ਵਿਆਹ ਸਮਾਗਮ ਦੌਰਾਨ ਦੋ ਔਰਤਾਂ ਨੇ ਅੰਗੂਠੀ ਕੀਤੀ ਚੋਰੀ, ਲੋਕਾਂ ਨੇ ਫੜ ਕੇ ਕੀਤੀਆਂ ਪੁਲਿਸ ਹਵਾਲੇ
ਰਵਿੰਦਰ ਢਿੱਲੋਂ
ਖੰਨਾ, 8 ਫਰਵਰੀ 2025 - ਖੰਨਾ ਜੀਟੀ ਗੁਰੂਦੁਆਰਾ ਕਲਗੀਧਰ ਸਾਹਿਬ ਵਿਖੇ ਕਰਵਾਏ ਗਏ ਆਨੰਦ ਕਾਰਜ ਸਮਾਗਮ ਦੌਰਾਨ ਦੋ ਬਦਮਾਸ਼ ਔਰਤਾਂ ਨੇ ਇੱਕ ਹੋਰ ਔਰਤ ਦੇ ਪਰਸ ਵਿੱਚੋਂ ਮੁੰਦਰੀ ਚੋਰੀ ਕਰ ਲਈ। ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।
ਗੁਰਦੁਆਰੇ ਦੇ ਪ੍ਰਧਾਨ ਅਵਤਾਰ ਸਿੰਘ ਕੈਂਥ ਨੇ ਦੱਸਿਆ ਕਿ ਜਦੋਂ ਦੋਵੇਂ ਪਰਿਵਾਰ ਵਿਆਹ ਸਮਾਗਮ ਦੌਰਾਨ ਦਰਬਾਰ ਸਾਹਿਬ ਵਿਖੇ ਹਾਜ਼ਰੀ ਭਰਨ ਲਈ ਗਏ ਤਾਂ ਲੰਗਰ ਹਾਲ ਵਿਚ ਦੋ ਸ਼ੱਕੀ ਔਰਤਾਂ ਨੇ ਇਕ ਔਰਤ ਦੇ ਪਰਸ ਵਿਚੋਂ ਅੰਗੂਠੀ ਚੋਰੀ ਕਰ ਲਈ। ਜਦੋਂ ਲੜਕੀ ਦੇ ਮਾਮਾ ਜਸਪਾਲ ਸਿੰਘ ਤੇ ਹੋਰਨਾਂ ਨੂੰ ਚੋਰੀ ਦਾ ਪਤਾ ਲੱਗਾ ਤਾਂ ਵਿਆਹ ਸਮਾਗਮ ਵਿੱਚ ਮੌਜੂਦ ਲੋਕਾਂ ਨੂੰ ਸ਼ੱਕ ਹੋਇਆ ਕਿ ਉਕਤ ਔਰਤ ਉਨ੍ਹਾਂ ਦੇ ਪਰਿਵਾਰ ਦੀ ਨਹੀਂ ਹੈ।
ਇਸ ਦੌਰਾਨ ਹੰਗਾਮਾ ਹੋ ਗਿਆ ਅਤੇ ਦੋਵਾਂ ਔਰਤਾਂ ਨੂੰ ਫੜ ਕੇ ਕੁੱਟਿਆ ਗਿਆ। ਬਾਅਦ ਵਿੱਚ ਜਦੋਂ ਗੁਰਦੁਆਰਾ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਇਹ ਦੋਵੇਂ ਔਰਤਾਂ ਪਹਿਲਾਂ ਹੀ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਸਨ ਅਤੇ ਮੌਕੇ ਦੀ ਤਲਾਸ਼ ਵਿੱਚ ਸਨ। ਚੋਰੀ ਦੀ ਸਾਰੀ ਘਟਨਾ ਵੀਡੀਓ ਫੁਟੇਜ ਵਿੱਚ ਕੈਦ ਹੋ ਗਈ ਹੈ।
ਸਥਾਨਕ ਲੋਕਾਂ ਨੇ ਤੁਰੰਤ ਦੋਵਾਂ ਔਰਤਾਂ ਨੂੰ ਫੜ ਕੇ ਪੁੱਛਗਿੱਛ ਕੀਤੀ। ਤਲਾਸ਼ੀ ਲੈਣ 'ਤੇ ਉਸ ਕੋਲੋਂ ਚੋਰੀ ਦੀ ਮੁੰਦਰੀ ਬਰਾਮਦ ਹੋਈ। ਇਸ ਤੋਂ ਬਾਅਦ ਦੋਵਾਂ ਔਰਤਾਂ ਨੂੰ ਫੜ ਕੇ ਥਾਣਾ ਸਿਟੀ-2 ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਔਰਤਾਂ ਨੂੰ ਹਿਰਾਸਤ 'ਚ ਲੈ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ।