ਪੜ੍ਹਾਈ ’ਤੇ ਫੋਕਸ ਕਰ ਕੇ ਸਾਲਾਨਾ ਤੇ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਲਈ ਮਿਹਨਤ ਕਰਨੀ ਪਵੇਗੀ
ਵਿਜੈ ਗਰਗ
ਸਮਾਂ ਬਹੁਤ ਕੀਮਤੀ ਹੁੰਦਾ ਹੈ। ਸਾਨੂੰ ਸਮੇਂ ਦਾ ਸਦਉਪਯੋਗ ਕਰਨਾ ਚਾਹੀਦਾ ਹੈ। ਸਾਰੇ ਵਿਸ਼ਿਆਂ ਦੀ ਨਿਯਮਿਤ ਪੜ੍ਹਾਈ ਲਈ ਢੁੱਕਵੀਂ ਸਮਾਂ-ਸਾਰਨੀ ਬਣਾਉਣੀ ਬਹੁਤ ਜ਼ਰੂਰੀ ਹੈ। ਕੋਈ ਵੀ ਵਿਸ਼ਾ ਔਖਾ ਨਹੀਂ ਹੁੰਦਾ। ਹਾਂ, ਵਿਸ਼ੇ ਤੇ ਪਾਠਕ੍ਰਮ ਅਨੁਸਾਰ ਉਸ ਨੂੰ ਘੱਟ ਜਾਂ ਵੱਧ ਸਮਾਂ ਦੇਣਾ ਬਹੁਤ ਜ਼ਰੂਰੀ ਹੈ। ਇਸ ਲਈ ਸਵੇਰੇ, ਦੁਪਹਿਰੇ ਜਾਂ ਰਾਤ ਵੇਲੇ ਵੱਖ-ਵੱਖ ਵਿਸ਼ਿਆਂ ਨੂੰ ਵੰਡ ਕੇ ਸਮਾਂ ਦੇਣਾ ਚਾਹੀਦਾ ਹੈ।
ਨਵਾਂ ਸਾਲ ਚੜ੍ਹ ਗਿਆ ਹੈ। ਵਿਦਿਆਰਥੀ ਜੀਵਨ ’ਚ ਨਵੇਂ ਸਾਲ ਦੀ ਬੜੀ ਅਹਿਮਤੀਅਤ ਹੁੰਦੀ ਹੈ। ਮਿਹਨਤ ਕਰਨ ਦੀ ਨਵੀਂ ਸੋਚ ਨਾਲ ਸਫਲਤਾ ਦੀ ਨਵੀਂ ਉਡਾਰੀ ਭਰਨ ਲਈ ਹੁਣ ਤੋਂ ਹੀ ਤਿਆਰ ਹੋ ਜਾਣਾ ਚਾਹੀਦਾ ਹੈ। ਵਿਦਿਆਰਥੀ ਪੜ੍ਹਾਈ ਨਾਲ ਸਿੱਧੇ ਤੌਰ ’ਤੇ ਜੁੜੇ ਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਪੜ੍ਹਾਈ ’ਤੇ ਫੋਕਸ ਕਰ ਕੇ ਸਾਲਾਨਾ ਤੇ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਲਈ ਹੁਣ ਤੋਂ ਹੀ ਕਮਰਕੱਸ ਲੈਣੀ ਚਾਹੀਦੀ ਹੈ। ਪ੍ਰੀਖਿਆਵਾਂ ’ਚੋਂ ਚੰਗੇ ਨੰਬਰ ਲੈਣ ਤੇ ਮੈਰਿਟ ’ਚ ਆਉਣ ਦਾ ਸੁਪਨਾ ਹਰ ਬੱਚਾ ਲੈਂਦਾ ਹੈ ਪਰ ਇਹ ਕ੍ਰਿਸ਼ਮਾ ਸਿਰਫ਼ ਮਿਹਨਤ ਹੀ ਕਰ ਸਕਦੀ ਹੈ। ਮਿਹਨਤ ਹੀ ਵਿਦਿਆਰਥੀਆਂ ਦੇ ਸਿਰ ’ਤੇ ਸਫਲਤਾ ਦਾ ਤਾਜ ਸਜਾਉਂਦੀ ਹੈ। ਯਾਦ ਰੱਖੋ, ਸਖ਼ਤ ਮਿਹਨਤ ਨਾਲ ਸਾਡੇ ਪਸੀਨੇ ਦੀਆਂ ਬੂੰਦਾਂ ਮੋਤੀ ਬਣ ਜਾਂਦੀਆਂ ਹਨ
