Babushahi Special: ਮੌੜ ਬੰਬ ਧਮਾਕਾ:ਕਰੂੰਬਲਾਂ ਹੱਥੋਂ ਛੁੱਟੀ ਜ਼ਿੰਦਗੀ ਦੀ ਉਂਗਲ ਦਾ ਨਿਆਂ ਸਾਲਾਂ ਮਗਰੋਂ ਵੀ ਬਾਕੀ
ਅਸ਼ੋਕ ਵਰਮਾ
ਬਠਿੰਡਾ,31 ਜਨਵਰੀ2025: ਸਾਲ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਦੀ ਸਮਾਪਤੀ ਤੋਂ ਐਨ ਪਹਿਲਾਂ ਡੇਰਾ ਸਿਰਸਾ ਮੁਖੀ ਦੇ ਕੁੜਮ ਤੇ ਮੌੜ ਵਿਧਾਨ ਸਭਾ ਹਲਕੇ ਤੋਂ ਤੱਤਕਾਲੀ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਮੌੜ ਮੰਡੀ ਵਿੱਚ ਜਨ ਸਭਾ ਦੇ ਨਜ਼ਦੀਕ ਹੋਏ ਬੰਬ ਧਮਾਕੇ ਦੇ ਪੀੜਤਾਂ ਨੂੰ 8 ਸਾਲ ਬਾਅਦ ਇਨਸਾਫ ਨਹੀਂ ਮਿਲ ਸਕਿਆ ਹੈ। ਇਸ ਅਰਸੇ ਦੌਰਾਨ ਕਰੀਬ ਤਿੰਨ ਦਰਜਨ ਥਾਣਾ ਇੰਚਾਰਜਾਂ ਅਤੇ ਦੋ ਵਿਸ਼ੇਸ਼ ਜਾਂਚ ਟੀਮਾਂ ਨੇ ਧੂੰਆਂਧਾਰ ਪੜਤਾਲ ਕਰਨ ਦੇ ਦਾਅਵੇ ਕੀਤੇ ਪਰ ਕੋਈ ਵੀ ਟੀਮ ਇਸ ਬੰਬ ਧਮਾਕੇ ਦੇ ਦੋਸ਼ੀਆਂ ਦਾ ਖੁਰਾ ਖੋਜ ਨਹੀਂ ਕੱਢ ਸਕੀ ਹੈ। ਅੱਜ ਵੀ ਪੀੜਤ ਪ੍ਰੀਵਾਰਾਂ ਦੇ ਜਖਮ ਅੱਲੇ ਹਨ ਜਿੰਨ੍ਹਾਂ ਤੇ ਦੋ ਸਰਕਾਰਾਂ ਮੱਲ੍ਹਮ ਲਾਉਣ ’ਚ ਅਸਫਲ ਰਹੀਆਂ ਹਨ। ਸਿਵਿਆਂ ਚੋਂ ਵੋਟਾਂ ਤਲਾਸ਼ਣ ਵਾਲਿਆਂ ਨੇ ਇੰਨ੍ਹਾਂ ਪੀੜਤ ਪ੍ਰੀਵਾਰਾਂ ਦੀ ਤਲਾਸ਼ ਸਦਾ ਲਈ ਖਤਮ ਕਰ ਦਿੱਤੀ ਹੈ।
