ਸਿੱਧੀ ਗੱਲ: ਡਾਲਰ ਲਿਆਓ ਪੀ. ਆਰ. ਪਾਓ: ਨਿਊਜ਼ੀਲੈਂਡ ਨੇ ਨਿਵੇਸ਼ਕਾਂ ਲਈ ਕੱਢੀ 5 ਤੇ 10 ਮਿਲੀਅਨ ਡਾਲਰ ਵਾਲੀ ਸੌਖੀ ਸਕੀਮ
- ਘੱਟੋ-ਘੱਟ 5 ਮਿਲੀਅਨ (24-25 ਕਰੋੜ ਰੁਪਏ) ਕਰੋ ਨਿਵੇਸ਼
- ਨਿਵੇਸ਼ਕ ਨੂੰ ਲੰਬਾ ਸਮਾਂ ਇਥੇ ਰਹਿਣ ਦੀ ਲੋੜ ਨਹੀਂ
- ਵਿੱਤੀ ਸਾਲ ਦੇ ਆਰੰਭ (01 ਅਪ੍ਰੈਲ 2025) ਤੋਂ ਤਬਦੀਲੀ ਹੋਵੇਗੀ ਲਾਗੂ
ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 10 ਫਰਵਰੀ 2025:-ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਵਿਦੇਸ਼ੀ ਨਿਵੇਸ਼ਕਾਂ ਨੂੰ ਆਕਰਸ਼ਿਰਤ ਕਰਨ ਦੇ ਲਈ ਆਪਣੀ ਨਿਵੇਸ਼ਕ ਸਕੀਮ ਨੂੰ ਸੌਖਿਆ ਕਰਨ ਦਾ ਐਲਾਨ ਕੀਤਾ ਹੈ। ਨਿਵੇਸ਼ ਲੱਗਣ ਤੋਂ ਬਾਅਦ ਪੀ. ਆਰ. ਦੇਣੀ ਵੀ ਸੌਖੀ ਕੀਤੀ ਜਾ ਰਹੀ ਹੈ।
ਹੁਣ ਵਿੱਤੀ ਸਾਲ ਦੇ ਸ਼ੁਰੂ ਵਿਚ ਮਤਲਬ ਕਿ ਪਹਿਲੀ ਅਪ੍ਰੈਲ 2025 ਤੋਂ ਇਸਨੂੰ ਦੋ ਭਾਗਾਂ ਵਿਚ ਵੰਡਿਆ ਜਾ ਰਿਹਾ ਹੈ। ਪਹਿਲੀ ਹੈ ਵਿਕਾਸ (ਗ੍ਰੋਥ) ਸਕੀਮ ਅਤੇ ਦੂਜੀ ਹੈ ਸੰਤੁਲਿਤ (ਬੈਲੇਂਸਡ)। ਇਹ ਸਕੀਮ ਐਕਟਿਵ ਇਨਵੈਸਟਰ ਪਲੱਸ ਵੀਜ਼ਾ ਵਿੱਚ ਬਦਲਾਅ ਕਰੇਗੀ। ਸਰਲ ਨਿਵੇਸ਼ ਸ਼੍ਰੇਣੀਆਂ ਪੇਸ਼ ਕਰ ਰਿਹਾ ਹਾਂ - ਵਿਕਾਸ ਅਤੇ ਸੰਤੁਲਿਤ
ਗ੍ਰੋਥ ਸ਼੍ਰੇਣੀ ਦੇ ਨਿਵੇਸ਼ਕਾਂ ਲਈ ਘੱਟੋ-ਘੱਟ 5 ਮਿਲੀਅਨ ਡਾਲਰ (24-25 ਕਰੋੜ ਰੁਪਏ) ਅਤੇ ਸੰਤੁਲਿਤ ਸ਼੍ਰੇਣੀ ਦੇ ਨਿਵੇਸ਼ਕਾਂ ਲਈ 10 ਮਿਲੀਅਨ ਡਾਲਰ (45-50 ਕਰੋੜ ਰੁਪਏ) ਦੀ ਨਿਵੇਸ਼ ਰਕਮ ਰੱਖੀ ਗਈ ਹੈ। ਸੰਤੁਲਿਤ ਸ਼੍ਰੇਣੀ ਲਈ ਸਵੀਕਾਰਯੋਗ ਨਿਵੇਸ਼ਾਂ ਦੇ ਦਾਇਰੇ ਨੂੰ ਵਧਾਉਣਾ ਜਿਸ ਵਿੱਚ ਬਾਂਡ ਅਤੇ ਜਾਇਦਾਦ (ਨਵੇਂ ਰਿਹਾਇਸ਼ੀ, ਨਵੇਂ/ਮੌਜੂਦਾ ਵਪਾਰਕ ਜਾਂ ਉਦਯੋਗਿਕ ਵਿਕਾਸ) ਨਿਵੇਸ਼ ਸ਼ਾਮਲ ਹਨ। ਦੋਵਾਂ ਸ਼੍ਰੇਣੀਆਂ ਨੂੰ ਸਿਧਾਂਤਕ ਤੌਰ ’ਤੇ ਆਪਣੀ ਪ੍ਰਵਾਨਗੀ ਦੇ 6 ਮਹੀਨਿਆਂ ਦੇ ਅੰਦਰ ਸਾਰੇ ਨਿਵੇਸ਼ ਕਰਨੇ ਚਾਹੀਦੇ ਹਨ ਪਰ 6 ਮਹੀਨਿਆਂ ਦੇ ਵਾਧੇ ਲਈ ਅਰਜ਼ੀ ਦੇ ਸਕਦੇ ਹਨ, ਅਤੇ ਅੰਗਰੇਜ਼ੀ ਭਾਸ਼ਾ ਦੀ ਲੋੜ ਨੂੰ ਹਟਾਇਆ ਜਾ ਰਿਹਾ ਹੈ। ਹੋਰ ਵੇਰਵੇ ਮਾਰਚ ਦੇ ਸ਼ੁਰੂ ਵਿੱਚ ਉਪਲਬਧ ਅਤੇ ਪ੍ਰਕਾਸ਼ਿਤ ਕੀਤੇ ਜਾਣਗੇ।
5 ਮਿਲੀਅਨ ਵਾਲੇ ਨਿਵੇਸ਼ਕ ਨੂੰ ਤਿੰਨ ਸਾਲਾਂ ਦੇ ਲਈ ਇਹ ਪੈਸੇ ਲਾਉਣੇ ਹੋਣਗੇ ਅਤੇ ਇਸਦੇ ਲਈ ਘੱਟੋ-ਘੱਟ 21 ਦਿਨ ਤਿੰਨ ਸਾਲਾਂ ਦੌਰਾਨ ਇਥੇ ਰਹਿਣਾ ਹੋਵੇਗਾ। ਇਹ ਪੈਸੇ ਪ੍ਰਬੰਧਿਤ ਫੰਡ (ਮੈਨੇਜਡ ਫੰਡ) ਜਾਂ ਸਿੱਧੇ ਨਿਵੇਸ਼ (ਡਾਇਰੈਕਟ ਇਨਵੈਸਟਮੈਂਟ) ਅਧੀਨ ਲਾਏ ਜਾਣਗੇ। ਇੱਕ ਪ੍ਰਬੰਧਿਤ ਫੰਡ ਉਹ ਹੁੰਦਾ ਹੈ ਜਿੱਥੇ ਕਈ ਨਿਵੇਸ਼ਕਾਂ ਦੇ ਪੈਸੇ ਇਕੱਠੇ ਕੀਤੇ ਜਾਂਦੇ ਹਨ ਅਤੇ ਇੱਕ ਪੇਸ਼ੇਵਰ ਫੰਡ ਮੈਨੇਜਰ ਦੁਆਰਾ ਪ੍ਰਬੰਧਿਤ ਕੀਤੇ ਜਾਂਦੇ ਹਨ। ਫੰਡ ਮੈਨੇਜਰ ਫੰਡ ਦੇ ਨਿਵੇਸ਼ ਉਦੇਸ਼ਾਂ ਦੇ ਆਧਾਰ ’ਤੇ, ਸਟਾਕ, ਬਾਂਡ, ਜਾਇਦਾਦ, ਜਾਂ ਹੋਰ ਸੰਪਤੀਆਂ ਵਿੱਚ ਪੈਸੇ ਨੂੰ ਕਿਵੇਂ ਨਿਵੇਸ਼ ਕਰਨਾ ਹੈ, ਇਸ ਬਾਰੇ ਫੈਸਲੇ ਲੈਂਦਾ ਹੈ।
