ਨਿਊਜ਼ੀਲੈਂਡ: ਗਣਤੰਤਰ ਦਿਵਸ ’ਤੇ ਭਾਰਤੀ ਦੂਤਾਵਾਸ ਵਲਿੰਗਟਨ ਵਿਖੇ ਸਵੇਰੇ ਸਵਾ 9 ਵਜੇ ਝੰਡਾ ਲਹਿਰਾਉਣ ਦੀ ਰਸਮ
-ਸਭਿਆਚਾਰਕ ਵੰਨਗੀਆਂ ਵੀ ਵੀ ਹੋਣਗੀਆਂ
ਹਰਜਿੰਦਰ ਸਿੰਘ ਬਸਿਆਲਾ
ਬਾਬੂਸ਼ਾਹੀ ਨੈਟਵਰਕ
ਔਕਲੈਂਡ, 18 ਜਨਵਰੀ 2025:-ਭਾਰਤੀ ਸੰਵਿਧਾਨ ਨੂੰ ਲਾਗੂ ਹੋਇਆਂ 75 ਸਾਲ ਪੂਰੇ ਹੋਣ ਜਾ ਰਹੇ ਹਨ ਅਤੇ ਦੇਸ਼ 76ਵੇਂ ਸਾਲ ਦੇ ਵਿਚ ਆਪਣੇ ਸ਼ਕਤੀ ਪ੍ਰਦਰਸ਼ਨ ਦੇ ਨਾਲ ਦਾਖਲ ਹੋ ਰਿਹਾ ਹੈ। ਭਾਰਤ ਤੋਂ ਬਾਹਰ ਸਾਰੇ ਦੇਸ਼ਾਂ ਦੇ ਵਿਚ ਜਿੱਥੇ ਵੀ ਭਾਰਤੀ ਦੂਤਾਵਾਸ ਹਨ, ਉਥੇ ਵੀ 26 ਜਨਵਰੀ ਗਣਤੰਤਰ ਦਿਵਸ ਦੇ ਜਸ਼ਨ ਮਨਾਏ ਜਾਂਦੇ ਹਨ। ਵਲਿੰਗਟਨ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਦਫਤਰ 72 Pipitea Street, “horndon ਵਿਖੇ ਅਗਲੇ ਐਤਵਾਰ 26 ਜਨਵਰੀ ਨੂੰ ਸਵੇਰੇ 9.15 ਵਜੇ ਭਾਰਤੀ ਤਿਰੰਗਾ ਲਹਿਰਾਇਆ ਜਾਵੇਗਾ। ਦੇਸ਼ ਭਗਤੀ ਦੇ ਗੀਤ ਗਾਏ ਜਾਣਗੇ ਅਤੇ ਸਭਿਆਚਾਰਕ ਵੰਨਗੀਆਂ ਵੀ ਪੇਸ਼ ਹੋਣਗੀਆਂ। ਭਾਰਤੀ ਹਾਈ ਕਮਿਸ਼ਨ ਵੱਲੋਂ ਗੂਗਲ ਲਿੰਕ ਉਤੇ ਜਾ ਕੇ ਆਪਣਾ ਨਾਂਅ ਦਰਜ RSVP ਕਰਨ ਦੀ ਬੇਨਤੀ ਕੀਤੀ ਗਈ ਹੈ ਤਾਂ ਕਿ ਬੈਠਣ ਅਤੇ ਚਾਹ-ਪਾਣੀ ਦੇ ਪ੍ਰਬੰਧ ਹੋ ਸਕਣ। ਲੋਕਾਂ ਨੂੰ 9 ਵਜੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ।
ਔਕਲੈਂਡ ਆਫਿਸ: ਮਹਾਤਮਾ ਗਾਂਧੀ ਸੈਂਟਰ, 145 ਨੌਰਥ ਰੋਡ, ਔਕਲੈਂਡ ਵਿਖੇ ਵੀ 26 ਜਨਵਰੀ ਨੂੰ ਸਵੇਰੇ 10 ਵਜੇ ਝੰਡਾ ਲਹਿਰਾਉਣ ਦੀ ਰਸਮ ਕੀਤੀ ਜਾਵੇਗੀ। ਉਪਰੰਤ ਚਾਹ ਪਾਣੀ ਅਤੇ ਸਾਦੇ ਖਾਣੇ ਦਾ ਪ੍ਰਬੰਧ ਰਹੇਗਾ।
26 ਜਨਵਰੀ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਗਣਤੰਤਰ ਦਿਵਸ?
ਭਾਰਤ ਦਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ। ਇਹ ਇੱਕ ਖਾਸ ਦਿਨ ਕਿਉਂ ਹੈ? ਇਸ ਦਿਨ ਸਿਰਫ਼ ਰਾਸ਼ਟਰਪਤੀ ਹੀ ਤਿਰੰਗਾ ਕਿਉਂ ਲਹਿਰਾਉਂਦੇ ਹਨ? ਜਾਣੋ ਗਣਤੰਤਰ ਦਿਵਸ ਬਾਰੇ ਕੁਝ ਦਿਲਚਸਪ ਤੱਥ।
1. ਸੰਵਿਧਾਨ ਸਭਾ ਨੇ 26 ਨਵੰਬਰ 1949 ਨੂੰ ਭਾਰਤ ਦੇ ਸੰਵਿਧਾਨ ਨੂੰ ਅਪਣਾਇਆ ਸੀ, ਇਸ ਨੂੰ 26 ਜਨਵਰੀ 1950 ਤੋਂ ਲਾਗੂ ਕੀਤਾ ਗਿਆ ਸੀ।
2. ਗਣਤੰਤਰ ਦਿਵਸ ’ਤੇ 26 ਜਨਵਰੀ 1950 ਨੂੰ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾ: ਰਾਜੇਂਦਰ ਪ੍ਰਸਾਦ ਨੇ ਪਹਿਲੀ ਵਾਰ ਤਿਰੰਗਾ ਲਹਿਰਾਇਆ ਸੀ। ਪਹਿਲੀ ਵਾਰ 21 ਤੋਪਾਂ ਦੀ ਸਲਾਮੀ ਦਿੱਤੀ ਗਈ ਸੀ।
3. ਗਣਤੰਤਰ ਦਿਵਸ ’ਤੇ ਪਹਿਲੀ ਵਾਰ ਵਿਦੇਸ਼ੀ ਮਹਿਮਾਨਾਂ ਨੂੰ ਬੁਲਾਉਣ ਦੀ ਪਰੰਪਰਾ ਵੀ ਉਸੇ ਸਮੇਂ ਤੋਂ ਸ਼ੁਰੂ ਹੋਈ ਸੀ।
4. ਸੁਤੰਤਰਤਾ ਅੰਦੋਲਨ ਤੋਂ ਲੈ ਕੇ ਸੰਵਿਧਾਨ ਨੂੰ ਲਾਗੂ ਕਰਨ ਤੱਕ 26 ਜਨਵਰੀ ਦੀ ਤਰੀਕ ਬਹੁਤ ਮਹੱਤਵਪੂਰਨ ਰਹੀ ਹੈ। 31 ਦਸੰਬਰ 1929 ਨੂੰ ਕਾਂਗਰਸ ਦੇ ਲਾਹੌਰ ਇਜਲਾਸ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਦੀ ਪ੍ਰਧਾਨਗੀ ਹੇਠ ਪਾਸ ਕੀਤੇ ਮਤੇ ਵਿੱਚ ਭਾਰਤ ਲਈ ਪੂਰਨ ਸਵਰਾਜ ਦੀ ਮੰਗ ਉਠਾਈ ਗਈ। ਇਸ ਦੌਰਾਨ ਕਿਹਾ ਗਿਆ ਕਿ ਜੇਕਰ 26 ਜਨਵਰੀ 1930 ਤੱਕ ਭਾਰਤ ਨੂੰ ਸਵਰਾਜ ਦਾ ਦਰਜਾ ਨਾ ਦਿੱਤਾ ਗਿਆ ਤਾਂ ਭਾਰਤ ਨੂੰ ਪੂਰੀ ਤਰ੍ਹਾਂ ਆਜ਼ਾਦ ਐਲਾਨ ਦਿੱਤਾ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਆਜ਼ਾਦੀ ਤੋਂ ਪਹਿਲਾਂ 26 ਜਨਵਰੀ 1930 ਨੂੰ ਪਹਿਲੀ ਵਾਰ ਸੁਤੰਤਰਤਾ ਦਿਵਸ ਮਨਾਇਆ ਗਿਆ ਸੀ। ਇਸ ਦਿਨ ਪੰਡਿਤ ਜਵਾਹਰ ਲਾਲ ਨਹਿਰੂ ਨੇ ਤਿਰੰਗਾ ਲਹਿਰਾਇਆ ਸੀ। ਇਸ ਤਰ੍ਹਾਂ ਆਜ਼ਾਦੀ ਤੋਂ ਪਹਿਲਾਂ ਵੀ 26 ਜਨਵਰੀ ਨੂੰ ਆਜ਼ਾਦੀ ਦਿਵਸ ਰਸਮੀ ਤੌਰ ’ਤੇ ਮਨਾਇਆ ਜਾਂਦਾ ਸੀ।
5. ਸੰਪੂਰਨ ਸਵਰਾਜ ਦਾ ਪ੍ਰਸਤਾਵ 26 ਜਨਵਰੀ 1930 ਨੂੰ ਲਾਗੂ ਕੀਤਾ ਗਿਆ ਸੀ। ਇਸ ਤਰੀਕ ਨੂੰ ਮਹੱਤਵ ਦੇਣ ਲਈ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਕੀਤਾ ਗਿਆ ਸੀ। ਇਸ ਤੋਂ ਬਾਅਦ 26 ਜਨਵਰੀ ਨੂੰ ਗਣਤੰਤਰ ਦਿਵਸ ਐਲਾਨਿਆ ਗਿਆ।
6. 1950 ਨੂੰ ਦੇਸ਼ ਦੇ ਪਹਿਲੇ ਭਾਰਤੀ ਗਵਰਨਰ ਜਨਰਲ ਚੱਕਰਵਰਤੀ ਰਾਜਗੋਪਾਲਾਚਾਰੀ ਨੇ 26 ਜਨਵਰੀ ਨੂੰ ਭਾਰਤ ਨੂੰ ਇੱਕ ਪ੍ਰਭੂਸੱਤਾ ਸੰਪੰਨ ਲੋਕਤੰਤਰੀ ਗਣਰਾਜ ਘੋਸ਼ਿਤ ਕੀਤਾ।
7. ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ: ਰਾਜੇਂਦਰ ਪ੍ਰਸਾਦ ਨੇ 26 ਜਨਵਰੀ 1950 ਨੂੰ ਦੇਸ਼ ਦੇ ਪਹਿਲੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਅਤੇ ਉਨ੍ਹਾਂ ਨੂੰ ਤੋਪਾਂ ਦੀ ਸਲਾਮੀ ਦਿੱਤੀ ਗਈ। ਇਸ ਤੋਂ ਬਾਅਦ ਤੋਪਾਂ ਦੀ ਸਲਾਮੀ ਦੀ ਪਰੰਪਰਾ ਸ਼ੁਰੂ ਹੋਈ।
8. 15 ਅਗਸਤ (ਆਜ਼ਾਦੀ ਦਿਵਸ) ਦੇ ਮੌਕੇ ’ਤੇ ਲਾਲ ਕਿਲੇ ’ਤੇ ਇੱਕ ਸਮਾਰੋਹ ਹੁੰਦਾ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਝੰਡਾ ਲਹਿਰਾਉਂਦੇ ਹਨ। ਜਦੋਂ ਕਿ 26 ਜਨਵਰੀ (ਗਣਤੰਤਰ ਦਿਵਸ) ਦੇ ਮੌਕੇ ’ਤੇ ਰਾਜਪਥ (ਕਰਤੱਬ ਮਾਰਗ) ’ਤੇ ਜਸ਼ਨ ਦੀ ਰਸਮ ਹੁੰਦੀ ਹੈ। ਇਸ ਮੌਕੇ ਦੇਸ਼ ਦੇ ਸੰਵਿਧਾਨਕ ਮੁਖੀ ਤਿਰੰਗਾ ਲਹਿਰਾਉਂਦੇ ਹਨ।
