ਪੀ.ਏ.ਯੂ. ਦੀ ਸਲਾਨਾ ਐਥਲੈਟਿਕ ਮੀਟ ਜੋਸ਼-ਖਰੋਸ਼ ਨਾਲ ਆਰੰਭ ਹੋਈ
- ਤਾਰੀਫ ਦੇ ਕਾਬਲ ਹੋਣ ਲਈ ਤਕਲੀਫ ਉਠਾਉਣੀ ਪੈਂਦੀ ਹੈ-ਓਲੰਪੀਅਨ ਅਵਨੀਤ ਕੌਰ ਸਿੱਧੂ
ਲੁਧਿਆਣਾ 12 ਮਾਰਚ, 2025 - ਅੱਜ ਪੀ.ਏ.ਯੂ. ਦੇ ਖੇਡ ਸਟੇਡੀਅਮ ਵਿਚ ਡਾਇਰੈਕਟੋਰੇਟ ਪਸਾਰ ਸਿੱਖਿਆ ਦੀ ਨਿਗਰਾਨੀ ਹੇਠ 58ਵੀਂ ਸਲਾਨਾ ਐਥਲੈਟਿਕ ਮੀਟ ਦਾ ਉਦਘਾਟਨੀ ਸਮਾਗਮ ਹੋਇਆ| ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਓਲੰਪੀਅਨ ਅਵਨੀਤ ਕੌਰ ਸਿੱਧੂ ਪੀ ਪੀ ਐੱਸ, ਅਰਜੁਨਾ ਐਵਾਰਡੀ ਸ਼ਾਮਿਲ ਹੋਏ ਜਦਕਿ ਸਮਾਰੋਹ ਦੀ ਪ੍ਰਧਾਨਗੀ ਪੀ.ਏ.ਯੂ. ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਨੇ ਕੀਤੀ| ਉਦਘਾਟਨੀ ਸਮਾਰੋਹ ਵਿਚ ਯੂਨੀਵਰਸਿਟੀ ਦੇ ਉੱਚ ਅਧਿਕਾਰੀ, ਡੀਨ, ਡਾਇਰੈਕਟਰ ਵਿਭਾਗਾਂ ਦੇ ਮੁਖੀ, ਅਧਿਆਪਨ, ਗੈਰ ਅਧਿਆਪਨ ਕਰਮਚਾਰੀ, ਖਿਡਾਰੀ ਅਤੇ ਵਿਦਿਆਰਥੀ ਭਰਪੂਰ ਗਿਣਤੀ ਵਿਚ ਹਾਜ਼ਰ ਰਹੇ| ਓਲੰਪੀਅਨ ਅਵਨੀਤ ਕੌਰ ਸਿੱਧੂ ਨੇ ਵੱਖ-ਵੱਖ ਟੀਮਾਂ ਦੇ ਮਾਰਚ ਪਾਸਟ ਤੋਂ ਸਲਾਮੀ ਲਈ ਅਤੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ| ਕੁਮਾਰੀ ਸਿੱਧੂ ਨੇ ਕਿਹਾ ਕਿ ਸਫਲਤਾ ਵਿਸ਼ੇਸ਼ ਤੌਰ ਤੇ ਖੇਡਾਂ ਦੇ ਖੇਤਰ ਵਿਚ ਇੱਕੋ ਦਿਨ ਵਿਚ ਹਾਸਲ ਨਹੀਂ ਹੁੰਦੀ, ਇਸਲਈ ਲੰਮਾ ਸੰਘਰਸ਼, ਸਖਤ ਮਿਹਨਤ, ਦ੍ਰਿੜ ਨਿਸ਼ਚਾ ਅਤੇ ਆਪਣੇ ਨਿਸ਼ਾਨੇ ਤੇ ਟੇਕ ਬਣਾਈ ਰੱਖਣੀ ਪੈਂਦੀ ਹੈ| ਉਹਨਾਂ ਕਾਵਿਕ ਅੰਦਾਜ਼ ਵਿਚ ਕਿਹਾ ਕਿ ਤਾਰੀਫ ਦੇ ਕਾਬਲ ਹੋਣ ਲਈ ਤਕਲੀਫ ਉਠਾਉਣੀ ਪੈਂਦੀ ਹੈ| ਕੁਮਾਰੀ ਸਿੱਧੂ ਨੇ ਦੱਸਿਆ ਕਿ ਇਕ ਔਰਤ ਹੋਣ ਦੇ ਨਾਤੇ ਉਹਨਾਂ ਨੂੰ ਨੌਕਰੀ ਦੌਰਾਨ ਜੋ ਮੁਸ਼ਕਲਾਂ ਆਉਂਦੀਆਂ ਹਨ, ਉਹਨਾਂ ਦਾ ਸਾਹਮਣਾ ਕਰਨ ਲਈ ਖੇਡ ਦੇ ਮੈਦਾਨ ਵਿਚ ਕੀਤੇ ਸੰਘਰਸ਼ ਤੋਂ ਪ੍ਰੇਰਨਾ ਲੈਂਦੇ ਹਨ| ਉਹਨਾਂ ਖਿਡਾਰੀਆਂ ਨੂੰ ਜਿੱਤ ਹਾਰ ਦੀ ਥਾਂ ਭਾਗ ਲੈਣ ਅਤੇ ਹਰ ਵਾਰ ਮੈਦਾਨ ਵਿੱਚੋਂ ਕੋਈ ਸਬਕ ਲੈ ਕੇ ਨਿਕਲਣ ਲਈ ਪ੍ਰੇਰਿਤ ਕੀਤਾ| ਅਰਜੁਨਾ ਐਵਾਰਡੀ ਖਿਡਾਰੀ ਨੇ ਆਖਿਆ ਕਿ ਪੀ.ਏ.ਯੂ. ਨੇ ਹਮੇਸ਼ਾ ਸਿਰਕੱਢ ਖਿਡਾਰੀ ਪੈਦਾ ਕੀਤੇ ਹਨ ਅਤੇ ਆਸ ਹੈ ਕਿ ਇਹ ਰਵਾਇਤ ਆਉਂਦੇ ਸਮੇਂ ਵਿਚ ਵੀ ਜਾਰੀ ਰਹੇਗੀ|
ਪ੍ਰਧਾਨਗੀ ਭਾਸ਼ਣ ਦੌਰਾਨ ਪੀ.ਏ.ਯੂ. ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਨੇ ਪੀ.ਏ.ਯੂ. ਵੱਲੋਂ ਖੇਡਾਂ ਦੇ ਮੈਦਾਨਾਂ ਵਿਚ ਕੀਤੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ| ਉਹਨਾਂ ਕਿਹਾ ਕਿ ਕਿਸੇ ਸੰਸਥਾ ਨੇ ਆਪਣੇ ਵਿਦਿਆਰਥੀਆਂ ਅਤੇ ਖਿਡਾਰੀਆਂ ਨੂੰ ਖੇਡਾ ਦੇ ਮੈਦਾਨਾਂ ਤੋਂ ਇਲਾਵਾ ਜ਼ਿੰਦਗੀ ਨਾਲ ਜੂਝਣ ਦਾ ਜ਼ਜ਼ਬਾ ਪ੍ਰਦਾਨ ਕਰਨਾ ਹੁੰਦਾ ਹੈ ਅਤੇ ਇਸ ਗੱਲ ਦੀ ਖੁਸ਼ੀ ਹੈ ਕਿ ਪੀ.ਏ.ਯੂ. ਨੇ ਆਪਣੇ ਵਿਦਿਆਰਥੀਆਂ ਨੂੰ ਇਸ ਜ਼ਜ਼ਬੇ ਨਾਲ ਭਰਪੂਰ ਕੀਤਾ ਹੈ| ਉਹਨਾਂ ਖਿਡਾਰੀਆਂ ਨੂੰ ਨਿਰੰਤਰ ਅਨੁਸ਼ਾਸਨ ਵਿਚ ਰਹਿ ਕੇ ਅੱਗੇ ਵਧਣ ਅਤੇ ਖੇਡਣ ਲਈ ਕਿਹਾ|
