੂ, ਮੀਤ ਪ੍ਰਧਾਨ ਜਸਕਰਨ ਸਿੰਘ ਸੈਕਟਰੀ ਤੇ ਸਮੂਹ ਕੌਂਸਲਰਾਂ ਵੱਲੋਂ ਹਲਕੇ ਦੇ ਵਿਧਾਇਕ ਇੰਜੀ: ਅਮਿਤ ਰਤਨ ਕੋਟਫੱਤਾ ਨਾਲ ਮਿਲ ਕੇ ਨਗਰ ਵਿੱਚ ਲੱਗਣ ਵਾਲੇ ਟ੍ਰੀਟਮੈਂਟ ਪਲਾਂਟ ਲਈ ਸਾਢੇ 19 ਕਰੋੜ ਦੀ ਗ੍ਰਾਂਟ ਪੰਜਾਬ ਤੇ ਕੇਂਦਰ ਸਰਕਾਰ ਤੋਂ ਜਾਰੀ ਕਰਵਾਈ ਹੈ। ਨਗਰ ਵਿੱਚ ਲੱਗਣ ਜਾ ਰਹੇ ਟ੍ਰੀਟਮੈਂਟ ਪਲਾਂਟ ਲਈ ਟੈਂਡਰ ਹੋ ਚੁੱਕੇ ਹਨ।
ਇਸ ਕੰਮ ਦਾ ਜਾਇਜ਼ਾ ਲੈਣ ਲਈ ਬਠਿੰਡਾ ਦਿਹਾਤੀ ਦੇ ਵਿਧਾਇਕ ਇੰਜੀ.ਅਮਿੱਤ ਰਤਨ ਕੋਟਫੱਤਾ ਕੋਟਸ਼ਮੀਰ ਚ ਪਹੁੰਚੇ ਤੇ ਨਗਰ ਪੰਚਾਇਤ ਤੇ ਨਗਰ ਨਿਵਾਸੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਨਗਰ ਪੰਚਾਇਤ ਪ੍ਰਧਾਨ ਰਮਨਦੀਪ ਕੌਰ ਦੇ ਪੁੱਤਰ ਬਲਦੀਪ ਸਿੰਘ ਸਿੱਧੂ ਨੇ ਟ੍ਰੀਟਮੈਂਟ ਪਲਾਂਟ ਦੀ ਪੂਰੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅਗਲੇ ਪੰਜ ਸਾਲ ਇਸ ਟ੍ਰੀਟਮੈਂਟ ਪਲਾਂਟ ਦੀ ਦੇਖਭਾਲ ਲਈ ਪੰਜ ਕਰੋੜ ਦੀ ਰਾਸ਼ੀ ਰੱਖੀ ਗਈ ਹੈ। ਇਸ ਮੌਕੇ ਆਗੂਆਂ ਨੇ ਪਿਛਲੇ ਦਿਨੀ ਮੀਡੀਆ ਵਿੱਚ ਆਈਆਂ ਉਹਨਾਂ ਰਿਪੋਰਟਾਂ ਦਾ ਖੰਡਨ ਕੀਤਾ ਜਿਸ ਵਿੱਚ ਆਖਿਆ ਗਿਆ ਸੀ ਕਿ 18 ਕਰੋੜ ਦੀ ਲਾਗਤ ਨਾਲ ਪਿੰਡ ਕੋਟ ਸ਼ਮੀਰ ਵਿੱਚ ਸੀਵਰੇਜ ਪਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਹ ਸੀਵਰੇਜ਼ ਸਿਸਟਮ ਨਹੀਂ ਵਿਛਾਉਣਾ ਬਲਕਿ ਸੀਵਰੇਜ਼ ਟਰੀਟਮੈਂਟ ਪਲਾਂਟ ਲੱਗਣ ਜਾ ਰਿਹਾ ਹੈ।ਇਸ ਮੌਕੇ ਨਗਰ ਪੰਚਾਇਤ ਦੇ ਮੀਤ ਪ੍ਰਧਾਨ ਜਸਕਰਨ ਸਿੰਘ ਸੈਕਟਰੀ, ਕੌਂਸਲਰ ਜਗਰੂਪ ਸਿੰਘ ਗਿੱਲ, ਕੌਂਸਲਰ ਕਾਕਾ ਸਿੰਘ, ਕੌਂਸਲਰ ਹਰਦੀਪ ਕੌਰ ਦੇ ਪਤੀ ਹਰਭਜਨ ਸਿੰਘ,ਹਰਚਰਨ ਸਿੰਘ ਸੇਮੀ, ਅਮਰੀਕ ਸਿੰਘ ਮੈਂਬਰ,ਗੁਰਾਂਦਿੱਤਾ ਸਿੰਘ ਖਾਲਸਾ ਤੇ ਕਿਸਾਨ ਆਗੂ ਜਗਰੂਪ ਸਿੰਘ ਰੂਪਾ ਤੋਂ ਇਲਾਵਾ ਵੱਡੀ ਗਿਣਤੀ ਨਗਰ ਨਿਵਾਸੀ ਹਾਜ਼ਰ ਸਨ।