ਪ੍ਰੀ-ਬੋਰਡ ਪ੍ਰੀਖਿਆਵਾਂ ਦੀ ਤਿਆਰੀ
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਨਵਰੀ ਮਹੀਨੇ ’ਚ ਹੀ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀਆਂ ਪ੍ਰੀ-ਬੋਰਡ ਪ੍ਰੀਖਿਆਵਾਂ ਲਈਆਂ ਜਾ ਲਈਆਂ ਜਾ ਰਹੀਆਂ ਹਨ। ਸਾਲਾਨਾ ਪ੍ਰੀਖਿਆਵਾਂ ਵੀ ਸਿਰ ’ਤੇ ਆ ਜਾਂਦੀਆਂ ਹਨ। ਇਸ ਸਮੇਂ ਵਿਦਿਆਰਥੀਆਂ ਨੂੰ ਰੱਜ ਕੇ ਪੜ੍ਹਾਈ ਕਰਨ ’ਚ ਰੁੱਝ ਜਾਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪ੍ਰੀ-ਬੋਰਡ ਪ੍ਰੀਖਿਆਵਾਂ ਅਹਿਮ ਹੁੰਦੀਆਂ ਹਨ। ਇਨ੍ਹਾਂ ਦੇ ਅੰਕ ਵੀ ਸਾਲਾਨਾ ਨਤੀਜੇ ’ਚ ਗਿਣੇ ਜਾਂਦੇ ਹਨ। ਇਨ੍ਹਾਂ ਪ੍ਰੀਖਿਆਵਾਂ ਦੀ ਨਿੱਠ ਕੇ ਕੀਤੀ ਤਿਆਰੀ ਨਾਲ ਸਾਲਾਨਾ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਸੌਖੀ ਹੋ ਜਾਂਦੀ ਹੈ। ਬੋਰਡ ਪ੍ਰੀਖਿਆਵਾਂ ਦਾ ਡਰ ਦੂਰ ਹੋ ਜਾਂਦਾ ਹੈ ਤੇ ਵਿਦਿਆਰਥੀਆਂ ਨੂੰ ਆਪਣੀ ਮਿਹਨਤ ਦੇ ਪੱਧਰ ਦਾ ਪਤਾ ਲੱਗ ਜਾਂਦਾ ਹੈ। ਠੰਢ ਦੇ ਮੌਸਮ ’ਚ ਬਹੁਤਾ ਖੇਡਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਸ਼ੁਰੂ ਹੋ ਰਹੀਆਂ ਬੋਰਡ ਪ੍ਰੀਖਿਆਵਾਂ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ, ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਜਮਾਤਾਂ ਦੀਆਂ ਸਾਲਾਨਾ ਬੋਰਡ ਪ੍ਰੀਖਿਆਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਪ੍ਰੀਖਿਆਵਾਂ ਫਰਵਰੀ ਮਹੀਨੇ ’ਚ ਸ਼ੁਰੂ ਹੋ ਰਹੀਆਂ ਹਨ। ਵਿਦਿਆਰਥੀਆਂ ਨੂੰ ਬਿਨਾਂ ਕੋਈ ਦੇਰੀ ਕੀਤਿਆਂ ਹੁਣ ਤੋਂ ਹੀ ਆਪੋ-ਆਪਣੀ ਜਮਾਤ ਦੇ ਵਿਸ਼ਿਆਂ ਦੀ ਨਿੱਠ ਕੇ ਤਿਆਰੀ ਵਿਚ ਰੁੱਝ ਜਾਣਾ ਚਾਹੀਦਾ ਹੈ। ਆਪਣੀ ਡੇਟਸ਼ੀਟ ਦੀਆਂ ਮਿਤੀਆਂ ਅਨੁਸਾਰ ਹਰ ਵਿਸ਼ੇ ਦੀ ਤਿਆਰੀ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਲੋਕ ਅਖੌਤ ‘ਵੇਲੇ ਦੇ ਰਾਗ, ਕੁਵੇਲੇ ਦੀਆਂ ਟੱਕਰਾਂ’ ਤੋਂ ਸਿੱਖਿਆ ਲੈ ਕੇ ਆਪਣਾ ਸਮਾਂ ਹੁਣ ਤੋਂ ਹੀ ਸੰਭਾਲ ਲੈਣਾ ਚਾਹੀਦਾ ਹੈ।
ਬਣਾਓ ਢੁੱਕਵੀਂ ਸਮਾਂ-ਸਾਰਨੀ
ਸਮਾਂ ਬਹੁਤ ਕੀਮਤੀ ਹੁੰਦਾ ਹੈ। ਸਾਨੂੰ ਸਮੇਂ ਦਾ ਸਦਉਪਯੋਗ ਕਰਨਾ ਚਾਹੀਦਾ ਹੈ। ਸਾਰੇ ਵਿਸ਼ਿਆਂ ਦੀ ਨਿਯਮਿਤ ਪੜ੍ਹਾਈ ਲਈ ਢੁੱਕਵੀਂ ਸਮਾਂ-ਸਾਰਨੀ ਬਣਾਉਣੀ ਬਹੁਤ ਜ਼ਰੂਰੀ ਹੈ। ਕੋਈ ਵੀ ਵਿਸ਼ਾ ਔਖਾ ਨਹੀਂ ਹੁੰਦਾ। ਹਾਂ, ਵਿਸ਼ੇ ਤੇ ਪਾਠਕ੍ਰਮ ਅਨੁਸਾਰ ਉਸ ਨੂੰ ਘੱਟ ਜਾਂ ਵੱਧ ਸਮਾਂ ਦੇਣਾ ਬਹੁਤ ਜ਼ਰੂਰੀ ਹੈ। ਇਸ ਲਈ ਸਵੇਰੇ, ਦੁਪਹਿਰੇ ਜਾਂ ਰਾਤ ਵੇਲੇ ਵੱਖ-ਵੱਖ ਵਿਸ਼ਿਆਂ ਨੂੰ ਵੰਡ ਕੇ ਸਮਾਂ ਦੇਣਾ ਚਾਹੀਦਾ ਹੈ।
ਤੜਕੇ ਪੜ੍ਹਨ ਦੀ ਪਾਓ ਆਦਤ
ਪੜ੍ਹਨ ਲਈ ਹਰ ਸਮਾਂ ਢੁੱਕਵਾਂ ਹੁੰਦਾ ਹੈ। ਜਿਨ੍ਹਾਂ ਬੱਚਿਆਂ ਅੰਦਰ ਪੜ੍ਹਨ ਦੀ ਲਗਨ ਹੁੰਦੀ ਹੈ, ਉਹ ਅਪਣਾ ਸਮਾਂ ਵਿਅਰਥ ਨਹੀਂ ਗਵਾਉਂਦੇ। ਅਜਿਹੇ ਬੱਚੇ ਪੜ੍ਹਨ ਲਈ ਆਪਣਾ ਵਕਤ ਕੱਢ ਹੀ ਲੈਂਦੇ ਹਨ। ਵਿਦਿਆਰਥੀਆਂ ਨੂੰ ਸਕੂਲ ਤੇ ਘਰ ’ਚ ਪੜ੍ਹਾਈ ਕਰਨ ਦਾ ਮਿਲਿਆ ਮੌਕਾ ਗੁਆਉਣਾ ਨਹੀਂ ਚਾਹੀਦਾ । ਤਣਾਅ-ਮੁਕਤ ਹੋ ਕੇ ਸਾਰੇ ਵਿਸ਼ਿਆਂ ਦਾ ਸਿਲੇਬਸ ਕਵਰ ਕਰ ਲੈਣਾ ਚਾਹੀਦਾ। ਪੜ੍ਹਾਈ ਲਈ ਤੜਕਸਾਰ ਦਾ ਸਮਾਂ ਉੱਤਮ ਮੰਨਿਆ ਜਾਂਦਾ ਹੈ। ਇਸ ਵੇਲੇ ਸਾਡਾ ਮਨ-ਮਸਤਕ ਤਰੋਤਾਜ਼ਾ ਹੁੰਦਾ ਹੈ। ਵਾਤਾਵਰਨ ਸ਼ਾਂਤ ਅਤੇ ਉਸਾਰੂ ਹੁੰਦਾ ਹੈ। ਇਸ ਸਮੇਂ ਕੀਤੇ ਕੰਮ ਹਮੇਸ਼ਾ ਰਾਸ ਆਉਂਦੇ ਹਨ। ਇਸ ਲਈ ਵਿਦਿਆਰਥੀਆਂ ਨੂੰ ਤੜਕੇ ਉੱਠ ਕੇ ਪੜ੍ਹਨ ਦੀ ਆਦਤ ਪੱਕੀ ਬਣਾ ਲੈਣੀ ਚਾਹੀਦੀ ਹੈ। ਔਖੇ ਵਿਸ਼ਿਆਂ ਦੀ ਤਿਆਰੀ ਸਵੇਰ ਦੇ ਸਮੇਂ ਜਾਂ ਤੜਕਸਾਰ ਵੇਲੇ ਕਰਨੀ ਬਹੁਤ ਲਾਭਕਾਰੀ ਹੁੰਦੀ ਹੈ।
ਪੇਪਰ ਪੈਟਰਨ ਨੂੰ ਸਮਝੋ
ਵਿਦਿਆਰਥੀਆਂ ਨੂੰ ਆਪਣੇ ਪੇਪਰ ਪੈਟਰਨ ਦੀ ਸਮਝ ਹੋਣੀ ਬਹੁਤ ਜ਼ਰੂਰੀ ਹੈ। ਹਰ ਵਿਦਿਆਰਥੀ ਦਾ ਆਪਣੀ ਜਮਾਤ ਅਨੁਸਾਰ ਨਿਰਧਾਰਤ ਵਿਸ਼ਿਆਂ ਦਾ ਪੇਪਰ ਪੈਟਰਨ ਵੀ ਅਲੱਗ-ਅਲੱਗ ਹੁੰਦਾ ਹੈ। ਕਈ ਵਿਦਿਆਰਥੀ ਪੇਪਰਾਂ ਦੀ ਤਿਆਰੀ ਤਾਂ ਬਾਖ਼ੂਬੀ ਕਰ ਰਹੇ ਹੁੰਦੇ ਹਨ। ਪਰ ਪੇਪਰ ਪੈਟਰਨ ਦਾ ਪੂਰਾ ਗਿਆਨ ਨਾ ਹੋਣ ਕਰਕੇ ਉਹ ਪ੍ਰੀਖਿਆ ਵਾਲੇ ਦਿਨ ਪ੍ਰਸ਼ਨਾਂ ਦੇ ਉੱਤਰ ਦੇਣ ਵੇਲੇ ਗ਼ਲਤੀਆਂ ਕਰ ਦਿੰਦੇ ਹਨ। ਵਿਦਿਆਰਥੀਆਂ ਨੂੰ ਆਪਣੇ ਹਰ ਪੇਪਰ ਦੇ ਪ੍ਰਸ਼ਨਾਂ ਦੀ ਅੰਕ-ਵੰਡ, ਪ੍ਰਸ਼ਨਾਂ ਦੇ ਉੱਤਰਾਂ ਦਾ ਆਕਾਰ, ਕੁੱਲ ਸਮਾਂ, ਉੱਤਰ ਲਿਖਣ ਦੀ ਵਿਧੀ, ਸੁੰਦਰ ਲਿਖਾਈ ਲਈ ਮਿਲਦੇ ਅੰਕ ਆਦਿ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਨਾਲ ਉਹ ਬੇਲੋੜੀ ਮਿਹਨਤ ਤੋਂ ਬਚਣਗੇ ਤੇ ਤਣਾਅ-ਮੁਕਤ ਹੋ ਕੇ ਪੇਪਰ ਹੱਲ ਕਰਨਗੇ। ਉਨ੍ਹਾਂ ਨੂੰ ਸਾਰਾ ਪ੍ਰਸ਼ਨ ਪੱਤਰ ਹੱਲ ਕਰਨ ਲਈ ਪੂਰਾ ਸਮਾਂ ਵੀ ਮਿਲੇਗਾ।
ਰੈਗੂਲਰ ਜਾਓ ਸਕੂਲ
ਜੀਵਨ ਵਿਚ ਨਿਯਮਬੱਧ ਬਣਨ ਦੀ ਆਦਤ ਸਫਲਤਾ ਦਾ ਰਾਹ ਬਣਦੀ ਹੈ। ਤੁਹਾਨੂੰ ਸਕੂਲੋਂ ਗ਼ੈਰ-ਹਾਜ਼ਰ ਨਹੀਂ ਹੋਣਾ ਚਾਹੀਦਾ। ਰੋਜ਼ਾਨਾ ਸਮੇਂ ਸਿਰ ਸਕੂਲ ਜਾਣਾ ਚਾਹੀਦਾ ਹੈ। ਇਸ ਨਾਲ ਤੁਹਾਡੇ ਸਾਰੇ ਵਿਸ਼ਿਆਂ ਦੀ ਲਗਾਤਾਰ ਤਿਆਰੀ ਹੁੰਦੀ ਰਹੇਗੀ। ਵਿਸ਼ਿਆਂ ’ਚ ਤੁਹਾਡੀ ਹੋਰ ਰੁਚੀ ਵਧੇਗੀ। ਪ੍ਰੀਖਿਆਵਾਂ ਦੀ ਤਿਆਰੀ ਵੇਲੇ ਡਰ ਨਹੀਂ ਲੱਗੇਗਾ। ਅਧਿਆਪਕ ਤੁਹਾਨੂੰ ਪਿਆਰ ਕਰਨਗੇ। ਜਮਾਤ ’ਚ ਸਹਿਪਾਠੀ ਤੁਹਾਡਾ ਸਤਿਕਾਰ ਕਰਨਗੇ ਤੇ ਤੁਹਾਡਾ ਸਵੈਮਾਣ ਵਧੇਗਾ। ਰੈਗੂਲਰ ਸਕੂਲ ਜਾਣ ਨਾਲ ਜਿੱਥੇ ਪ੍ਰੀਖਿਆ ਵਿਚ ਚੰਗੇ ਅੰਕ ਲੈਣੇ ਸੌਖੇ ਹੋ ਜਾਂਦੇ ਹੇਨ, ਉੱਥੇ ਜ਼ਿੰਦਗੀ ’ਚ ਅੱਗੇ ਵਧਣ ਦਾ ਸਾਡਾ ਇਰਾਦਾ ਵੀ ਪ੍ਰਪੱਕ ਹੁੰਦਾ ਹੈ।
ਯਾਦ ਤੇ ਲਿਖਣ ਵਿਧੀ ਅਪਣਾਓ
ਲੰਮੇ ਸਮੇਂ ਤਕ ਪ੍ਰਸ਼ਨਾਂ ਦੇ ਉੱਤਰ ਯਾਦ ਰੱਖਣ ਲਈ ਸਾਨੂੰ ਯਾਦ ਤੇ ਲਿਖਣ ਵਿਧੀ ਅਪਣਾਉਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਸਾਰੇ ਪ੍ਰਸ਼ਨ ਪੜ੍ਹ ਲੈਣੇ ਚਾਹੀਦੇ ਹਨ। ਫਿਰ ਉਨ੍ਹਾਂ ਵਿੱਚੋਂ ਸੌਖੇ