ਇਸ ਭਿਆਨਕ ਬੰਬ ਬਲਾਸਟ ਦੌਰਾਨ ਤਿੰਨ ਮਾਸੂਮਾਂ ਦੀ ਮੌਕੇ ਤੇ ਮੌਤ ਹੋ ਗਈ ਸੀ ਜਦੋਂਕਿ ਚੌਥਾ ਬੱਚਾ ਅੰਕੁਸ਼ ਦੋ ਮਹੀਨੇ ਬਾਅਦ ਜਿੰਦਗੀ ਦੀ ਜੰਗ ਹਾਰ ਗਿਆ ਸੀ। ਮੌੜ ਬੰਬ ਧਮਾਕੇ ਕਾਰਨ ਨੌਵੀਂ ਕਲਾਸ ‘ਚ ਪੜ੍ਹਦਾ ਬੱਚਾ ਜਪਸਿਮਰਨ ਸਿੰਘ ਇਸ ਦੁਨੀਆਂ ਤੋਂ ਰੁਖਸਤ ਹੋ ਗਿਆ ਸੀ ਅਤੇ ਪਿੱਛੇ ਜਪਸਿਮਰਨ ਦੀ ਛੋਟੀ ਭੈਣ ਬਚੀ ਹੈ। ਭਿਆਨਕ ਹਿੰਸਾ ਦਾ ਸੇਕ ਕੋਈ ਜਪਸਿਮਰਨ ਦੇ ਦਾਦੇ ਡਾਕਟਰ ਬਲਬੀਰ ਸਿੰਘ ਤੋਂ ਪੁੱਛ ਕੇ ਦੇਖੋ ਜਿਸ ਦਾ ਦਰਦ ਅੱਠ ਸਾਲ ਮਗਰੋਂ ਵੀ ਬਰਕਰਾਰ ਹੈ। ਪ੍ਰੀਵਾਰ ਆਖਦਾ ਹੈ ਕਿ ਚੋਣਾਂ ‘ਚ ਕੋਈ ਵੀ ਧਿਰ ਜਿੱਤੀ ਹੋਵੇ ਪਰ ਉਹ ਤਾਂ ਸਿਆਸੀ ਜੰਗ ਕਾਰਨ ਹਾਰ ਗਏ ਹਨ। ਜਪਸਿਮਰਨ ਨੂੰ ਹੋਣੀ ਸ਼ਰੀਕ ਬਣਕੇ ਟੱਕਰੀ ਸੀ ਤਾਂਹੀ ਪੋਤੇ ਦੇ ਇਸ ਤਰਾਂ ਚਲੇ ਜਾਣ ਦਾ ਦੁੱਖ ਦਾਦੇ ਨੂੰ ਨੀਂਦ ਨਹੀਂ ਆਉਣ ਦਿੰਦਾ ਹੈ। ਬਲਬੀਰ ਸਿੰਘ ਆਖਦੇ ਹਨ ਕਿ ਸਰਕਾਰ ਇਨਸਾਫ ਦੇ ਰਾਹ ਤੁਰੇ
ਮੌੜ ਮੰਡੀ ਦੇ ਛੋਟੇ ਦੁਕਾਨਦਾਰ ਰਾਕੇਸ਼ ਕੁਮਾਰ ਦਾ ਦੁੱਖ ਸਭ ਤੋਂ ਵੱਡਾ ਹੈ। ਉਸ ਦਾ ਸੱਤਵੀਂ ਕਲਾਸ ’ਚ ਪੜ੍ਹਦਾ ਲੜਕਾ ਸੌਰਵ ਸਿੰਗਲਾ ਵੀ ਚੋਣ ਹਿੰਸਾ ਦੇ ਸੇਕ ਨੇ ਸਾੜਕੇ ਸੁਆਹ ਕਰ ਦਿੱਤਾ ਸੀ। ਰਾਕੇਸ਼ ਕੁਮਾਰ ਦਾ ਕਹਿਣਾ ਹੈ ਕਿ ਵੱਡੀਆਂ ਵੱਡੀਆਂ ਛੱਡਣ ਵਾਲੇ ਨੇਤਾਵਾਂ ਨੇ ਪਿੱਛੋਂ ਮੂੰਹ ਵੀ ਨਹੀਂ ਦਿਖਾਇਆ। ਉਸ ਨੇ ਸਵਾਲ ਕੀਤਾ ਕਿ ਕੀ ਮਾਸੂਮਾਂ ਦੀ ਕੁਰਬਾਨੀ ਦਾ ਕੋਈ ਇਨਸਾਫ ਨਹੀਂ ਹੈ। ਰਿਪਨਦੀਪ ਸਿੰਘ ਦਾ ਪਿਤਾ ਉਸ ਦੇ ਹੋਸ਼ ਸੰਭਾਲਣ ਤੋਂ ਪਹਿਲਾਂ ਹੀ ਜਹਾਨੋਂ ਚਲਾ ਗਿਆ ਸੀ ਜਿਸ ਦੀ ਘਰ ਇੱਕ ਹੀ ਤਸਵੀਰ ਸੀ । ਮਾਂ ਕੋਲੋਂ ਤਾਂ ਪਤੀ ਦੀ ਤਸਵੀਰ ਹੀ ਝੱਲੀ ਨਹੀਂ ਜਾਂਦੀ ਸੀ ਤੇ ਹੁਣ ਤਾਂ ਦੋ ਤਸਵੀਰਾਂ ਹੋ ਗਈਆਂ ਹਨ। ਇੱਕ ਮੁਹੱਲੇ ਦੇ ਇਹ ਬੱਚੇ ਬਚਪਨ ਦੇ ਦੋਸਤ ਸਨ ਅਤੇ ਗਲੀ ਦੀ ਨੁੱਕਰ ਤੇ ਖੇਡ ਰਹੇ ਸਨ ਪਰ ਬੰਬ ਧਮਾਕੇ ਨੇ ਇੰਨ੍ਹਾਂ ਦੀ ਖੇਡ ਸਦਾ ਲਈ ਵਿਗਾੜ ਦਿੱਤੀ।
ਸ਼ਰੇ ਅਜੇ ਵੀ ਸਰੀਰ ਵਿੱਚ ਮੌਜੂਦ
ਬੰਬ ਧਮਾਕੇ ਕਾਰਨ ਜ਼ਖਮੀ ਹੋਏ ਹਰਮੇਸ਼ ਦਾਸ ਨੇ ਦੱਸਿਆ ਕਿ ਧਮਾਕੇ ਦੇ ਟੁਕੜੇ ਅਜੇ ਵੀ ਉਸ ਦੇ ਸ਼ਰੀਰ ਵਿਚ ਮੌਜੂਦ ਹਨ। ਡਾਕਟਰਾਂ ਨੇ ਕਿਹਾ ਹੈ ਕਿ ਵੱਡੇ ਆਪ੍ਰੇਸ਼ਨ ਦੀ ਲੋੜ ਪਵੇਗੀ ਅਤੇ ਗੋਡੇ ਦੇ ਇਲਾਜ ਦਾ ਖਰਚਾ ਕਾਫੀ ਜ਼ਿਆਦਾ ਹੈ। ਉਸ ਕੋਲ ਸਿਰਫ਼ ਚਾਰ ਕਨਾਲ ਜ਼ਮੀਨ ਹੈ ਤੇ ਗਰੀਬੀ ਕਾਰਨ ਉਹ ਆਪਣਾ ਇਲਾਜ ਨਹੀਂ ਕਰਵਾ ਸਕਿਆ ਹੈ। ਡੇਢ ਲੱਖ ਰੁਪਏ ਖਰਚ ਕਰਨ ਤੋਂ ਬਾਅਦ ਡਾਕਟਰਾਂ ਨੇ ਉਸ ਦੇ ਸਰੀਰ ਤੋਂ ਅੱਠ ਸ਼ਰੇ ਤਾਂ ਕੱਢ ਦਿੱਤੇ ਹਨ ਪਰ ਅਜੇ ਵੀ ਕਾਫੀ ਬਾਕੀ ਹਨ। ਉਹ ਆਖਦਾ ਹੈ ਕਿ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਾਫੀ ਕੁੱਝ ਕਿਹਾ ਸੀ ਪਰ ਅਜੇ ਤੱਕ ਡੱਕਾ ਤੋੜਕੇ ਦੂਹਰਾ ਨਹੀਂ ਕੀਤਾ ਹੈ। ਉਸ ਨੇ ਸਰਕਾਰੀ ਖਰਚੇ ਤੇ ਮੁਕੰਮਲ ਇਲਾਜ ਕਰਵਾਉਣ ਅਤੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿਵਾਉਣ ਦੀ ਮੰਗ ਕੀਤੀ ਹੈ।
ਇੰਨ੍ਹਾਂ ਦੀ ਤਾਂ ਦੁਨੀਆਂ ਹੀ ਖਤਮ
ਇਸ ਬੰਬ ਧਮਾਕੇ ਕਾਰਨ ਜਸਕਰਨ ਸਿੰਘ ਅਤੇ ਅਮਰੀਕ ਅੱਧਿਓਂ ਵੱਧ ਅਪਾਹਜ਼ ਹੋ ਗਏ ਹਨ ਜਿਸ ਕਰਕੇ ਉਨ੍ਹਾਂ ਦਾ ਕੰਮ ਧੰਦਾ ਬੰਦ ਹੋ ਗਿਆ ਹੈ। ਜਸਕਰਨ ਤਾਂ ਸਰਦੀ ਵਿਚ ਵੀ ਧੁੱਪ ਨਹੀਂ ਝੱਲ ਸਕਦਾ ਹੈ। ਹਲਕੀ ਗਰਮੀ ਦੌਰਾਨ ਉਸ ਦਾ ਸਰੀਰ ਮੱਚਣ ਲੱਗ ਜਾਂਦਾ ਹੈ। ਜਸਕਰਨ 10 ਤੋਂ 15 ਲੱਖ ਰੁਪਏ ਕਰਜਾ ਲੈਕੇ ਇਲਾਜ ਤੇ ਖਰਚ ਕਰ ਚੁੱਕਿਆ ਹੈ। ਸਰਕਾਰ ਨੇ ਇਲਾਜ ਵੀ ਨਹੀਂ ਕਰਵਾਇਆ ਅਤੇ ਜਿੰਦਗੀ ਦੀ ਗੱਡੀ ਰੋੜ੍ਹਨ ਲਈ ਕੋਈ ਨੌਕਰੀ ਵਗੈਰਾ ਨਹੀਂ ਦਿੱਤੀ ਹੈ। ਜਸਕਰਨ ਦੀ ਇੱਕੋ ਮੰਗ ਹੈ ਕਿ ਲੋਕਾਂ ਦੇ ਘਰਾਂ ਦਾ ਉਜਾੜਾ ਕਰਨ ਵਾਲਿਆਂ ਨੂੰ ਫਾਹੇ ਲਾਇਆ ਜਾਏ।
ਇਨਸਾਫ ਦਿਵਾਏ ਸਰਕਾਰ
ਮੌੜ ਬੰਬ ਬਲਾਸਟ ਮਾਮਲੇ ’ਚ ਬਣੀ ਸੰਘਰਸ਼ ਕਮੇਟੀ ਦੇ ਕਨਵੀਨਰ ਗੁਰਮੇਲ ਸਿੰਘ ਦਾ ਕਹਿਣਾ ਸੀ ਕਿ ਦੋ ਵਾਰ ਪੜਤਾਲ ਹੋਈ ਪਰ ਦੋਸ਼ੀ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਮਾਪਿਆਂ ਨੇ ਆਪਣੇ ਮਾਸੂਮਾਂ ਨੂੰ ਗੁਆਇਆ ਹੈ ਤੇ ਜੋ ਜਖਮੀ ਹੋਏ ਹਨ ਉਨ੍ਹਾਂ ਨੂੰ 8 ਸਾਲ ਬਾਅਦ ਵੀ ਇਨਸਾਫ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਵੱਡੇ ਵੱਡੇ ਵਾਅਦੇ ਕਰਨ ਵਾਲੇ ਨੇਤਾਵਾਂ ਵੱਲੋਂ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਆਪਣੇ ਮਾਸੂਮ ਬੱਚਿਆਂ ਦੀ ਇੱਕ ਅਵਾਜ਼ ਸੁਣਨ ਨੂੰ ਤਰਸ ਗਏ ਹਨ ਉਨ੍ਹਾਂ ਨੂੰ ਫੋਕੇ ਸਰਕਾਰੀ ਭਰੋਸਿਆਂ ਸਿਰ ਹੀ ਰਹਿਣਾ ਪਵੇਗਾ।