ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਵੱਲੋਂ ਨਵੇਂ ਦੇਸੀ ਵਰ੍ਹੇ ਮੌਕੇ "ਕਥਾ ਤੇ ਕੀਰਤਨ ਦਰਬਾਰ" 13 ਮਾਰਚ ਨੂੰ- ਡਾ.ਕਰਵਿੰਦਰ ਸਿੰਘ U.K
- ਸਿੱਖ ਪੰਥ ਦੇ ਇੰਟਰਨੈਸ਼ਨਲ ਕਥਾ ਵਾਚਕ ਭਾਈ ਦਰਸ਼ਨ ਸਿੰਘ ਜੱਟਪੁਰਾ ਗੁਰਮਤਿ ਅਨੁਸਾਰ ਕਥਾ ਵਖਿਆਨ ਕਰਨਗੇ
- ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਦੇ ਕੀਰਤਨੀ ਜੱਥੇ ਸਮੇਤ ਹੋਰ ਪ੍ਰਸਿੱਧ ਕੀਰਤਨੀ ਜਥੇ ਹਾਜ਼ਰੀ ਭਰਨਗੇ
- 14 ਮਾਰਚ ਨੂੰ ਸਵੇਰੇ 9 ਵਜੇ ਸਮੂਹ ਸੰਗਤਾਂ ਨੂੰ ਖਵਾਏ ਜਾਣਗੇ ਮਿੱਠੇ ਚੌਲ
- ਦੱਸਿਆ, ਪ੍ਰਬੰਧਕਾਂ ਅਨੁਸਾਰ ਇਸ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਮੁਕੰਮਲ
- ਸੁਸਾਇਟੀ ਨੇ ਸੰਗਤਾਂ ਨੂੰ ਵੱਡੀ ਗਿਣਤੀ 'ਚ ਹਾਜ਼ਰੀਆਂ ਭਰ ਕੇ ਸਮਾਗਮ ਦੀ ਰੌਣਕ ਨੂੰ ਵਧਾਉਣ ਦੀ ਕੀਤੀ ਅਪੀਲ
- ਸੰਗਤਾਂ ਧਾਰਮਿਕ ਸਮਾਗਮ ਦਾ ਹਰਜਸ ਲਾਹਾ ਪ੍ਰਾਪਤ ਕਰਕੇ ਜੀਵਨ ਸਫ਼ਲਾ ਕਰਨ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ 12 ਮਾਰਚ 2025- ਇਤਿਹਾਸਕ ਸ਼ਹਿਰ ਰਾਏਕੋਟ ਦੀ ਪਵਿੱਤਰ ਧਰਤੀ 'ਤੇ ਨਵੇਂ ਦੇਸੀ ਵਰ੍ਹੇ ਦੇ ਮੌਕੇ 'ਤੇ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ (ਰਜਿ.), ਰਾਏਕੋਟ ਵੱਲੋਂ ਇਸ ਵਾਰ ਵੀ ਗੁਰਦੁਆਰਾ ਗੁਰੂ ਰਵਿਦਾਸ ਭਗਤ ਜੀ, ਜਗਰਾਓਂ ਰੋਡ, ਰਾਏਕੋਟ ਵਿਖੇ ਗੁਰਮਤਿ ਸਮਾਗਮ 13 ਮਾਰਚ, ਦਿਨ ਵੀਰਵਾਰ ਨੂੰ ਸ਼ਾਮ 6.30 ਵਜੇ(ਭਾਰਤੀ ਸਮੇਂ ਅਨੁਸਾਰ)ਤੋਂ ਰਾਤ 10.30 ਵਜੇ ਤੱਕ ਕਰਵਾਇਆ ਜਾ ਰਿਹਾ ਹੈ।
ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਦੇ ਸਰਪ੍ਰਸਤ ਭਾਈ ਡਾਕਟਰ ਕਰਵਿੰਦਰ ਸਿੰਘ U.K (ਰਾਏਕੋਟ ਵਾਲੇ) ਵੱਲੋਂ ਪ੍ਰੈੱਸ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਬਾਣੀ ਦੇ ਮਹਾਂ ਵਾਕ "ਕਲਯੁਗ ਮਹਿ ਕੀਰਤਨ ਪਰਧਾਨਾ, ਗੁਰਮਖਿ ਜਪੀਐ ਲਾਇ ਧਿਆਨਾ" ਅਨੁਸਾਰ ਰੂਹਾਨੀ ਕਥਾ ਤੇ ਕੀਰਤਨ ਦਰਬਾਰ (ਗੁਰਮਤਿ ਸਮਾਗਮ)ਕਰਕੇ ਨਵਾਂ ਦੇਸੀ ਸਾਲ ਗੁਰੂ ਜੀ ਦੇ ਨਾਲ ਮਨਾਇਆ ਜਾ ਰਿਹਾ ਹੈ।ਇਹ ਗੁਰਮਤਿ ਸਮਾਗਮ ਗੁਰਦੁਆਰਾ ਗੁਰੂ ਰਵਿਦਾਸ ਭਗਤ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਭਰਪੂਰ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