ਸਿੱਧੇ ਨਿਵੇਸ਼ ਦਾ ਮਤਲਬ ਹੈ ਕਿ ਕਿਸੇ ਪ੍ਰਬੰਧਿਤ ਫੰਡ ਵਿੱਚ ਦੂਜੇ ਨਿਵੇਸ਼ਕਾਂ ਨਾਲ ਪੈਸਾ ਇਕੱਠਾ ਕਰਨ ਦੀ ਬਜਾਏ, ਵਿਅਕਤੀਗਤ ਸੰਪਤੀਆਂ, ਜਿਵੇਂ ਕਿ ਸਟਾਕ, ਬਾਂਡ, ਰੀਅਲ ਅਸਟੇਟ ਜਾਇਦਾਦਾਂ, ਜਾਂ ਹੋਰ ਕਿਸਮਾਂ ਦੀਆਂ ਸੰਪਤੀਆਂ ਵਿੱਚ ਸਿੱਧੇ ਨਿਵੇਸ਼ ਕਰਨਾ। ਜਦੋਂ ਤੁਸੀਂ ਸਿੱਧਾ ਨਿਵੇਸ਼ ਕਰਦੇ ਹੋ, ਤਾਂ ਤੁਹਾਡੇ ਕੋਲ ਇਸ ਗੱਲ ’ਤੇ ਪੂਰਾ ਨਿਯੰਤਰਣ ਹੁੰਦਾ ਹੈ ਕਿ ਕਿਹੜੀਆਂ ਸੰਪਤੀਆਂ ਨੂੰ ਖਰੀਦਣਾ ਅਤੇ ਵੇਚਣਾ ਹੈ, ਅਤੇ ਤੁਸੀਂ ਆਪਣੀ ਨਿਵੇਸ਼ ਰਣਨੀਤੀ ਨੂੰ ਆਪਣੀਆਂ ਵਿਅਕਤੀਗਤ ਤਰਜੀਹਾਂ ਅਤੇ ਟੀਚਿਆਂ ਅਨੁਸਾਰ ਤਿਆਰ ਕਰ ਸਕਦੇ ਹੋ।
ਸੰਤੁਲਿਤ ਸ਼੍ਰੇਣੀ ਦੇ ਅਧੀਨ 10 ਮਿਲੀਅਨ ਯਾਨਿ ਕਿ 50 ਕਰੋੜ ਦੇ ਕਰੀਬ ਪੈਸਾ 5 ਸਾਲਾਂ ਵਿਚ ਲਾਉਣਾ ਹੋਵੇਗਾ। ਇਸਦੇ ਲਈ 105 ਦਿਨ ਇਥੇ ਨਿਵੇਸ਼ ਦੌਰਾਨ ਰਹਿਣਾ ਹੋਵੇਗਾ। ਜੇਕਰ ਘੱਟ ਰਹਿਣਾ ਹੈ ਤਾਂ ਨਿਵੇਸ਼ ਦੀ ਰਾਸ਼ੀ ਵਧਾਉਣੀ ਹੋਵੇਗੀ। 11 ਮਿਲੀਅਨ ਲਾਉਣ ਨਾਲ 14 ਦਿਨ ਘੱਟ, 12 ਮਿਲੀਅਨ ਦੇ ਨਾਲ 28 ਦਿਨ ਅਤੇ 13 ਮਿਲੀਅਨ ਦੇ ਨਾਲ 42 ਦਿਨ ਹੋਰ ਘਟਾਏ ਜਾ ਸਕਦੇ ਹਨ। ਇਹ ਨਿਵੇਸ਼ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਦੇ ਵਿਚ ਲਗਾਇਆ ਜਾਵੇਗਾ। ਇਮੀਗ੍ਰੇਸ਼ਨ ਇਹ ਨਿਰਧਾਰਤ ਕਰੇਗਾ।
ਸੋ ਅੰਤ ਇਹ ਕਹਿ ਸਕਦੇ ਹਾਂ ਕਿ ਸਰਕਾਰ ਸਿੱਧੀ ਗੱਲ ਕਰਨੀ ਚਾਹੁੰਦੀ ਹੈ ਕਿ ਪੈਸਾ ਲਿਆਓ ਤੇ ਪੀ. ਆਰ.ਪਾਓ।