ਪ੍ਰਸ਼ਨ ਛੱਡ ਕੇ ਬਾਕੀ ਰਹਿੰਦੇ ਔਖੇ ਪ੍ਰਸ਼ਨਾਂ ਦੇ ਉੱਤਰਾਂ ਨੂੰ ਦੋ-ਦੋ ਅਤੇ ਚਾਰ-ਚਾਰ ਕਰ ਕੇ ਦੁਬਾਰਾ ਪੜ੍ਹਨਾ ਚਾਹੀਦਾ ਹੈ। ਇਸ ਮਗਰੋਂ ਕਾਪੀ ’ਤੇ ਲਿਖਣ ਦਾ ਅਭਿਆਸ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਵਾਰ-ਵਾਰ ਯਾਦ ਕਰ ਕੇ ਵਾਰ-ਵਾਰ ਲਿਖਣ ਨਾਲ ਪ੍ਰਸ਼ਨਾਂ ਦੇ ਉੱਤਰ ਸੌਖੇ ਹੀ ਦਿਮਾਗ਼ ਵਿਚ ਪੈ ਕੇ ਚੇਤੇ ਹੋ ਜਾਂਦੇ ਹਨ। ਇਸ ਤਰ੍ਹਾਂ ਯਾਦ ਕੀਤੇ ਉੱਤਰ ਵਿਦਿਆਰਥੀਆਂ ਨੂੰ ਲੰਮੇ ਸਮੇਂ ਤੱਕ ਕੰਠ ਹੋ ਜਾਂਦੇ ਹਨ। ਪ੍ਰੀਖਿਆਵਾਂ ਦੌਰਾਨ ਉਹ ਬਿਨਾਂ ਕਿਸੇ ਡਰ ਅਤੇ ਤਣਾਅ ਤੋਂ ਚਾਈਂ-ਚਾਈਂ ਸਾਰਾ ਪੇਪਰ ਹੱਲ ਕਰ ਦਿੰਦੇ ਹਨ।
ਲਿਖਤ ਸੁੰਦਰ ਬਣਾਓ
ਸੁੰਦਰ ਲਿਖਤ ਸਦਾ ਪ੍ਰਭਾਵਸ਼ਾਲੀ ਹੁੰਦੀ ਹੈ। ਸਿੱਖਿਆ ਬੋਰਡ ਵੱਲੋਂ ਵੀ ਸਾਲਾਨਾ ਪ੍ਰੀਖਿਆਵਾਂ ਵਿਚ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਵਿਸ਼ਿਆਂ ਦੇ ਪੇਪਰਾਂ ’ਚ ਸੁੰਦਰ ਲਿਖਾਈ ਦੇ ਪੰਜ ਵਾਧੂ ਅੰਕ ਦਿੱਤੇ ਜਾਂਦੇ ਹਨ। ਇਹ ਪੰਜ ਅੰਕ ਅਜਾਈਂਂ ਨਹੀਂ ਗੁਆਉਣੇ ਚਾਹੀਦੇ। ਵਿਦਿਆਰਥੀਆਂ ਨੂੰ ਸੁੰਦਰ ਲਿਖਾਈ ਦਾ ਲਗਾਤਾਰ ਅਭਿਆਸ ਕਰਨਾ ਚਾਹੀਦਾ ਹੈ। ਅੱਖ਼ਰਾਂ ਦੀ ਬਣਤਰ, ਵਿਸਰਾਮ ਚਿੰਨ੍ਹ, ਪੈਰ੍ਹੇ ਬਣਾਉਣ ਆਦਿ ਵਿਆਕਰਨਕ ਨਿਯਮਾਂ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ। ਲਿਖਤ ’ਚ ਕਟਿੰਗ ਨਹੀਂ ਕਰਨੀ ਚਾਹਦੀ।
ਲਿਖਾਈ ਵੀ ਇਕਸਾਰ ਰੱਖਣੀ ਚਾਹੀਦੀ ਹੈ। ਸ਼ਬਦ ਤੋਂ ਸ਼ਬਦ ਦੀ ਵਿੱਥ ਭਾਵ ਫ਼ਾਸਲਾ ਬਰਾਬਰ ਰੱਖਣਾ ਚਾਹੀਦਾ ਹੈ। ਪ੍ਰੀਖਿਆਵਾਂ ਵਿਚ ਕੀਤੀ ਸੁੰਦਰ ਲਿਖਾਈ ਪ੍ਰੀਖਿਅਕ ’ਤੇ ਡੂੰਘਾ ਪ੍ਰਭਾਵ ਪਾਉਂਦੀ ਹੈ। ਸੁੰਦਰ ਲਿਖਾਈ ਸਾਡੀ ਸ਼ਖ਼ਸੀਅਤ ਦਾ ਸੁੰਦਰ ਗੁਣ ਵੀ ਬਣ ਜਾਂਦੀ ਹੈ।