ਸਵਾਗਤੀ ਸ਼ਬਦ ਕਹਿੰਦਿਆਂ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਮੁੱਖ ਮਹਿਮਾਨ ਦਾ ਸਵਾਗਤ ਵਿਦਿਆਰਥੀਆਂ ਨਾਲ ਕਰਵਾਇਆ| ਉਹਨਾਂ ਕਿਹਾ ਕਿ ਕੁਮਾਰੀ ਅਵਨੀਤ ਕੌਰ ਸਿੱਧੂ ਨੇ ਪੀ.ਏ.ਯੂ. ਵਿਚ ਦਾਖਲਾ ਹਾਸਲ ਕਰ ਲਿਆ ਸੀ| ਜੇਕਰ ਉਹ ਇੱਥੇ ਪੜਨ ਲਈ ਆ ਜਾਂਦੇ ਤਾਂ ਖੇਡਾਂ ਨਾਲ ਸੰਬੰਧਤ ਪੀ.ਏ.ਯੂ. ਦਾ ਇਤਿਹਾਸ ਯਕੀਨਨ ਹੋਰ ਅਮੀਰ ਹੁੰਦਾ|
ਅੰਤ ਵਿਚ ਧੰਨਵਾਦ ਦੇ ਸ਼ਬਦ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਕਹੇ| ਸਮਾਗਮ ਦਾ ਸੰਚਾਲਨ ਡਾ. ਆਸ਼ੂ ਤੂਰ ਨੇ ਕੀਤਾ|
ਜ਼ਿਕਰ ਯੋਗ ਹੈ ਕਿ ਇਹ ਐਥਲੈਟਿਕ ਮੀਟ ਬੀਤੇ ਕੱਲ ਸ਼ੁਰੂ ਹੋ ਗਈ ਸੀ ਅਤੇ ਕੁਝ ਮੁਕਾਬਲੇ ਕੱਲ ਤੋਂ ਹੀ ਆਯੋਜਿਤ ਕੀਤੇ ਗਏ ਸਨ| ਨਤੀਜਿਆਂ ਵਿਚ ਮਰਦਾਂ ਦੀ 5000 ਮੀਟਰ ਦੌੜ ਖੇਤੀਬਾੜੀ ਕਾਲਜ ਦੇ ਪ੍ਰਿਯਾਸ਼ੂੰ ਕੰਬੋਜ ਨੇ ਜਿੱਤੀ| ਦੂਜੇ ਅਤੇ ਤੀਜੇ ਸਥਾਨ ਤੇ ਖੇਤੀ ਇੰਜਨੀਅਰਿੰਗ ਕਾਲਜ ਦੇ ਜਸਮੀਤ ਸਿੰਘ ਅਤੇ ਰਾਜਵਿੰਦਰ ਸਿੰਘ ਰਹੇ| ਮਰਦਾਂ ਦੀ 110 ਮੀਟਰ ਅੜਿੱਕਾ ਦੌੜ ਖੇਤੀ ਇੰਜਨੀਅਰਿੰਗ ਕਾਲਜ ਦੇ ਗੁਰਮਨਜੋਤ ਸਿੰਘ ਦੇ ਨਾਂ ਰਹੀ| ਦੂਸਰੇ ਅਤੇ ਤੀਸਰੇ ਸਥਾਨ ਤੇ ਕ੍ਰਮਵਾਰ ਖੇਤੀਬਾੜੀ ਕਾਲਜ ਦੇ ਰਮੇਸ਼ ਅਤੇ ਮਹਿਕਦੀਪ ਸਿੰਘ ਰਹੇ| ਤੀਹਰੀ ਛਾਲ ਦਾ ਮੁਕਾਬਲਾ ਖੇਤੀ ਇੰਜਨੀਅਰਿੰਗ ਕਾਲਜ ਦੇ ਗੁਰਮਨਜੋਤ ਸਿੰਘ ਨੇ ਜਿੱਤਿਆ| ਦੂਜੇ ਸਥਾਨ ਤੇ ਕਰਨਵੀਰ ਸਿੰਘ ਖੇਤੀਬਾੜੀ ਕਾਲਜ ਅਤੇ ਖੁਸ਼ਕਰਨ ਸਿੰਘ ਖੇਤੀ ਇੰਜਨੀਅਰਿੰਗ ਕਾਲਜ ਰਹੇ| 400 ਮੀਟਰ ਅੜਿੱਕਾ ਦੌੜ ਵਿਚ ਤਿੰਨੇ ਸਥਾਨ ਖੇਤੀਬਾੜੀ ਕਾਲਜ ਦੇ ਵਿਦਿਆਰਥੀਆਂ ਅਵਿਕਾਸ਼ ਸਿੰਘ, ਮਹਿਕਦੀਪ ਸਿੰਘ ਅਤੇ ਰਮੇਸ਼ ਏ ਨੂੰ ਕ੍ਰਮਵਾਰ ਪ੍ਰਾਪਤ ਹੋਏ| ਨੇਜ਼ਾ ਸੁੱਟਣ ਦੇ ਮੁਕਾਬਲੇ ਵਿਚ ਪਹਿਲੇ ਦੋ ਸਥਾਨ ਖੇਤੀਬਾੜੀ ਕਾਲਜ ਦੇ ਅਥਲੀਟਾਂ ਅਨਮੋਲ ਬਿਸ਼ਨੋਈ ਅਤੇ ਰਾਜਵਿੰਦਰ ਸਿੰਘ ਬਰਾੜ ਨੂੰ ਕ੍ਰਮਵਾਰ ਮਿਲੇ| ਤੀਸਰਾ ਸਥਾਨ ਬਾਗਬਾਨੀ ਕਾਲਜ ਦੇ ਅਜੈਪਾਲ ਸਿੰਘ ਨੂੰ ਮਿਲਿਆ| ਸ਼ਾਟਪੁੱਟ ਦੇ ਮੁਕਾਬਲਿਆਂ ਵਿਚ ਖੇਤੀਬਾੜੀ ਕਾਲਜ ਦੇ ਰਵਿੰਦਰਰਾਜ ਸਿੰਘ ਬਰਾੜ ਅਤੇ ਹਰਪ੍ਰੀਤ ਸਿੰਘ ਸੰਧੂ ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ ਤੇ ਰਹੇ| ਤੀਜਾ ਸਥਾਨ ਖੇਤੀ ਇੰਜਨੀਅਰਿੰਗ ਕਾਲਜ ਦੇ ਜਸ਼ਨਪ੍ਰੀਤ ਸਿੰਘ ਭੁੱਲਰ ਨੂੰ ਮਿਲਿਆ| ਉੱਚੀ ਛਾਲ ਦੇ ਮੁਕਾਬਲੇ ਵਿਚ ਕ੍ਰਮਵਾਰ ਖੇਤੀ ਇੰਜਨੀਅਰਿੰਗ ਕਾਲਜ ਦੇ ਖੁਸ਼ਕਰਨ ਸਿੰਘ, ਖੇਤੀਬਾੜੀ ਕਾਲਜ ਦੇ ਮਹਿਕਦੀਪ ਸਿੰਘ ਅਤੇ ਖੇਤੀ ਇੰਜਨੀਅਰਿੰਗ ਕਾਲਜ ਦੇ ਗੁਰਮਨਜੋਤ ਸਿੰਘ ਪਹਿਲੇ, ਦੂਜੇ, ਤੀਜੇ ਸਥਾਨ ਤੇ ਰਹੇ| 4ਣ400 ਮੀਟਰ ਰਿਲੇਅ ਦੌੜ ਵਿਚ ਪਹਿਲੇ ਸਥਾਨ ਖੇਤੀਬਾੜੀ ਕਾਲਜ ਦੀ ਟੀਮ ਰਹੀ| ਕਮਿਊਨਟੀ ਸਾਇੰਸ ਕਾਲਜ ਦੀ ਟੀਮ ਦੂਸਰੇ ਸਥਾਨ ਤੇ ਅਤੇ ਖੇਤੀ ਇੰਜਨੀਅਰਿੰਗ ਕਾਲਜ ਦੀ ਟੀਮ ਤੀਸਰੇ ਸਥਾਨ ਤੇ ਰਹੀ| 100 ਮੀਟਰ ਫਰਾਟਾ ਦੌੜ ਖੇਤੀਬਾੜੀ ਕਾਲਜ ਦੇ ਅਵਿਕਾਸ਼ ਸਿੰਘ ਨੇ ਜਿੱਤੀ| ਇਸੇ ਕਾਲਜ ਦੇ ਮਹਿਕਦੀਪ ਸਿੰਘ ਦੂਸਰੇ ਸਥਾਨ ਤੇ ਅਤੇ ਖੇਤੀ ਇੰਜਨੀਅਰਿੰਗ ਕਾਲਜ ਦੇ ਵੀਰਕੰਵਰ ਸਿੰਘ ਖੁਰਾਣਾ ਤੀਸਰੇ ਸਥਾਨ ਤੇ ਰਹੇ| 1500 ਮੀਟਰ ਦੌੜ ਵਿਚ ਪਹਿਲੇ ਦੋ ਸਥਾਨਾਂ ਤੇ ਪ੍ਰਿਯਾਸ਼ੂੰ ਕੰਬੋਜ ਅਤੇ ਰਾਮ ਨਿਵਾਸ ਇੰਸਾ ਪਹਿਲੇ ਦੋ ਸਥਾਨਾਂ ਤੇ ਰਹੇ| ਤੀਸਰਾ ਸਥਾਨ ਖੇਤੀ ਇੰਜਨੀਅਰਿੰਗ ਕਾਲਜ ਦੇ ਗੁਰਸੇਵਕ ਸਿੰਘ ਨੂੰ ਮਿਲਿਆ| ਡਿਸਕਸ ਥਰੋਅ ਵਿਚ ਖੇਤੀਬਾੜੀ ਕਾਲਜ ਦੇ ਤਿੰਨੇ ਵਿਦਿਆਰਥੀਆਂ ਨੇ ਪਹਿਲੇ ਤਿੰਨ ਇਨਾਮ ਜਿੱਤੇ| ਅਜਿਤੇਸ਼ ਸਿੰਘ ਚਾਹਲ, ਰਵਿੰਦਰ ਰਾਜ ਸਿੰਘ ਬਰਾੜ ਅਤੇ ਅਮਰਿੰਦਰ ਸਿੰਘ ਸਿੱਧੂ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ| 400 ਮੀਟਰ ਦੌੜ ਵਿਚ ਫਿਰ ਖੇਤੀਬਾੜੀ ਕਾਲਜ ਦਾ ਦਬਦਬਾ ਰਿਹਾ| ਇਸੇ ਕਾਲਜ ਦੇ ਅਵਿਕਾਸ਼ ਸਿੰਘ, ਰਾਮ ਨਿਵਾਸ ਇੰਸਾ ਅਤੇ ਸਿਆਰਵਤ ਪਾਲ ਪਹਿਲੇ ਤਿੰਨ ਸਥਾਨਾਂ ਤੇ ਆਏ|
ਔਰਤਾਂ ਦੇ ਵਰਗ ਵਿਚ ਨੇਜ਼ਾ ਸੁੱਟਣ ਦਾ ਮੁਕਾਬਲਾ ਖੇਤੀਬਾੜੀ ਕਾਲਜ ਦੀ ਅਰੁਨਦੀਪ ਕੌਰ ਨੇ ਜਿੱਤਿਆ| ਬਾਗਬਾਨੀ ਕਾਲਜ ਦੀ ਗੁਰਪ੍ਰੀਤ ਕੌਰ ਦੂਸਰੇ ਸਥਾਨ ਤੇ ਰਹੀ ਅਤੇ ਤੀਸਰਾ ਸਥਾਨ ਖੇਤੀਬਾੜੀ ਕਾਲਜ ਦੀ ਨਵਜੋਤ ਨੂੰ ਮਿਲਿਆ| 1500 ਮੀਟਰ ਦੌੜ ਵਿਚ ਅਰੁਨਦੀਪ ਕੌਰ ਖੇਤੀਬਾੜੀ ਕਾਲਜ ਅਤੇ ਰੀਆ ਖੇਤੀਬਾੜੀ ਕਾਲਜ ਪਹਿਲੇ ਦੋ ਸਥਾਨਾਂ ਤੇ ਰਹੀਆਂ| ਬਾਗਬਾਨੀ ਕਾਲਜ ਦੀ ਅਨਮੋਲਦੀਪ ਕੌਰ ਤੀਸਰੇ ਸਥਾਨ ਤੇ ਆਈ| ਉੱਚੀ ਛਾਲ ਦੇ ਮੁਕਾਬਲੇ ਵਿਚ ਬਾਗਬਾਨੀ ਕਾਲਜ ਦੀ ਗੁਰਪ੍ਰੀਤ ਕੌਰ ਅੱਵਲ ਰਹੀ| ਦੂਜਾ ਅਤੇ ਤੀਜਾ ਦੋਵੇ ਸਥਾਨ ਖੇਤੀਬਾੜੀ ਕਾਲਜ ਦੀਆਂ ਵਿਦਿਆਰਥਣਾਂ ਅਰੁਨਦੀਪ ਕੌਰ ਅਤੇ ਰੀਆ ਨੂੰ ਮਿਲੇ| ਡਿਸਕਸ ਸੁੱਟਣ ਦਾ ਮੁਕਾਬਲਾ ਸਮੁੱਚੇ ਰੂਪ ਵਿਚ ਖੇਤੀਬਾੜੀ ਕਾਲਜ ਦੇ ਨਾਮ ਰਿਹਾ| ਇਸੇ ਕਾਲਜ ਦੀਆਂ ਤਿੰਨ ਵਿਦਿਆਰਥਣਾਂ ਦਿਵਨੂਰ ਕੌਰ, ਵੈਭਵੀ ਅਤੇ ਹਰਸਿਮਰਤ ਕੌਰ ਕ੍ਰਮਵਾਰ ਤਿੰਨ ਸਥਾਨਾਂ ਤੇ ਕਾਬਜ਼ ਰਹੀਆਂ| 800 ਮੀਟਰ ਦੌੜ ਵਿਚ ਖੇਤੀਬਾੜੀ ਕਾਲਜ ਦੀਆਂ ਤਿੰਨੇ ਵਿਦਿਆਰਥਣਾਂ ਜੇਤੂ ਰਹੀਆਂ| ਰੀਆ ਨੂੰ ਪਹਿਲਾ, ਅਰੁਨਦੀਪ ਕੌਰ ਨੂੰ ਦੂਜਾ ਅਤੇ ਸਹਿਜਪ੍ਰੀਤ ਕੌਰ ਨੂੰ ਤੀਜਾ ਸਥਾਨ ਮਿਲਿਆ| ਸ਼ਾਟਪੁੱਟ ਵਿਚ ਇਕ ਵਾਰ ਫਿਰ ਖੇਤੀਬਾੜੀ ਕਾਲਜ ਸਮੁੱਚੇ ਰੂਪ ਵਿਚ ਜੇਤੂ ਰਿਹਾ| ਇਸੇ ਕਾਲਜ ਦੀਆਂ ਵੈਭਵੀ, ਦਿਵਨੂਰ ਕੌਰ ਅਤੇ ਜੈਸਿਕਾ ਚੌਧਰੀ ਪਹਿਲੇ ਤਿੰਨ ਸਥਾਨਾਂ ਤੇ ਆਈਆਂ| 100 ਮੀਟਰ ਫਰਾਟਾ ਦੌੜ ਬਾਗਬਾਨੀ ਕਾਲਜ ਦੀ ਗੁਰਪ੍ਰੀਤ ਕੌਰ ਨੇ ਜਿੱਤੀ| ਖੇਤੀਬਾੜੀ ਕਾਲਜ ਦੀ ਰੀਆ ਨਰੀਜਾ ਫਰਾਂਸਿਸ ਦੂਜੇ ਅਤੇ ਬਾਗਬਾਨੀ ਕਾਲਜ ਦੀ ਬੌਂਟੀ ਤੀਜੇ ਸਥਾਨ ਤੇ ਰਹੀਆਂ|