ਬਠਿੰਡਾ ਦੇ ਵਿਰਾਸਤੀ ਪਿੰਡ ਜੈਪਾਲਗੜ੍ਹ ਵਿੱਚ ਲੱਗਣ ਵਾਲੇ ਵਿਰਾਸਤੀ ਮੇਲੇ ਦਾ ਪੋਸਟਰ ਜਾਰੀ
ਅਸ਼ੋਕ ਵਰਮਾ
ਬਠਿੰਡਾ, 19 ਮਾਰਚ 2025 : ਵਿਧਾਇਕ ਬਠਿੰਡਾ ਸ਼ਹਿਰੀ ਜਗਰੂਪ ਸਿੰਘ ਗਿੱਲ ,ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ, ਮੇਅਰ ਨਗਰ ਨਿਗਮ ਸ਼੍ਰੀ ਪਦਮਜੀਤ ਸਿੰਘ ਮਹਿਤਾ, ਚੇਅਰਮੈਨ ਪੰਜਾਬ ਜੰਗਲਾਤ ਵਿਭਾਗ ਸ੍ ਰਾਕੇਸ਼ ਪੁਰੀ ਵੱਲੋਂ ਬਠਿੰਡਾ ਦੇ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਕਰਵਾਏ ਜਾ ਰਹੇ 18ਵੇਂ ਵਿਰਾਸਤੀ ਮੇਲੇ ਦਾ ਪੋਸਟਰ ਜਾਰੀ ਕੀਤਾ ਗਿਆ।ਇਸ ਮੌਕੇ ਵਿਧਾਇਕ ਸ. ਗਿੱਲ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੰਜਾਬ ਤੇ ਪੰਜਾਬੀਅਤ ਦੇ ਪੁਰਾਣੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਪੁਰਾਣੀ ਵਿਰਾਸਤ ਦੀ ਸਾਂਭ-ਸੰਭਾਲ ਲਈ ਕੰਮ ਕਰ ਰਹੀ ਮਾਲਵਾ ਹੈਰੀਟੇਜ਼ ਤੇ ਸੱਭਿਆਚਾਰਕ ਫਾਊਂਡੇਸ਼ਨ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇੱਥੇ ਸਥਿਤ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ 21, 22 ਅਤੇ 23 ਮਾਰਚ 2025 ਨੂੰ ਕਰਵਾਇਆ ਜਾ ਰਿਹਾ 18ਵਾਂ ਵਿਰਾਸਤੀ ਮੇਲਾ ਦੇਸ਼ ਦੇ ਸੁਤੰਤਰਤਾ ਸੰਗਰਾਮੀਆਂ ਨੂੰ ਸਮਰਪਿਤ ਹੋਵੇਗਾ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਇਹ ਵਿਰਾਸਤੀ ਮੇਲਾ ਪੁਰਾਤਨ ਵਸਤਾਂ ਅਤੇ ਇਤਿਹਾਸ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਲਈ ਲਾਹੇਵੰਦ ਸਾਬਤ ਹੋਵਾਗਾ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਹਮੇਸ਼ਾ ਆਪਣੀਆਂ ਜੜ੍ਹਾਂ ਅਤੇ ਸੱਭਿਆਚਾਰ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਪੁਰਜੋਰ ਅਪੀਲ ਕਰਦਿਆਂ ਕਿਹਾ ਕਿ ਇਸ ਮੇਲੇ ’ਚ ਵੱਧ ਤੋਂ ਵੱਧ ਪਹੁੰਚ ਕੇ ਪੁਰਤਨ ਸੱਭਿਆਚਾਰ ਅਤੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕਰਨ।
ਇਸ ਦੌਰਾਨ ਨਗਰ ਨਿਗਮ ਦੇ ਮੇਅਰ ਸ਼੍ਰੀ ਪਦਮਜੀਤ ਮਹਿਤਾ ਨੇ ਇਸ ਮੇਲੇ ਨੂੰ ਬਠਿੰਡਾ ਦੀ ਸ਼ਾਨ ਦੱਸਦਿਆਂ ਕਿਹਾ ਕਿ ਇਹ ਮੇਲੇ ਸਾਡੇ ਲਈ ਬਹੁਤ ਖਾਸ ਸਥਾਨ ਰੱਖਦਾ ਹੈ। ਉਨ੍ਹਾਂ ਕਿਹਾ ਕਿ ਇਸ ਮੇਲੇ ਦੇ ਲੱਗਣ ਨਾਲ ਜਿੱਥੇ ਨੌਜਵਾਨ ਪੀੜ੍ਹੀ ਦੇ ਗਿਆਨ ਵਿੱਚ ਵਾਧਾ ਹੋਵੇਗਾ, ਉਥੇ ਹੀ ਇਹ ਮੇਲੇ ਸਾਡੇ ਵਿਰਸੇ ਬਾਰੇ ਜਾਣਕਾਰੀ ਦੇਣ ਲਈ ਸਹਾਈ ਸਿੱਧ ਹੋਵੇਗਾ। ਉਨ੍ਹਾਂ ਇਹ ਵੀ ਵਿਸ਼ਵਾਸ਼ ਦਿਵਾਇਆ ਕਿ ਇਸ ਮੇਲੇ ਚੜ੍ਹਾਉਣ ਲਈ ਲਈ ਨਗਰ ਨਿਗਮ ਵਲੋਂ ਹਰ ਤਰ੍ਹਾਂ ਦਾ ਸੰਭਵ ਸਹਿਯੋਗ ਦਿੱਤਾ ਜਾਵੇਗਾ।
ਵਿਰਾਸਤੀ ਮੇਲੇ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ ਦੇ ਪ੍ਰਧਾਨ ਸ. ਹਰਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਇਸ ਮੇਲੇ ਦੀ ਸ਼ੁਰੂਆਤ 21 ਮਾਰਚ ਨੂੰ ਸਵੇਰੇ ਗੁਰੂਦੁਆਰਾ ਹਾਜੀ ਰਤਨ ਵਿਖੇ ਅਰਦਾਸ ਕਰਵਾਉਣ ਉਪਰੰਤ ਦਰਗਾਹ ਤੇ ਚਾਦਰ ਚੜ੍ਹਾਉਣ ਨਾਲ ਹੋਵੇਗੀ। ਇਸ ਉਪਰੰਤ ਵਿਰਾਸਤੀ ਕਾਫ਼ਲਾ ਕੱਢਿਆ ਜਾਵੇਗਾ ਜਿਸ ਵਿੱਚ ਪੁਰਾਤਨ ਤੇ ਵਿਰਾਸਤੀ ਵਸਤਾਂ ਤੋਂ ਇਲਾਵਾ ਵੱਖ-ਵੱਖ ਰਾਜਾਂ ਦੇ ਸੱਭਿਆਚਾਰ ਨੂੰ ਦਰਸਾਉਂਦੀਆਂ ਹੋਈਆਂ ਪ੍ਰਦਰਸ਼ਨੀਆਂ ਸ਼ਾਮਲ ਹੋਣਗੀਆਂ। ਇਹ ਵਿਰਾਸਤੀ ਕਾਫਲਾ ਗੁਰਦੁਆਰਾ ਹਾਜੀ ਰਤਨ ਤੋਂ ਸ਼ੁਰੂ ਹੋ ਕੇ ਅਨਾਜ ਮੰਡੀ, ਪੁਰਾਣਾ ਥਾਣਾ, ਸਿਰਕੀ ਬਜਾਰ, ਬੈਂਕ ਬਜਾਰ, ਆਰੀਆ ਸਮਾਜ ਚੌਂਕ, ਧੋਬੀ ਬਜਾਰ, ਸਦਭਾਵਨਾ ਚੌਂਕ, ਪੋਸਟ ਆਫਿਸ ਬਜਾਰ (ਮੰਦਰ ਹਨੂੰਮਾਨ ਜੀ), ਰੇਲਵੇ ਸਟੇਸ਼ਨ, ਗੋਲ ਡਿੱਗੀ, ਏਸੀ ਮਾਰਕਿਟ ਚੌਕ, ਮਾਲ ਰੋਡ, ਹਨੂੰਮਾਨ ਚੌਕ ਤੋਂ ਹੁੰਦਾ ਹੋਇਆ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਪਹੁੰਚੇਗਾ। ਇਸ ਉਪਰੰਤ ਵਿਰਾਸਤੀ ਪਿੰਡ ਦਾ ਉਦਘਾਟਨ ਉਪਰੰਤ ਮਲਵਈ ਗਿੱਧਾ ਅਤੇ ਪੰਜਾਬੀ ਗਾਇਕਾ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।
ਇਸ ਦੌਰਾਨ ਪ੍ਰਧਾਨ ਸ. ਹਰਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ 22 ਮਾਰਚ ਨੂੰ ਵਿਰਾਸਤੀ ਪਿੰਡ ਵਿਖੇ ਸੱਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਹੋਵੇਗੀ, ਜਿਸ ਦੌਰਾਨ ਕਵੀਸਰ, ਗਵੰਤਰੀ, ਨਾਰਥਜੋਨ ਕਲਚਰ ਦੀਆਂ ਟੀਮਾਂ ਦੀ ਪੇਸ਼ਕਾਰੀ, ਗਿੱਧੇ, ਭੰਗੜੇ, ਸੰਮੀ, ਲੁਡੀ, ਭੰਡਾਂ ਦੀ ਪੇਸ਼ਕਾਰੀ ਤੋਂ ਇਲਾਵਾ ਪ੍ਰਸਿੱਧ ਪੰਜਾਬੀ ਗਾਇਕ ਤੇ ਸੂਫ਼ੀ ਗਾਇਕਾਂ ਵਲੋਂ ਆਪਣੀ ਕਲਾਂ ਦਾ ਪ੍ਰਦਰਸ਼ਨ ਕਰਨਗੇ।ਇਸੇ ਤਰ੍ਹਾਂ 23 ਮਾਰਚ ਨੂੰ ਕਵੀਸਰੀ, ਕਵੀ ਦਰਬਾਰ, ਦੇਸੀ ਖੇਡਾਂ, ਰੱਸਾ-ਕੱਸੀ, ਮੁਗਦਰ ਚੁੱਕਨਾ, ਦੇਸੀ ਘੋਲ ਤੇ ਬਾਜ਼ੀ, ਮਲਵਈ ਗਿੱਧੇ, ਨਾਰਥਜੋਨ ਕਲਚਰ ਦੀਆਂ ਟੀਮਾਂ ਦੀ ਪੇਸ਼ਕਾਰੀ ਤੋਂ ਇਲਾਵਾ ਖੁੱਲ੍ਹਾ ਪੰਜਾਬੀ ਅਖਾੜਾ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪੂਨਮ ਸਿੰਘ, ਮੁੱਖ ਮੰਤਰੀ ਖੇਤਰੀ ਅਫਸਰ ਸ਼੍ਰੀ ਰਮਨਜੀਤ ਸਿੰਘ, ਚੇਅਰਮੈਨ ਮੇਲਾ ਕਮੇਟੀ ਸ੍ਰੀ ਚਮਕੌਰ ਮਾਨ, ਸੀਨੀਅਰ ਮੀਤ ਪ੍ਰਧਾਨ ਸ਼੍ਰੀ ਇੰਦਰਜੀਤ ਸਿੰਘ, ਕਨਵੀਨਰ ਸ਼੍ਰੀ ਰਾਮ ਪ੍ਰਕਾਸ਼ ਜਿੰਦਲ, ਪ੍ਰਧਾਨ ਸ਼੍ਰੀ ਗੁਰਅਵਤਾਰ ਸਿੰਘ ਗੋਗੀ, ਵਾਇਸ ਪ੍ਰਧਾਨ ਬਲਦੇਵ ਸਿੰਘ ਚਾਹਲ, ਸ ਸੁਖਦੇਵ ਗਰੇਵਾਲ ਅਤੇ ਕੌਂਸਲਰ ਸੁਖਦੀਪ ਸਿੰਘ ਢਿੱਲੋ ਆਦਿ ਨੁਮਾਇੰਦੇ ਹਾਜ਼ਰ ਸਨ।