ਲੇਖਕ ਹੋਣਾ ਖਤਰਨਾਕ ਖੇਡ ਖੇਡਣ ਵਾਂਗ ਹੈ: ਗੀਤਾਂਜਲੀ ਸ਼੍ਰੀ
- ਪੰਜਾਬੀ ਯੂਨੀਵਰਸਿਟੀ ਵਿਖੇ ਬੁਕਰ ਐਵਾਰਡ ਜੇਤੂ ਲੇਖਿਕਾ ਗੀਤਾਂਜਲੀ ਸ੍ਰੀ ਨੇ ਦਿੱਤਾ ‘ਪ੍ਰੋ. ਗੁਰਦਿਆਲ ਸਿੰਘ ਯਾਦਗਾਰੀ ਭਾਸ਼ਣ’
ਪਟਿਆਲਾ, 19 ਜਨਵਰੀ 2025 - ‘ਲੇਖਕ ਹੋਣਾ ਖਤਰਨਾਕ ਖੇਡ ਖੇਡਣ ਵਾਂਗ ਹੈ। ਲੇਖਕ ਨੂੰ ਆਪਣੀ ਗੱਲ ਕਹਿੰਦਿਆਂ ਹਮੇਸ਼ਾ ਬੇਬਾਕ ਹੋਣਾ ਚਾਹੀਦਾ ਹੈ।’
ਇਹ ਵਿਚਾਰ ਬੁੱਕਰ ਐਵਾਰਡ ਜੇਤੂ ਪ੍ਰਸਿੱਧ ਹਿੰਦੀ ਲੇਖਿਕਾ ਗੀਤਾਂਜਲੀ ਸ਼੍ਰੀ ਨੇ ਪੰਜਾਬੀ ਯੂਨੀਵਰਸਿਟੀ ਦੀ ‘ਪ੍ਰੋ. ਗੁਰਦਿਆਲ ਸਿੰਘ ਚੇਅਰ’ ਵੱਲੋਂ ਯੂਨੀਵਰਸਿਟੀ ਵਿਚਲੇ ਭਾਸ਼ਾਵਾਂ ਨਾਲ਼ ਸਬੰਧਤ ਵਿਭਾਗਾਂ ਦੇ ਸਹਿਯੋਗ ਨਾਲ਼ ਕਰਵਾਏ ਗਏ ‘ਸਾਲਾਨਾ ਗੁਰਦਿਆਲ ਸਿੰਘ ਯਾਦਗਾਰੀ ਭਾਸ਼ਣ’ ਮੌਕੇ ਪ੍ਰਗਟਾਏ।
ਗੀਤਾਂਜਲੀ ਸ੍ਰੀ ਨੇ ਕਿਹਾ ਕਿ ਚੰਗੀ ਲੇਖਣੀ ਹਮੇਸ਼ਾ ਹੀ ਸੱਤਾ ਅਤੇ ਹੋਰ ਸਥਾਪਿਤ ਤਾਕਤਾਂ ਲਈ ਸੰਭਾਵਿਤ ਖਤਰਿਆਂ ਨਾਲ਼ ਭਰੀ ਹੁੰਦੀ ਹੈ ਕਿਉਂਕਿ ਲੇਖਕ ਹਮੇਸ਼ਾ ਨਵੀਂ ਅਤੇ ਮੌਲਿਕ ਗੱਲ ਕਹਿਣੀ ਚਾਹੁੰਦਾ ਹੈ। ਉਹ ਸਥਾਪਿਤ ਵਰਤਾਰਿਆਂ ਅਤੇ ਧਾਰਨਾਵਾਂ ਨੂੰ ਉਧੇੜ ਬੁਣ ਕੇ ਨਵੇਂ ਸਿਰਿਓਂ ਵਿੳਂਤਣ ਅਤੇ ਸਿਰਜਣ ਲਈ ਬਜਿ਼ੱਦ ਹੁੰਦਾ ਹੈ। ਅਜਿਹਾ ਹੋਣਾ ਸਥਾਪਤੀ ਦੇ ਰਾਸ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਅਕਸਰ ਲੋਕ ਲੇਖਕਾਂ ਨੂੰ ਚੁੱਪ ਚਾਪ ਆਪਣਾ ਕੰਮ ਕਰਦਿਆਂ ਕਿਸੇ ਵੀ ਵਿਵਾਦ ਵਿੱਚ ਨਾ ਪੈਣ ਦੀ ਸਲਾਹ ਦਿੰਦੇ ਹਨ ਜਦੋਂ ਕਿ ਵਾਦ-ਵਿਵਾਦ ਵਾਲ਼ੇ ਮੁੱਦਿਆਂ ਵਿੱਚ ਦਖ਼ਲ ਦੇਣਾ ਲੇਖਕ ਹੋਣ ਦਾ ਅਸਲ ਧਰਮ ਹੈ। ਨਿੱਜੀ ਅਨੁਭਵ ਦੇ ਹਵਾਲੇ ਨਾਲ਼ ਕੀਤੀ ਇੱਕ ਹੋਰ ਅਹਿਮ ਟਿੱਪਣੀ ਵਿੱਚ ਉਨ੍ਹਾਂ ਕਿਹਾ ਕਿ ਸਾਹਿਤ ਲਿਖਣਾ ਇਸ ਲਈ ਵੀ ਖਤਰਨਾਕ ਖੇਡ ਹੈ ਕਿਉਂਕਿ ਇਹ ਸਿਰਫ਼ ਚੇਤਨ ਕੋਸਿ਼ਸ਼ ਦਾ ਸਿੱਟਾ ਹੀ ਨਹੀਂ ਹੁੰਦਾ ਬਲਕਿ ਸਾਹਿਤ ਸਿਰਜਣਾ ਸਮੇਂ ਬਹੁਤ ਵਾਰ ਲੇਖਕ ਦਾ ਅਵਚੇਤਨ ਵੀ ਆਪਮੁਹਾਰਤਾ ਨਾਲ਼ ਇਸ ਵਿੱਚ ਸ਼ਾਮਿਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਲੇਖਕ ਨੂੰ ਆਪਣੇ ਆਸ ਪਾਸ ਦੀਆਂ ਚੀਜ਼ਾਂ ਤੋਂ ਟੁੱਟ ਕੇ ਵਿਚਰਦਿਆਂ ਉਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਬਲਕਿ ਜਮੀਨੀ ਪੱਧਰ ਉੱਤੇ ਉਨ੍ਹਾਂ ਨਾਲ਼ ਜੁੜ ਕੇ ਸੱਚ ਅਤੇ ਬੇਬਾਕੀ ਨਾਲ਼ ਆਪਣੀ ਗੱਲ ਰੱਖਣੀ ਚਾਹੀਦੀ ਹੈ।
ਉਨ੍ਹਾਂ ਆਪਣੇ ਵੱਖ-ਵੱਖ ਅਨੁਭਵਾਂ ਅਤੇ ਨਿੱਜੀ ਕਿੱਸਿਆਂ ਦੇ ਹਵਾਲੇ ਨਾਲ਼ ਦੱਸਿਆ ਕਿ ਲੇਖਕ ਨੂੰ ਸਮਾਜ ਵਿੱਚ ਕਿਸ ਤਰ੍ਹਾਂ ਉਸ ਦਾ ਬਣਦਾ ਮਹੱਤਵ ਨਹੀਂ ਦਿੱਤਾ ਜਾਂਦਾ ਜੋ ਕਿ ਚਿੰਤਾਜਨਕ ਗੱਲ ਹੈ। ਉਨ੍ਹਾਂ ਇਸ ਦੇ ਕਾਰਨਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਲੇਖਣੀ ਦਾ ਅਸਰ ਅਤੇ ਇਸਤੇਮਾਲ ਹੋਰਨਾਂ ਸ਼ੈਆਂ ਵਾਂਗ ਤੁਰੰਤ ਅਤੇ ਇੱਕਦਮ ਨਹੀਂ ਹੁੰਦਾ ਜਿਸ ਕਾਰਨ ਆਮ ਲੋਕਾਂ ਵਿੱਚ ਲੇਖਕ ਦਾ ਉਹ ਮਹੱਤਵ ਨਹੀਂ ਜੋ ਕਿ ਹੋਣਾ ਚਾਹੀਦਾ ਸੀ।
ਇੱਕ ਹੋਰ ਅਹਿਮ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਸਾਹਿਤਕਾਰ ਦਾ ਦਿਲ ਸਦਾ ਬੱਚਾ ਬਣ ਕੇ ਰਹਿੰਦਾ ਹੈ ਅਤੇ ਇਹ ਰਹਿਣਾ ਵੀ ਇੰਝ ਹੀ ਚਾਹੀਦਾ ਹੈ। ਸਾਹਿਤਕਾਰ ਲਈ ਜ਼ਰੂਰੀ ਹੈ ਕਿ ਉਹ ਸਥਾਪਿਤ ਧਾਰਨਾਵਾਂ ਦਾ ਪਿਛਲੱਗੂ ਨਾ ਹੋ ਕੇ ਸਮਾਜ ਨੂੰ ਹਰ ਸਮੇਂ ਇੱਕ ਨਵੀਂ ਨਰੋਈ ਅਤੇ ਤਾਜ਼ਾ ਨਜ਼ਰ ਨਾਲ਼ ਹੀ ਵੇਖੇ। ਉਨ੍ਹਾਂ ਕਿਹਾ ਕਿ ਸਾਨੂੰ ਨਵੀਂ ਚੇਤਨਾ ਦੀ ਸਿਰਜਣਾ ਲਈ ਹਮੇਸ਼ਾ ਸੰਵਾਦ ਵਿੱਚ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਆਪਣੇ ਭਾਸ਼ਣ ਦਾ ਸਿਖਰ ਉਰਦੂ ਦੇ ਪ੍ਰਸਿੱਧ ਸ਼ੇਅਰ ‘ਦਿਲ ਨਾ-ਉਮੀਦ ਤੋ ਨਹੀਂ, ਨਾਕਾਮ ਹੀ ਤੋ ਹੈ..ਲੰਬੀ ਹੈ ਗ਼ਮ ਕੀ ਸ਼ਾਮ ਮਗਰ ਸ਼ਾਮ ਹੀ ਤੋ ਹੈ’ ਨਾਲ਼ ਕੀਤਾ।
ਪ੍ਰੋਗਰਾਮ ਦੀ ਸ਼ੁਰੂਆਤ ਸਮੇਂ ਗੁਰਦਿਆਲ ਸਿੰਘ ਚੇਅਰ ਦੇ ਕੋਆਰਡੀਨੇਟਰ ਪ੍ਰੋ. ਗੁਰਮੁਖ ਸਿੰਘ ਨੇ ਗੀਤਾਂਜਲੀ ਸ੍ਰੀ ਦਾ ਸਵਾਗਤ ਕਰਦਿਆਂ ਉਨ੍ਹਾਂ ਦੀਆਂ ਲਿਖਤਾਂ ਬਾਰੇ ਅਹਿਮ ਟਿੱਪਣੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਗੀਤਾਂਜਲੀ ਸ੍ਰੀ ਅਗਲੇ ਦਿਨ ਵੀ ਪੰਜਾਬੀ ਵਿਭਾਗ ਵਿਖੇ ਇੱਕ ਪ੍ਰੋਗਰਾਮ ਵਿੱਚ ਸਿ਼ਰਕਤ ਕਰਨਗੇ ਜਿੱਥੇ ਉਨ੍ਹਾਂ ਨਾਲ਼ ਉਨ੍ਹਾਂ ਦੀਆਂ ਲਿਖਤਾਂ ਦੇ ਹਵਾਲੇ ਨਾਲ਼ ਸੰਵਾਦ ਰਚਾਇਆ ਜਾਵੇਗਾ। ਪੰਜਾਬੀ ਵਿਭਾਗ ਤੋਂ ਸੀਨੀਅਰ ਪ੍ਰੋਫ਼ੈਸਰ ਡਾ. ਸੁਰਜੀਤ ਸਿੰਘ ਨੇ ਪ੍ਰੋ. ਗੁਰਦਿਆਲ ਸਿੰਘ ਦੀਆਂ ਲਿਖਤਾਂ ਨਾਲ਼ ਜਾਣ-ਪਛਾਣ ਕਰਵਾਈ। ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਜਯੋਤੀ ਪੁਰੀ ਨੇ ਲੇਖਿਕਾ ਗੀਤਾਂਜਲੀ ਸ੍ਰੀ ਦੀਆਂ ਲਿਖਤਾਂ ਦੇ ਹਵਾਲੇ ਨਾਲ਼ ਉਨ੍ਹਾਂ ਦੀ ਜਾਣ-ਪਹਿਚਾਣ ਕਰਵਾਈ। ਧੰਨਵਾਦੀ ਸ਼ਬਦ ਹਿੰਦੀ ਵਿਭਾਗ ਦੇ ਮੁਖੀ ਡਾ. ਨੀਤੂ ਕੌਸ਼ਲ ਵੱਲੋਂ ਕੀਤਾ ਗਿਆ। ਮੰਚ-ਸੰਚਾਲਨ ਦਾ ਕਾਰਜ ਡਾ. ਗੁਰਸੇਵਕ ਲੰਬੀ ਨੇ ਕੀਤਾ।