ਨਿਊਜ਼ੀਲੈਂਡ: ਪੀਹਾ ਬੀਚ ’ਤੇ ਡੁੱਬਿਆ ਹਰਿਆਣਾ ਦਾ ਨੌਜਵਾਨ ਅਭਿਸ਼ੇਕ ਅਰੋੜਾ, ਕਈ ਦੋਸਤ ਬਚਾ ਲਏ ਗਏ
-ਅਗਲੇ ਮਹੀਨੇ ਹੋਣਾ ਸੀ ਵਿਆਹ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 1 ਫਰਵਰੀ 2025:- ਔਕਲੈਂਡ ਸ਼ਹਿਰ ਤੋਂ 55 ਕੁ ਕਿਲੋਮੀਟਰ ਦੂਰ ਬਹੁਤ ਹੀ ਮਸ਼ਹੂਰ ਬੀਚ ‘ਪੀਹਾ ਬੀਚ’ ਉਤੇ ਬੀਤੇ ਮੰਗਲਵਾਰ ਨੂੰ ਤੈਰਾਕੀ ਕਰ ਰਹੇ ਹਰਿਆਣਾ ਮੂਲ ਦੇ ਨੌਜਵਾਨ ਅਭਿਸ਼ੇਕ ਅਰੋੜਾ (25) ਦੀ ਮੌਤ ਹੋ ਗਈ ਹੈ। ਇਹ ਨੌਜਵਾਨ ਅੱਠ ਸਾਲ ਪਹਿਲਾਂ ਨਿਊਜ਼ੀਲੈਂਡ ਆਇਆ ਸੀ ਅਤੇ ਅਗਲੇ ਮਹੀਨੇ ਇਕ ਸ੍ਰੀਲੰਕਾਈ ਕੁੜੀ ਨਾਲ ਵਿਆਹ ਕਰਵਾਉਣ ਵਾਲਾ ਸੀ। ਇਹ ਇਕ ਹੋਟਲ ਦੇ ਵਿਚ ਵਧੀਆ ਅਹੁਦੇ ਉਤੇ ਕੰਮ ਕਰ ਰਿਹਾ ਸੀ। 6-7 ਦੋਸਤਾਂ ਦਾ ਇਹ ਸਮੂਹ ਪੀਹਾ ਬੀਚ ਉਤੇ ਨਹਾਉਣ ਗਿਆ ਅਤੇ ਤੈਰਾਕੀ ਕਰ ਰਿਹਾ ਸੀ। ਮੰਗਲਵਾਰ, 28 ਜਨਵਰੀ ਨੂੰ ਸ਼ਾਮ 4 ਵਜੇ ਨਹਾਉਣ ਦੌਰਾਨ 6 ਹੋਰ ਦੋਸਤ ਸਮੁੰਦਰੀ ਛੱਲਾਂ ਵਿਚ ਘਿਰ ਗਏ। ਪੁਲਿਸ ਨੇ ਪੁਸ਼ਟੀ ਕੀਤੀ ਕਿ ਪੀਹਾ ਦੇ ਉੱਤਰ ਵਿੱਚ, ਬੈਥਲਸ ਬੀਚ ’ਤੇ ਇੱਕ ਲਾਸ਼ ਮਿਲੀ, ਰਸਮੀ ਪਛਾਣ ਜਾਰੀ ਹੈ ਪਰ ਪੁਲਿਸ ਦਾ ਮੰਨਣਾ ਹੈ ਕਿ ਉਸ ਦੀ ਪਛਾਣ ਲਾਪਤਾ ਤੈਰਾਕ ਅਭਿਸ਼ੇਕ ਅਰੋੜਾ ਵਜੋਂ ਹੋਈ ਹੈ।
ਘਟਨਾ ਵਿੱਚ ਸਰਫ ਲਾਈਫਸੇਵਰਾਂ (ਜੀਵਨ ਬਚਾਓ ਦਲ) ਨੇ ਛੇ ਲੋਕਾਂ ਨੂੰ ਬਚਾ ਲਿਆ ਸੀ।
ਇਹ ਉਥੇ ਤੈਰ ਰਹੇ ਸਨ ਜਿੱਥੇ ਜੀਵਨ ਬਚਾਓ ਦੱਲ ਵਾਲੇ ਨਜ਼ਰ ਰੱਖ ਸਕਦੇ ਹਨ, ਜਿਸ ਕਰਕੇ ਬਾਕੀਆਂ ਦਾ ਬਚਾਅ ਹੋ ਗਿਆ। ਬਚਾਓ ਦੱਲ ਵੱਲੋਂ ਹੈਲੀਕਾਪਟਰ ਦੀ ਮਦਦ ਵੀ ਲਈ ਗਈ ਜਦੋਂ ਇਸ ਦਾ ਪਤਾ ਨਹੀਂ ਸੀ ਲੱਗ ਰਿਹਾ। ਇਸ ਨੌਜਵਾਨ ਦੀ ਭਾਲ ਅਗਲੇ ਦਿਨ ਸਵੇਰੇ ਤੱਕ ਜਾਰੀ ਰਹੀ। ਬਚਾਓ ਦੱਲ ਦਾ ਮੰਨਣਾ ਹੈ ਕਿ ਸ਼ਾਇਦ ਉਸਨੂੰ ਤੈਰਨਾ ਨਹੀਂ ਸੀ ਆਉਂਦਾ। ਪੁਲਿਸ ਨੇ ਭਾਰਤ ਵਿੱਚ ਅਰੋੜਾ ਦੇ ਪਰਿਵਾਰ ਨੂੰ ਦੱਸਿਆ ਕਿ ਉਹ ਮੰਨਦੇ ਹਨ ਕਿ ਬੈਥਲ ਦੇ ਬੀਚ ’ਤੇ ਮਿਲੀ ਲਾਸ਼ ਅਭਿਸ਼ੇਕ ਦੀ ਹੈ, ਉਸਦੇ ਚਚੇਰੇ ਭਰਾ ਵਿਜੇ ਤੋਮਰ ਨੇ ਕਿਹਾ ਹੈ ਕਿ ਹੁਣ ਅਸੀਂ ਅਭਿਸ਼ੇਕ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕਰਾਂਗੇ।
ਅਭਿਸ਼ੇਕ ਅਰੋੜਾ ਦੇ ਛੋਟੇ ਭਰਾ ਦੇ ਅੱਜ ਨਿਊਜ਼ੀਲੈਂਡ ਪਹੁੰਚਣ ਦੀ ਉਮੀਦ ਸੀ ਤਾਂ ਜੋ ਉਸਦੀ ਲਾਸ਼ ਦੀ ਪਛਾਣ ਕੀਤੀ ਜਾ ਸਕੇ ਅਤੇ ਉਸਨੂੰ ਘਰ ਲਿਆਉਣ ਦਾ ਦੁਖਦਾਈ ਕੰਮ ਸ਼ੁਰੂ ਕੀਤਾ ਜਾ ਸਕੇ। ਪਰਿਵਾਰ ਦੀ ਮਦਦ ਲਈ ਹੁਣ ਸਹਾਇਤਾ ਇਕੱਤਰ ਕੀਤੀ ਜਾ ਰਹੀ ਹੈ। ਵਰਨਣਯੋਗ ਹੈ ਕਿ ਇਸੇ ਬੀਚ ਉਤੇ ਜਨਵਰੀ 2023 ਦੇ ਵਿਚ ਵੀ ਦੋ ਭਾਰਤੀ ਨੌਜਵਾਨ ਡੁੱਬ ਗਏ ਸਨ।