BJP ਦੇ ਕੌਮੀ ਕਿਸਾਨ ਆਗੂ ਗਰੇਵਾਲ ਭੂਖੜੀ ਕਲਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਧੰਨਵਾਦ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ,2 ਫਰਵਰੀ 2025 :- ਭਾਜਪਾ ਦੇ ਕੌਮੀ ਕਿਸਾਨ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ(ਭੂਖੜੀ ਕਲਾਂ) ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਵੱਲੋਂ 'ਗਿਆਨੀ ਸੁਲਤਾਨ ਸਿੰਘ ' ਨੂੰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਖਲਵਾਉਣ ਲਈ ਅਤੇ ਉਹਨਾਂ ਦੀ ਸਿਹਤ ਬਾਰੇ ਜਾਣਕਾਰੀ ਲਈ ਭੇਜਣ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਕੋਟਨਿ- ਕੋਟਿ ਧੰਨਵਾਦ ਕੀਤਾ ਹੈ।
ਪ੍ਰੈੱਸ ਨੂੰ ਜਾਰੀ ਕੀਤੇ ਬਿਆਨ 'ਚ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਅੱਗੇ ਕਿਹਾ ਕਿ ਬੇਸ਼ੱਕ ਮੈਂ ਭਾਜਪਾ ਦਾ ਅਹੁਦੇਦਾਰ ਹਾਂ ਤੇ ਮੈਂ ਸਭ ਤੋਂ ਪਹਿਲਾਂ ਇੱਕ ਸਿੱਖ ਵੀ ਹਾਂ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਨੂੰ ਡੱਲੇਵਾਲ ਸਾਹਿਬ ਦੀ ਸਿੱਖ ਮਰਿਆਦਾ ਅਨੁਸਾਰ ਭੁੱਖ ਹੜਤਾਲ ਖੁਲਵਾਉਣ ਦੀ ਅਪੀਲ ਵੀ ਮੈਂ ਇੱਕ ਗੁਰਸਿੱਖ ਦੀ ਜਾਨ ਬਚਾਉਣ ਲਈ ਕੀਤੀ ਸੀ।
ਗਰੇਵਾਲ ਨੇ ਕਿਹਾ ਕਿ ਮੈਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਰਘਵੀਰ ਸਿੰਘ ਨੂੰ ਬੇਨਤੀ ਕਰਦਾ ਹਾਂ ਕਿ ਉਹ ਖੁਦ ਦਖਲ ਦੇਣ ਅਤੇ ਕਿਸਾਨ ਆਗੂ ਜਥੇਦਾਰ ਜਗਜੀਤ ਸਿੰਘ ਡਲੇਵਾਲ ਦੀ ਜਾਨ ਸਿੱਖ ਮਰਿਆਦਾ ਦੇ ਮੱਦੇਨਾਲ ਬਚਾਉਣ ਅਤੇ ਉਹਨਾਂ ਦੀ ਭੁੱਖ ਹੜਤਾਲ ਖਤਮ ਕਰਵਾਉਣ ਤਾਂ ਕਿ ਪੰਥ ਦਾ ਭਲਾ ਹੋ ਸਕੇ।
ਉਨ੍ਹਾਂ ਕਿਹਾ ਕਿ ਇਸ ਤੋਂ ਵੱਧਕੇ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਾਹਿਬ ਤੋਂ ਇਹ ਮੰਗ ਕਰਦਾ ਹਾਂ ਕਿ ਉਹ ਭਵਿੱਖ ਵਿੱਚ ਵੀ ਕੋਈ ਸਿੱਖ ਆਗੂ ਅਜਿਹਾ ਮਰਨ ਵਰਤ ਦਾ ਫ਼ੈਸਲਾ ਨਾ ਕਰੇ ਉਨ੍ਹਾਂ ਵੱਲੋਂ ਪੱਕੇ ਤੌਰ ਤੇ ਹੀ ਸਾਰੀ ਸਿੱਖ ਕੌਮ ਨੂੰ ਵਰਜਿਆ ਜਾਵੇ।
BJP ਦੇ ਸੀਨੀਅਰ ਆਗੂ ਸ੍ਰ.ਗਰੇਵਾਲ ਨੇ ਕਿਹਾ ਕਿ ਮੈਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਾਮਲੇ ਵਿੱਚ ਆਪਣੀ ਪਾਰਟੀ ਭਾਜਪਾ ਦੇ ਵਿੱਚ ਰਹਿ ਕੇ ਸੱਚ ਦੀ ਖਾਤਿਰ ਤੇ ਇੱਕ ਗੁਰਸਿੱਖ ਨੂੰ ਬਚਾਉਣ ਲਈ ਆਪਣਾ ਵਿਰੋਧ ਦਰਜ ਕਰਵਾਇਆ ਹੈ। ਪਰ ਮੈਨੂੰ ਖੁਸ਼ੀ ਹੈ ਕਿ ਗੁਰੂ ਸਾਹਿਬ ਜੀ ਦੇ ਅਸ਼ੀਰਵਾਦ ਸਦਕਾ ਮੇਰੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ ਤੇ ਮੈਂ ਆਪਣੇ ਅੰਤਿਮ ਸਵਾਸਾਂ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਾਹਿਬ ਜੀ ਦਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਰਿਣੀ ਰਹਾਂਗਾ।