ਪਿੰਡ ਸਿਹਤ ਅਤੇ ਪੋਸ਼ਣ ਕਮੇਟੀ ਦੀ ਮੀਟਿੰਗ ਆਯੁਸ਼ਮਾਨ ਆਰੋਗਿਆ ਕੇਂਦਰ ਬੁਰਜਵਾਲਾ ਵਿਖੇ ਹੋਈ
ਦਰਸ਼ਨ ਗਰੇਵਾਲ
ਰੂਪਨਗਰ, 12 ਮਾਰਚ 2025: ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਸਿਵਲ ਸਰਜਨ, ਰੂਪਨਗਰ ਡਾ. ਤਰਸੇਮ ਸਿੰਘ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਆਯੁਸ਼ਮਾਨ ਆਰੋਗਿਆ ਕੇਂਦਰ ਬੁਰਜਵਾਲਾ ਵਿਖੇ ਪਿੰਡ ਸਿਹਤ ਤੇ ਪੋਸ਼ਣ ਕਮੇਟੀ ਦੀ ਮੀਟਿੰਗ ਆਯੋਜਿਤ ਕੀਤੀ ਗਈ ਜਿਸ ਦੀ ਪ੍ਰਧਾਨਗੀ ਕਮਿਉਨਿਟੀ ਹੈਲਥ ਅਫ਼ਸਰ ਹਰਪ੍ਰੀਤ ਕੌਰ ਨੇ ਕੀਤੀ। ਮੀਟਿੰਗ ਵਿੱਚ ਆਸ਼ਾ ਵਰਕਰ, ਆਂਗਣਵਾੜੀ ਕਰਮਚਾਰੀ, ਗਰਭਵਤੀ ਮਹਿਲਾਵਾਂ, ਮਾਤਾਵਾਂ ਅਤੇ ਪਿੰਡ ਵਾਸੀਆਂ ਨੇ ਭਾਗ ਲਿਆ।
ਇਸ ਮੀਟਿੰਗ ਦੌਰਾਨ ਪੋਸ਼ਣ, ਮਾਤਾ-ਸ਼ਿਸ਼ੂ ਸਿਹਤ, ਟੀਕਾਕਰਣ, ਅਤੇ ਸਾਫ਼-ਸੁਥਰੇ ਪਾਣੀ ਦੀ ਉਪਲਬਧਤਾ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਤੋਂ ਇਲਾਵਾ, ਆਯੁਸ਼ਮਾਨ ਭਾਰਤ ਯੋਜਨਾ ਅਤੇ ਹੋਰ ਸਰਕਾਰੀ ਸਿਹਤ ਸਕੀਮਾਂ ਬਾਰੇ ਵੀ ਵਿਸ਼ਤ੍ਰਿਤ ਜਾਣਕਾਰੀ ਦਿੱਤੀ ਗਈ, ਤਾਂ ਜੋ ਪਿੰਡ ਵਾਸੀ ਇਨ੍ਹਾਂ ਯੋਜਨਾਵਾਂ ਦਾ ਲਾਭ ਲੈ ਸਕਣ।
ਕਮਿਉਨਿਟੀ ਹੈਲਥ ਅਫ਼ਸਰ ਹਰਪ੍ਰੀਤ ਕੌਰ ਨੇ ਪਿੰਡ ਵਾਸੀਆਂ ਨੂੰ ਸਿਹਤ ਸੰਬੰਧੀ ਸਰਕਾਰੀ ਸਕੀਮਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਆਯੁਸ਼ਮਾਨ ਆਰੋਗਿਆ ਕੇਂਦਰ ਨਾਲ ਜੁੜਨ ਲਈ ਉਤਸ਼ਾਹਿਤ ਕੀਤਾ।
ਪਿੰਡ ਸਰਪੰਚ ਮਨਪ੍ਰੀਤ ਕੌਰ ਨੇ ਇਸ ਮੌਕੇ ‘ਤੇ ਕਿਹਾ ਕਿ ਸਿਹਤ ਸੇਵਾਵਾਂ ਨੂੰ ਪਿੰਡ ਦੇ ਹਰ ਨਿਵਾਸੀ ਤੱਕ ਪਹੁੰਚਾਉਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਦੀਆਂ ਮੀਟਿੰਗਾਂ ਪਿੰਡ ਵਾਸੀਆਂ ਵਿੱਚ ਜਾਗਰੂਕਤਾ ਵਧਾਉਣ ਵਿੱਚ ਮਦਦਗਾਰ ਸਾਬਤ ਹੋ ਰਹੀਆਂ ਹਨ। ਅਸੀਂ ਉਮੀਦ ਕਰਦੇ ਹਾਂ ਕਿ ਹਰੇਕ ਪਿੰਡ ਨਿਵਾਸੀ ਇਹ ਜਾਣਕਾਰੀ ਲੈ ਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਸੰਭਾਲ ‘ਚ ਹੋਰ ਸਰਗਰਮ ਭੂਮਿਕਾ ਨਿਭਾਵੇਗਾ।
ਸੀਨੀਅਰ ਮੈਡੀਕਲ ਅਫ਼ਸਰ ਡਾ. ਆਨੰਦ ਘਈ ਨੇ ਵੀ ਇਸ ਮੌਕੇ ‘ਤੇ ਆਪਣੀ ਰਾਇ ਦਿੱਤੀ। ਉਨ੍ਹਾਂ ਕਿਹਾ ਕਿ ਸਿਹਤ ਸੰਬੰਧੀ ਜਾਗਰੂਕਤਾ ਹੀ ਹਰ ਰੋਗ ਦੇ ਇਲਾਜ ਤੋਂ ਪਹਿਲਾਂ ਸਭ ਤੋਂ ਵਧੀਆ ਰੋਕਥਾਮ ਹੈ। ਸਿਹਤ ਵਿਭਾਗ ਪਿੰਡ ਵਾਸੀਆਂ ਦੀ ਭਲਾਈ ਲਈ ਹਮੇਸ਼ਾ ਤਤਪਰ ਹੈ। ਇਸ ਤਰ੍ਹਾਂ ਦੀਆਂ ਮੀਟਿੰਗਾਂ ਰਾਹੀਂ ਅਸੀਂ ਪਿੰਡ ਪੱਧਰ ‘ਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਇਹ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਆਪਣੇ ਅਤੇ ਆਪਣੇ ਪਰਿਵਾਰ ਦੀ ਸਿਹਤ ਲਈ ਜ਼ਿੰਮੇਵਾਰ ਬਣਣ।
ਇਸ ਮੀਟਿੰਗ ਨੂੰ ਸਫਲ ਬਣਾਉਣ ਵਿੱਚ ਏ ਐਨ ਐਮ ਹਰਪ੍ਰੀਤ ਕੌਰ, ਸਿਹਤ ਕਰਮਚਾਰੀ ਸੰਜੀਵ ਕੁਮਾਰ ਅਤੇ ਆਸ਼ਾ ਵਰਕਰ ਦਿਵਿਆ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਸਿਹਤ ਸੰਬੰਧੀ ਜਾਗਰੂਕਤਾ ਦੇਣ, ਸਕੀਮਾਂ ਦੀ ਜਾਣਕਾਰੀ ਪਹੁੰਚਾਣ ਅਤੇ ਲੋੜਵੰਦ ਲੋਕਾਂ ਨੂੰ ਉਚਿਤ ਸਲਾਹ ਦੇਣ ਵਿੱਚ ਅਹਿਮ ਯੋਗਦਾਨ ਪਾਇਆ।