ਵੈਟਨਰੀ ਯੂਨੀਵਰਸਿਟੀ ਮੱਛੀ ਮੇਲਾ (ਫ਼ਿਸ਼ ਫੈਸਟੀਵਲ) ਨੂੰ ਮਿਲਿਆ ਭਰਵਾਂ ਹੁੰਗਾਰਾ
ਲੁਧਿਆਣਾ 12 ਮਾਰਚ 2025 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਫ਼ਿਸ਼ਰੀਜ਼ ਵੱਲੋਂ ਸੂਬੇ ਦੇ ਵਸਨੀਕਾਂ ਵਿੱਚ ਮੱਛੀ ਦੀ ਖ਼ਪਤ ਨੂੰ ਉਤਸ਼ਾਹਿਤ ਕਰਨ ਸੰਬੰਧੀ ਜਾਗਰੂਕਤਾ ਦੇਣ ਹਿਤ ਕਰਵਾਏ ਗਏ ਮੱਛੀ ਮੇਲੇ (ਫ਼ਿਸ਼ ਫੈਸਟੀਵਲ) ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਸਮਾਰੋਹ ਦਾ ਉਦਘਾਟਨ ਸ਼੍ਰੀ ਜਿਤੇਂਦਰ ਜੋਰਵਾਲ, ਆਈ ਏ ਐਸ, ਡਿਪਟੀ ਕਮਿਸ਼ਨਰ, ਲੁਧਿਆਣਾ ਨੇ ਬਤੌਰ ਮੁੱਖ ਮਹਿਮਾਨ ਅਤੇ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਬਤੌਰ ਪਤਵੰਤੇ ਮਹਿਮਾਨ ਕੀਤਾ। ਇਸ ਮੌਕੇ ਯੂਨੀਵਰਸਿਟੀ ਦੇ ਅਧਿਕਾਰੀ ਅਤੇ ਪਤਵੰਤੇ ਸ਼ਹਿਰੀ ਵੀ ਮੌਜੂਦ ਸਨ।
ਸਮਾਰੋਹ ਦਾ ਮੁੱਖ ਉਦੇਸ਼ ਲੋਕਾਂ ਨੂੰ ਸਿਹਤਮੰਦ ਭੋਜਨ ਦੇ ਗੁਣਾਂ ਬਾਰੇ ਦੱਸਦਿਆਂ ਹੋਇਆਂ ਗੁਣਵੱਤਾ ਭਰਪੂਰ ਉਤਪਾਦਾਂ ਸੰਬੰਧੀ ਜਾਗਰੂਕ ਕਰਨਾ ਸੀ। ਮੇਲੇ ਵਿੱਚ ਇਹ ਵੀ ਦੱਸਿਆ ਗਿਆ ਕਿ ਇਸ ਖੇਤਰ ਵਿੱਚ ਉਦਮੀਪਨ ਨਾਲ ਰੁਜ਼ਗਾਰ ਦੇ ਵੀ ਬਹੁਤ ਮੌਕੇ ਉਪਲਬਧ ਹਨ। ਸਜਾਵਟੀ ਮੱਛੀਆਂ ਨੇ ਵੀ ਲੋਕਾਂ ਦਾ ਉਚੇਚਾ ਧਿਆਨ ਆਕਰਸ਼ਿਤ ਕੀਤਾ।
ਜੋਰਵਾਲ ਨੇ ਨੌਜਵਾਨ ਵਿਦਿਆਰਥੀਆਂ ਨੂੰ ਮਿਲ ਕੇ ਖੁਸ਼ੀ ਪ੍ਰਗਟ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੇ ਬਣਾਏ ਉਤਪਾਦ ਅਤੇ ਐਕਵੇਰੀਅਮ ਬਹੁਤ ਧਿਆਨ ਖਿੱਚਦੇ ਹਨ। ਉਨ੍ਹਾਂ ਨੇ ਮੱਛੀ ਖੁਰਾਕ ਦੇ ਸਿਹਤ ਫਾਇਦਿਆਂ ਬਾਰੇ ਗੱਲ ਕਰਦਿਆਂ ਇਹ ਆਸ ਜਤਾਈ ਕਿ ਲੋਕ ਇਸ ਸੰਬੰਧੀ ਹੋਰ ਜਾਗਰੂਕ ਹੋਣਗੇ। ਡਾ. ਗਿੱਲ ਨੇ ਦੱਸਿਆ ਕਿ ਯੂਨੀਵਰਸਿਟੀ ਸਿੱਖਿਆ, ਖੋਜ ਅਤੇ ਪਸਾਰ ਮਾਧਿਅਮ ਰਾਹੀਂ ਮੱਛੀ ਅਤੇ ਝੀਂਗਾ ਪਾਲਣ ਨੂੰ ਹੁਲਾਰਾ ਦੇ ਰਹੀ ਹੈ। ਸੇਮ ਵਾਲੇ ਅਤੇ ਖਾਰੇ ਪਾਣੀ ਦੇ ਇਲਾਕੇ ਵਿੱਚ ਯੂਨੀਵਰਸਿਟੀ ਨੇ ਝੀਂਗਾ ਪਾਲ ਕੇ ਕਿਸਾਨਾਂ ਦੀ ਆਮਦਨ ਬਿਹਤਰ ਕਰਨ ਵਿੱਚ ਬਹੁਤ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਵਿਕਸਤ ਕੀਤੇ ਉਤਪਾਦ ਲੋਕਾਂ ਵੱਲੋਂ ਬਹੁਤ ਸਰਾਹੇ ਜਾਂਦੇ ਹਨ ਅਤੇ ਇਸ ਨਾਲ ਕਿਸਾਨਾਂ ਨੂੰ ਆਪਣੇ ਕਿੱਤੇ ਸਥਾਪਿਤ ਕਰਨ ਵਿੱਚ ਬਹੁਤ ਮਦਦ ਮਿਲ ਰਹੀ ਹੈ।
ਡਾ. ਮੀਰਾ ਡੀ ਆਂਸਲ, ਡੀਨ, ਕਾਲਜ ਆਫ ਫ਼ਿਸ਼ਰੀਜ਼ ਨੇ ਜਾਣਕਾਰੀ ਦਿੱਤੀ ਕਿ ਕਾਲਜ ਵੱਲੋਂ ਤਿਆਰ ਕੀਤੇ ਉਤਪਾਦ ਬਹੁਤ ਤੇਜ਼ੀ ਨਾਲ ਲੋਕਾਂ ਨੇ ਖਰੀਦ ਲਏ, ਜਿਸ ਨਾਲ ਉਨ੍ਹਾਂ ਦਾ ਸਿਹਤਮੰਦ ਉਤਪਾਦਾਂ ਪ੍ਰਤੀ ਆਕਰਸ਼ਣ ਪਤਾ ਲੱਗਦਾ ਹੈ। ਉਨ੍ਹਾਂ ਦੱਸਿਆ ਕਿ ਇਕ ਟੈਗ ਲਾਈਨ ਦਾ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਦਾ ਨਿਰਣਾ ਕਰਕੇ ਜੇਤੂ ਵਿਅਕਤੀ ਨੂੰ ਨਗਦ ਇਨਾਮ ਅਤੇ ਟਰਾਫ਼ੀ ਆਉਣ ਵਾਲੇ ਪਸ਼ੂ ਪਾਲਣ ਮੇਲੇ (21-22 ਮਾਰਚ) ਨੂੰ ਦਿੱਤੇ ਜਾਣਗੇ।