ਪੰਜਾਬੀ ਯੂਨੀਵਰਸਿਟੀ ਵਿਖੇ ਲਗਾਇਆ ਗਿਆ ਖੂਨਦਾਨ ਕੈਂਪ
- ਵਿਧਾਇਕ ਸ੍ਰ. ਹਰਮੀਤ ਪਠਾਣਮਾਜਰਾ ਅਤੇ ਮੁੱਖ ਮੰਤਰੀ ਪੰਜਾਬ ਦੇ ਸਾਬਕਾ ਓ. ਐੱਸ. ਡੀ. ਡਾ. ਉਂਕਾਰ ਸਿੰਘ ਨੇ ਕੀਤੀ ਸ਼ਿਰਕਤ
ਪਟਿਆਲਾ, 12 ਮਾਰਚ 2025 - ਪੰਜਾਬੀ ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਵਿਭਾਗ ਵੱਲੋਂ ਰੈੱਡ ਰਿਬਨ ਕਲੱਬ ਅਤੇ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੇ ਬਲੱਡ ਬੈਂਕ ਦੇ ਸਹਿਯੋਗ ਨਾਲ਼ ਖੂਨਦਾਨ ਕੈਂਪ ਲਗਵਾਇਆ ਗਿਆ। ਇਸ ਕੈਂਪ ਵਿਚ 129 ਵਿਅਕਤੀਆਂ ਨੇ ਖੂਨਦਾਨ ਕੀਤਾ। ਯੂਨੀਵਰਸਿਟੀ ਦੇ ਗੁਰੂ ਤੇਗ ਬਹਾਦੁਰ ਹਾਲ ਵਿਖੇ ਇਸ ਖੂਨਦਾਨ ਕੈਂਪ ਵਿੱਚ ਸਨੌਰ ਹਲਕੇ ਦੇ ਵਿਧਾਇਕ ਸ੍ਰ. ਹਰਮੀਤ ਸਿੰਘ ਪਠਾਣਮਾਜਰਾ ਅਤੇ ਮੁੱਖ ਮੰਤਰੀ ਪੰਜਾਬ ਦੇ ਸਾਬਕਾ ਓ. ਐੱਸ. ਡੀ. ਡਾ. ਉਂਕਾਰ ਸਿੰਘ ਨੇ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕੀਤੀ।
ਸ੍ਰ. ਹਰਮੀਤ ਸਿੰਘ ਪਠਾਣਮਾਜਰਾ ਨੇ ਪੰਜਾਬੀ ਯੂਨੀਵਰਸਿਟੀ ਵੱਲੋਂ ਇਸ ਪਹਿਲਕਦਮੀ ਦੀ ਹੌਸਲਾਅਫਜਾਈ ਕਰਦੇ ਹੋਏ ਇਸਨੂੰ ਇਕ ਨੇਕ ਕਾਰਜ ਦੱਸਿਆ।
ਐੱਨ. ਐੱਸ. ਐੱਸ. ਦੇ ਪ੍ਰੋਗਰਾਮ ਕੋਆਰਡੀਨੇਟਰ ਡਾ. ਅਨਹਦ ਸਿੰਘ ਗਿਲ ਨੇ ਇਸ ਮੌਕੇ ਬੋਲਦਿਆਂ ਵਲੰਟੀਅਰਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਖੂਨਦਾਨ ਕਰਨ ਨਾਲ਼ ਸ਼ਰੀਰ ਨੂੰ ਕੋਈ ਨੁਕਸਾਨ ਨਹੀ ਹੁੰਦਾ ਅਤੇ ਦਾਨ ਕੀਤੇ ਹੋਏ ਇਕ ਯੂਨਿਟ ਨਾਲ਼ ਤਿੰਨ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ।
ਇਸ ਕੈਂਪ ਵਿਚ ਐੱਨ. ਐੱਸ. ਐੱਸ. ਪ੍ਰੋਗਰਾਮ ਅਫਸਰ ਡਾ. ਲਖਵੀਰ ਸਿੰਘ, ਡਾ. ਸੰਦੀਪ ਸਿੰਘ, ਡਾ. ਸਿਮਰਨਜੀਤ ਸਿੰਘ ਸਿੱਧੂ, ਡਾ. ਅਭਿਨਵ ਭੰਡਾਰੀ ਅਤੇ ਡਾ. ਸੁਨੀਤਾ ਸਮੇਤ 29 ਵਲੰਟੀਅਰਜ਼ ਵੱਲੋ ਭਾਗ ਲਿਆ ਗਿਆ। ਕੈਂਪ ਦੇ ਅੰਤ ਵਿਚ ਡਾ. ਅਨਹਦ ਸਿੰਘ ਗਿੱਲ ਵੱਲੋਂ ਸਰਕਾਰੀ ਰਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਦੀ ਟੀਮ, ਐੱਨ. ਐੱਸ. ਐੱਸ. ਪ੍ਰੋਗਰਾਮ ਅਫਸਰਾਂ, ਦਫਤਰੀ ਸਟਾਫ ਅਤੇ ਵਲੰਟੀਅਰਜ਼/ਡੋਨਰਾਂ ਦਾ ਇਸ ਮਹਾਨ ਕਾਰਜ ਵਿੱਚ ਯੋਗਦਾਨ ਪਾਉਣ ਲਈ ਧੰਨਵਾਦ ਕੀਤਾ ਗਿਆ।