ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਖੜਾ ਵਿਖੇ ਸਟੂਡੈਂਟ ਪੁਲਿਸ ਕੈਡੇਟਾਂ ਨੂੰ ਦਿੱਤੀ ਫਸਟ ਏਡ ਦੀ ਸਿਖਲਾਈ
ਅਸ਼ੋਕ ਵਰਮਾ
ਬਠਿੰਡਾ, 19 ਮਾਰਚ 2025 :ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੋਖੜਾ ਵਿਖੇ ਚਲਾਈ ਜਾ ਰਹੀ ਸਟੂਡੈਂਟ ਪੁਲਿਸ ਕੈਡਟਸ ਸਕੀਮ ਦੇ ਬੱਚਿਆਂ ਨੂੰ ਫ਼ਸਟ ਏਡ ਦੀ ਜਾਣਕਾਰੀ ਦੇਣ ਲਈ ਸਕੂਲ ਵਿਖੇ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਰੈੱਡ ਕਰਾਸ ਸੁਸਾਇਟੀ ਦੇ ਫ਼ਸਟ ਏਡ ਮਾਸਟਰ ਟ੍ਰੇਨਰ ਨਰੇਸ਼ ਪਠਾਣੀਆਂ ਵੱਲੋਂ ਵਲੰਟੀਅਰਾਂ ਨੂੰ ਫਸਟ ਏਡ, ਸਿਹਤ ਸੰਭਾਲ ਨਸ਼ਿਆਂ ਤੋਂ ਬਚਣ ਅਤੇ ਨਿੱਜੀ ਸਾਫ ਸਫਾਈ ਦੀ ਟ੍ਰੇਨਿੰਗ ਦਿੱਤੀ ਗਈ । ਸਕੂਲ ਦੇ ਪ੍ਰਿੰਸੀਪਲ ਕ੍ਰਿਸ਼ਨ ਕੁਮਾਰ ਗੁਪਤਾ ਅਤੇ ਟੀਚਰ ਮੈਡਮ ਮਨੀਸ਼ਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਦੌਰਾਨ ਟ੍ਰੇਨਰ ਨਰੇਸ਼ ਪਠਾਣੀਆਂ ਨੇ ਸਟੂਡੈਂਟ ਪੁਲਿਸ ਕੈਡਟਸ ਨੂੰ ਮੁੱਢਲੀ ਸਹਾਇਤਾ ਦੇ ਵੱਖ ਵੱਖ ਢੰਗਾਂ ਦੀ ਮੌਖਿਕ ਅਤੇ ਪ੍ਰੈਕਟੀਕਲ ਟਰੇਨਿੰਗ ਦਿੱਤੀ।
ਇਸ ਮੌਕੇ ਟ੍ਰੇਨਰ ਨਰੇਸ਼ ਪਠਾਣੀਆਂ ਨੇ ਕਿਹਾ ਕਿ ਫਸਟ ਏਡ ਦੀ ਟ੍ਰੇਨਿੰਗ ਕਿਸੇ ਵਿਅਕਤੀ ਨੂੰ ਇਸ ਯੋਗ ਬਣਾ ਦਿੰਦੀ ਹੈ ਕਿ ਉਹ ਐਮਰਜੰਸੀ ਹਾਲਤਾਂ ਵਿੱਚ ਪੀੜਤਾਂ ਦੀ ਮੱਦਦ ਕਰਕੇ ਜੀਵਨ ਬਚਾ ਸਕਦਾ ਹੈ। ਉਹਨਾਂ ਵਲੰਟੀਅਰਾਂ ਨੂੰ ਸੀਪੀਆਰ, ਜ਼ਹਿਰੀਲੇ ਜੀਵ ਜੰਤੂਆਂ ਦੇ ਡੰਗਣ, ਬੇਹੋਸ਼ੀ,ਚੋਕਿੰਗ, ਵਗਦੇ ਖੂਨ ਨੂੰ ਰੋਕਣ ਦੇ ਕੇਸਾਂ ਵਿੱਚ ਦਿੱਤੀ ਜਾਣ ਵਾਲੀ ਫਸਟ ਏਡ ਦੀ ਟ੍ਰੇਨਿੰਗ ਦਿੱਤੀ। ਰੈੱਡ ਕ੍ਰਾਸ ਸੁਸਾਇਟੀ ਦੇ ਸਕੱਤਰ ਦਰਸ਼ਨ ਕੁਮਾਰ ਬਾਂਸਲ ਨੇ ਦੱਸਿਆ ਕਿ ਮਾਨਯੋਗ ਡਿਪਟੀ ਕਮਿਸ਼ਨਰ ਅਤੇ ਪਰਧਾਨ ਜਿ਼ਲ੍ਹਾ ਰੈਡ ਕਰਾਸ ਸੁਸਾਇਟੀ ਬਠਿੰਡਾ ਸ੍ਰ਼ੀ ਸ਼ੌਕਤ ਅਹਿਮਦ ਪਰੇ, ਆਈਏਐੱਸ ਜੀ ਦੀ ਯੋਗ ਅਗੁਵਾਈ ਹੇਠ ਜ਼ਿਲ੍ਹੇ ਦੇ ਫੈਕਟਰੀ ਵਰਕਰਾਂ ਤੋਂ ਇਲਾਵਾ ਸਕੂਲਾਂ ਕਾਲਜਾਂ ਦੇ ਬੱਚਿਆਂ ਨੂੰ ਵੀ ਫਸਟ ਏਡ ਦੀ ਸਿਖਲਾਈ ਦਿੱਤੀ ਜਾਂਦੀ ਹੈ। ਸਕੂਲ ਦੇ ਪ੍ਰਿੰਸੀਪਲ ਕ੍ਰਿਸ਼ਨ ਕੁਮਾਰ ਗੁਪਤਾ ਨੇ ਰੈੱਡ ਕਰਾਸ ਸੁਸਾਇਟੀ ਵੱਲੋਂ ਪਹੁੰਚੀ ਟੀਮ ਦਾ ਧੰਨਵਾਦ ਕੀਤਾ ।