ਲੱਗਭਗ 4 ਘੰਟੇ ਚੱਲਣ ਵਾਲੇ ਇਸ ਗੁਰਮਤਿ ਸਮਾਗਮ ਮੌਕੇ ਭਾਈ ਸੁਖਵਿੰਦਰ ਸਿੰਘ ਗੋਂਦਵਾਲ(ਰਾਏਕੋਟ ਵਾਲੇ) ਹਜ਼ੂਰੀ ਰਾਗੀ ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ ਗੋਂਦਵਾਲ/ਭਾਈ ਨੂਰਾ ਮਾਹੀ ਸੇਵਾ ਸੁਸਾਇਟੀ, ਰਾਏਕੋਟ ਦੇ ਕੀਰਤਨੀ ਜੱਥੇ/ ਭਾਈ ਪਲਵਿੰਦਰ ਸਿੰਘ ਜੀ(ਹੈੱਡ ਗ੍ਰੰਥੀ) ਗੁਰਦੁਆਰਾ ਸ਼ਹੀਦ ਬਾਬਾ ਜ਼ੋਰਾਵਰ ਸਿੰਘ-ਬਾਬਾ ਫ਼ਤਹਿ ਸਿੰਘ, ਰਾਏਕੋਟ/ ਭਾਈ ਅਮਨਦੀਪ ਸਿੰਘ ਚੀਮਾ ਦੇ ਪ੍ਰਸਿੱਧ ਕੀਰਤਨੀ ਜੱਥਿਆਂ ਵੱਲੋਂ ਗੁਰਬਾਣੀ ਦਾ ਰਸ-ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਸਿੱਖ ਪੰਥ ਦੇ ਇੰਟਰਨੈਸ਼ਨਲ ਕਥਾ ਵਾਚਕ ਭਾਈ ਦਰਸ਼ਨ ਸਿੰਘ ਜੱਟਪੁਰਾ ਵਾਲੇ ਗੁਰਮਤਿ ਅਨੁਸਾਰ ਕਥਾ ਵਖਿਆਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਜੋੜਨਗੇ।
ਇਸ ਦੌਰਾਨ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਵਾਹਿਗੁਰੂ ਸਾਹਿਬ ਅੱਗੇ ਅਰਦਾਸ/ਬੇਨਤੀ/ਜੋਦੜੀ/ਅਰਜ਼ੋਈ ਕੀਤੀ ਹੈ ਕਿ ਉਹ ਆਪਣੀ ਅਪਾਰ ਕਿਰਪਾ/ਬਖਸ਼ਿਸ਼ ਸਦਕਾ ਇਸ ਸਾਲਾਨਾ ਗੁਰਮਤਿ ਸਮਾਗਮ ਨੂੰ ਨਿਰਵਿਘਨ ਨੇਪਰੇ ਚਾੜ੍ਹਨ। ਨਾਨਕ ਨਾਮ ਲੇਵਾ ਸੰਗਤਾਂ ਨੂੰ ਇਸ ਸਮਾਗਮ ਮੌਕੇ ਵੱਡੀ ਗਿਣਤੀ 'ਚ ਹਾਜ਼ਰੀਆਂ ਭਰਕੇ ਹਰਜਸ ਲਾਹਾ ਪ੍ਰਾਪਤ ਕਰਨ ਦੀ ਨਿਮਰਤਾ ਸਹਿਤ ਬੇਨਤੀ ਕੀਤੀ ਗਈ ਹੈ। ਇਸ ਸਮਾਗਮ ਮੌਕੇ ਸੰਗਤਾਂ ਲਈ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ।
ਨਵੇਂ ਦੇਸੀ ਵਰ੍ਹੇ ਮੌਕੇ 14 ਮਾਰਚ ਨੂੰ ਸਵੇਰੇ 9 ਵਜੇ ਸਮੂਹ ਸੰਗਤਾਂ ਲਈ ਮਿੱਠੇ ਚੌਲਾਂ ਦਾ ਵਿਸ਼ਾਲ ਭੰਡਾਰਾ ਲਗਾਇਆ ਜਾ ਰਿਹਾ ਹੈ। ਪ੍ਰਬੰਧਕਾਂ ਦੇ ਦੱਸਣ ਅਨੁਸਾਰ ਇਸ "ਰੂਹਾਨੀ ਕਥਾ ਤੇ ਕੀਰਤਨ ਦਰਬਾਰ" ਨੂੰ ਨੇਪਰੇ ਚਾੜ੍ਹਨ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।