ਲਗਨ ਨਾਲ ਕੀਤੀ ਮਿਹਨਤ ਲਿਆਉਂਦੀ ਰੰ
ਪਿਆਰੇ ਬੱਚਿਓ, ਸਖ਼ਤ ਮਿਹਨਤ ਹੀ ਸਫਲਤਾ ਦਾ ਰਾਜ਼ ਹੈ। ਸਫਲਤਾ ਸਭ ਲੋਚਦੇ ਹਨ। ਸਫਲਤਾ ਸਾਨੂੰ ਸਵੈ-ਵਿਸ਼ਵਾਸ ਨਾਲ ਭਰਦੀ ਹੈ। ਇਸ ਲਈ ਸਫਲਤਾ ਦਾ ਤਾਜ ਸਭ ਪਹਿਨਣਾ ਚਾਹੁੰਦੇ ਹਨ ਪਰ ਮਿਹਨਤ ਤੋਂ ਬਗ਼ੈਰ ਇਹ ਨਸੀਬ ਨਹੀਂ ਹੁੰਦਾ। ਇਸ ਲਈ ਸਾਨੂੰ ਆਲਸ ਛੱਡ ਕੇ ਸਿਰਫ਼ ਮਿਹਨਤ ਦੇ ਪਾਂਧੀ ਬਣ ਜਾਣਾ ਚਾਹੀਦਾ ਹੈ। ਯਾਦ ਰੱਖੋ ਕਿ ਮਿਹਨਤ ਹਿੰਮਤ ’ਚੋਂ ਫੁੱਟਦੀ ਹੈ, ਫਿਰ ਹੀ ਇਸ ਨੂੰ ਸਫਲਤਾ ਦਾ ਫਲ ਲੱਗਦਾ ਹੈ। ਹਿੰਮਤ ਨਾਲ ਹੀ ਪਰਿੰਦੇ ਅੰਬਰਾਂ ’ਚ ਉਡਾਰੀ ਭਰਦੇ ਹਨ, ਚੋਗਾ ਲੱਭਦੇ ਹਨ ਤੇ ਫਿਰ ਚੋਗਾ ਚੁੱਗਦੇ ਹਨ। ਹਿੰਮਤ ਨਾਲ ਹੀ ਜੁਗਨੂੰ ਰਾਤ ਵੇਲੇ ਹਨੇਰੇ ’ਚ ਚਮਕਦੇ ਹਨ।
ਹਿੰਮਤ ਤੇ ਲਗਨ ਨਾਲ ਕੀਤੀ ਮਿਹਨਤ ਸਦਾ ਰੰਗ ਲਿਆਉਂਦੀ ਹੈ। ਇਸ ਲਈ ਸਾਨੂੰ ਸਖ਼ਤ ਮਿਹਨਤ ਨਾਲ ਪੜ੍ਹਾਈ ਕਰਨੀ ਚਾਹੀਦੀ ਹੈ। ਮਿਹਨਤੀ ਵਿਦਿਆਰਥੀ ਸਦਾ ਸਫਲ ਹੁੰਦੇ ਹਨ। ਉਹ ਚੰਗੇ ਅੰਕਾਂ ਨਾਲ ਪਾਸ ਵੀ ਹੁੰਦੇ ਹਨ ਤੇ ਮੈਰਿਟ ’ਚ ਵੀ ਆਉਂਦੇ ਹਨ। ਉਨ੍ਹਾਂ ਦੇ ਖ਼ਾਬ ਪੂਰੇ ਹੁੰਦੇ ਹਨ। ਮਿਹਨਤ ਉਨ੍ਹਾਂ ਦੇ ਸਿਰ ਸਫਲਤਾ ਦਾ ਤਾਜ ਸਜਾਉਂਦੀ ਹੈ।
-
ਵਿਜੈ ਗਰਗ, ਰਿਟਾਇਰਡ ਪ੍ਰਿੰਸੀਪਲ ਐਜੂਕੇਸ਼ਨਲ ਕਲਮਨਇਸਟ ਗਲੀ ਕੌਰ ਚੰਦ ਐਮ ਐਚ ਆਰ ਮਲੋਟ ਪੰਜਾਬ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.