ਸਿਵਲ ਸਰਜਨ ਰੂਪਨਗਰ ਵਲੋਂ ਸਿਵਲ ਹਸਪਤਾਲ ਦਾ ਨਿਰੀਖਣ ਕੀਤਾ
ਰੂਪਨਗਰ, 12 ਮਾਰਚ: ਜ਼ਿਲ੍ਹਾ ਹਸਪਤਾਲ ਰੂਪਨਗਰ ਵਿਖੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਮੁਲਾਂਕਣ ਕਰਨ ਲਈ ਸੇਵਾਵਾਂ ਨੂੰ ਹੋਰ ਸਚਾਰੂ ਰੂਪ ਵਿੱਚ ਲਾਗੂ ਕਰਨ ਹਿਤ ਸਿਵਲ ਸਰਜਨ ਰੂਪਨਗਰ ਡਾ. ਤਰਸੇਮ ਸਿੰਘ ਵੱਲੋਂ ਅੱਜ ਸਵੇਰੇ ਅਚਨਚੇਤ ਸਿਵਲ ਹਸਪਤਾਲ ਰੂਪਨਗਰ ਦਾ ਨਿਰੀਖਣ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਵਲੋਂ ਸਟਾਫ ਦੀ ਹਾਜ਼ਰੀ, ਓਪੀਡੀ ਕਾਊਂਟਰ, ਜੱਚਾ ਬੱਚਾ ਵਾਰਡ, ਬਾਥਰੂਮਾਂ ਦੀ ਸਫਾਈ, ਮੈਡੀਸਨ ਔਰਥੋ, ਸਰਜਰੀ, ਈਐਨਟੀ, ਅੱਖਾਂ ਦੀ ਓਪੀਡੀ, ਮੁਫਤ ਦਵਾਈਆਂ ਦੇ ਡਿਸਪੈਂਸਰੀ, ਲੈਬੋਰਟਰੀ ਦਾ ਮੁਆਇਨਾ ਕੀਤਾ ਗਿਆ।
ਇਸ ਮੌਕੇ ਉਨਾਂ ਨੇ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਰੂਪਨਗਰ ਡਾ. ਉਪਿੰਦਰ ਸਿੰਘ ਨੂੰ ਹਦਾਇਤ ਕੀਤੀ ਕਿ ਸਿਵਲ ਹਸਪਤਾਲ ਵਿਖੇ ਸਾਫ-ਸਫਾਈ ਪ੍ਰਤੀ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਓ.ਪੀ.ਡੀ ਵਿਖੇ ਆਏ ਮਰੀਜ਼ਾਂ ਨੂੰ ਪਰਚੀ ਕਟਵਾਉਣ ਅਤੇ ਡਾਕਟਰੀ ਜਾਂਚ ਕਰਵਾਉਣ ਲਈ ਲੰਬਾ ਇੰਤਜ਼ਾਰ ਨਾ ਕਰਨਾ ਪਵੇ।
ਉਨਾਂ ਕਿਹਾ ਕਿ ਦਵਾਈਆਂ ਦੀ ਉਪਲਬਧਤਾ ਸੁਨਿਸ਼ਚਿਤ ਕੀਤੀ ਜਾਵੇ। ਸਟਾਫ ਦੀ ਰੋਸਟਰ ਮੁਤਾਬਕ ਡਿਊਟੀ ਯਕੀਨੀ ਬਣਾਈ ਜਾਵੇ। ਸਟਾਫ ਅਤੇ ਡਾਕਟਰਾਂ ਦੀ ਹਾਜ਼ਰੀ ਸਮੇਂ ਸਿਰ ਸੁਨਿਸ਼ਚਿਤ ਕੀਤੀ ਜਾਵੇ। ਮਰੀਜ਼ਾਂ ਨੂੰ ਬਾਹਰ ਤੋਂ ਦਵਾਈਆਂ ਨਾ ਲਿਖੀਆਂ ਜਾਣ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਸਿਹਤ ਸਕੀਮਾਂ ਪ੍ਰਤੀ ਹਸਪਤਾਲ ਵਿੱਚ ਆਉਣ ਵਾਲੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ।
ਇਸ ਮੌਕੇ ਸਟੈਨੋ ਹਰਜਿੰਦਰ ਸਿੰਘ, ਬੀਸੀਸੀ ਕੋਆਰਡੀਨੇਟਰ ਸੁਖਜੀਤ ਕੰਬੋਜ, ਰਜੇਸ਼ ਕੁਮਾਰ ਅਤੇ ਹਸਪਤਾਲ ਦਾ ਸਟਾਫ ਮੌਜੂਦ ਸਨ।