9. ਪਹਿਲਾ ਗਣਤੰਤਰ ਦਿਵਸ ਸਮਾਰੋਹ 26 ਜਨਵਰੀ 1950 ਨੂੰ ਇਰਵਿਨ ਸਟੇਡੀਅਮ ਵਿੱਚ ਆਯੋਜਿਤ ਕੀਤਾ ਗਿਆ ਸੀ, ਜਿਸ ਨੂੰ ਅੱਜਕੱਲ੍ਹ ਨੈਸ਼ਨਲ ਸਟੇਡੀਅਮ ਵਜੋਂ ਜਾਣਿਆ ਜਾਂਦਾ ਹੈ।
10. ਸਾਲ 1950 ਤੋਂ 1954 ਤੱਕ ਗਣਤੰਤਰ ਦਿਵਸ ਸਮਾਰੋਹ ਦਾ ਸਥਾਨ ਬਦਲਦਾ ਰਿਹਾ। ਇਸ ਦੌਰਾਨ ਇਹ ਸਮਾਗਮ ਇਰਵਿਨ ਸਟੇਡੀਅਮ, ਰਾਜਪਥ, ਲਾਲ ਕਿਲ੍ਹਾ ਅਤੇ ਕਿੰਗਸਵੇ ਕੈਂਪ ਵਿਖੇ ਕਰਵਾਇਆ ਗਿਆ।
11. ਸਾਲ 1955 ਵਿੱਚ ਰਾਜਪਥ ਉੱਤੇ ਪਹਿਲੀ ਵਾਰ ਗਣਤੰਤਰ ਦਿਵਸ ਪਰੇਡ ਦਾ ਆਯੋਜਨ ਕੀਤਾ ਗਿਆ ਸੀ। ਪਰੇਡ ਨੇ 8 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਪਰੇਡ ਰਾਇਸੀਨਾ ਪਹਾੜੀਆਂ ਤੋਂ ਸ਼ੁਰੂ ਹੋਈ। ਰਾਜਪਥ ਇੰਡੀਆ ਗੇਟ ਤੋਂ ਲੰਘ ਕੇ ਲਾਲ ਕਿਲ੍ਹੇ ’ਤੇ ਸਮਾਪਤ ਹੋਇਆ।
12. ਸਾਲ 2021 ਤੋਂ ਪਹਿਲਾਂ 1.25 ਲੱਖ ਲੋਕ ਗਣਤੰਤਰ ਦਿਵਸ ਪਰੇਡ ਦੇਖਦੇ ਸਨ। ਸਾਲ 2021 ’ਚ ਕੋਰੋਨਾ ਸੰਕਟ ਕਾਰਨ ਇਸ ਦੀ ਗਿਣਤੀ ਘੱਟ ਗਈ ਹੈ। ਹੁਣ ਇਕ ਸਮਰੱਥਾ ਅਨੁਸਾਰ ਲੋਕਾਂ ਨੂੰ ਹੀ ਆਉਣ ਦੀ ਇਜਾਜ਼ਤ ਹੈ।
13. ਆਜ਼ਾਦੀ ਦਿਵਸ ਵਾਲੇ ਦਿਨ ਝੰਡਾ ਹੇਠਾਂ ਤੋਂ ਉਪਰ ਚੜ੍ਹਾ ਕੇ ਲਹਿਰਾਇਆ ਜਾਂਦਾ ਹੈ ਜੋ ਕਿ ਨਵੇਂ ਰਾਸ਼ਟਰ ਦਾ ਸੰਕੇਤ ਦਿੰਦਾ ਹੈ ਅਤੇ 26 ਜਨਵਰੀ ਵਾਲੇ ਦਿਨ ਪੋਲ ਦੇ ਉਤੇ ਬੰਨ੍ਹੇ ਝੰਡੇ ਨੂੰ ਲਪੇਟ ਕੇ ਰੱਖਿਆ ਜਾਂਦਾ ਹੈ ਅਤੇ ਫਿਰ ਖੋਲ੍ਹਿਆ ਜਾਂਦਾ ਹੈ।