ਨਾਭਾ ਤੋਂ ਵਾਹਗਾ ਬਾਰਡਰ ਸ਼ਾਂਤੀ ਕਾਫਲੇ ਦਾ ਪਿੰਡ ਪਲਾਹੀ ਵਿਖੇ ਸਵਾਗਤ
-ਲੈਂਡ ਪੁਲਿੰਗ ਪਾਲਿਸੀ ਪਿੰਡਾਂ ਦੇ ਸਮੂਹਿਕ ਰੋਸ ਕਾਰਨ ਸਰਕਾਰ ਨੂੰ ਵਾਪਸ ਲੈਣੀ ਪਈ - ਹਮੀਰ ਸਿੰਘ
ਫਗਵਾੜਾ, 14 ਅਗਸਤ 2025 : ਨਾਭਾ ਤੋਂ ਵਾਹਗਾ ਬਾਰਡਰ ਸ਼ਾਂਤੀ ਕਾਫਲਾ ਹਰ ਵਰ੍ਹੇ ਦੀ ਤਰ੍ਹਾਂ ਅੱਜ ਸਵੇਰ ਪਿੰਡ ਪਲਾਹੀ ਵਿਖੇ ਪਹੁੰਚਿਆਂ, ਜਿਸ ਵਿੱਚ ਨਗਰ ਦੇ ਲੋਕਾਂ, ਇਲਾਕੇ ਦੇ ਸਮਾਜਿਕ ਕਾਰਕੁੰਨਾਂ, ਬੁੱਧੀਜੀਵੀਆਂ ਅਤੇ ਲੇਖਕਾਂ ਨੇ ਇਸ ਕਾਫਲੇ ਦਾ ਭਰਪੂਰ ਸਵਾਗਤ ਕੀਤਾ। ਇਸ ਸ਼ਾਂਤੀ ਕਾਫਲੇ ਦੀ ਅਗਵਾਈ ਪ੍ਰਸਿੱਧ ਪੱਤਰਕਾਰ ਹਮੀਰ ਸਿੰਘ ਅਤੇ ਸਿਆਸੀ ਕਾਰਕੁੰਨ ਕਰਨੈਲ ਸਿੰਘ ਜੱਖੇਪਾਲ ਕਰ ਰਹੇ ਸਨ। ਗੁਰਦੁਆਰਾ ਬਾਬਾ ਟੇਕ ਸਿੰਘ ਪਲਾਹੀ ਵਿਖੇ ਇਸ ਕਾਫਲੇ ਦੇ ਸਵਾਗਤ ਵਿੱਚ ਕਰਵਾਏ ਗਏ ਸਮਾਗਮ ਵਿੱਚ ਬੋਲਦਿਆਂ ਹਮੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਲੈਂਡ ਪੁਲਿੰਗ ਪਾਲਿਸੀ ਇਸ ਕਰਕੇ ਵਾਪਸ ਲੈਣੀ ਪਈ ਕਿਉਂਕਿ ਪੰਜਾਬ ਦੇ ਕਿਸਾਨਾਂ ਦੇ ਨਾਲ-ਨਾਲ ਪਿੰਡਾਂ ਦੇ ਕਿਰਤੀਆਂ ਤੇ ਹੋਰ ਲੋਕਾਂ ਨੇ ਇਸਦੇ ਵਿਰੋਧ ਵਿੱਚ ਵੱਡੀ ਲਹਿਰ ਖੜ੍ਹੀ ਕੀਤੀ । ਉਹਨਾ ਕਿਹਾ ਕਿ ਭਾਵੇਂ ਵੱਖੋ-ਵੱਖਰੀਆਂ ਸਿਆਸੀ ਪਾਰਟੀਆਂ ਇਸ ਗੱਲ ਦਾ ਦਾਅਵਾ ਕਰ ਰਹੀਆਂ ਹਨ ਕਿ ਸਾਡੇ ਰੋਸ ਦੇ ਨਾਲ ਲੈਂਡ ਪੁਲਿੰਗ ਪਾਲਿਸੀ ਸਰਕਾਰ ਨੇ ਰੱਦ ਕੀਤੀ ਹੈ ਪਰ ਅਸਲ ਅਰਥਾਂ ਵਿੱਚ ਪਿੰਡਾਂ ਦੇ ਲੋਕਾਂ ਦੇ ਸਮੂਹਿਕ ਰੋਸ ਨੇ ਪੰਜਾਬ ਸਰਕਾਰ ਨੂੰ ਹਿਲਾ ਦਿੱਤਾ ਸੀ। ਉਹਨਾ ਹੈਰਾਨੀ ਪ੍ਰਗਟ ਕੀਤੀ ਕਿ ਪੰਜਾਬ ਦੀ ਸਰਕਾਰ ਪਤਾ ਨਹੀਂ ਕਿਉਂ ਤਿੰਨ ਖੇਤੀ ਕਾਨੂੰਨਾਂ ਦੇ ਰੱਦ ਹੋਣ ਤੋਂ ਸਬਕ ਕਿਉਂ ਨਹੀਂ ਲੈ ਸਕੀ। ਉਹਨਾ ਨੇ ਕਿਹਾ ਕਿ ਗ੍ਰਾਮ ਸਭਾ ਵਿੱਚ ਅਜਿਹੀ ਸ਼ਕਤੀ ਹੈ ਕਿ ਸਰਕਾਰੀ ਅਧਿਕਾਰੀ ਇਸ ਕਾਨੂੰਨ ਤੋਂ ਤਰਵਕਦੇ ਹਨ।
ਕਰਨੈਲ ਸਿੰਘ ਜੱਖੇਪਾਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ 1947 ਵਿੱਚ ਪੰਜਾਬੀਆਂ ਨੂੰ ਵੱਡਾ ਸੰਤਾਪ ਭੋਗਣਾ ਪਿਆ। ਲੱਖਾਂ ਲੋਕ ਮਾਰੇ ਗਏ, ਤਬਾਹ ਹੋਏ ਅਤੇ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਲੋਕ ਆਪਸ ਵਿੱਚ ਮਿਲ-ਵਰਤਣਾ ਚਾਹੁੰਦੇ ਹਨ ਪਰ ਸਰਕਾਰਾਂ ਅੜਿੱਕਾ ਡਾਹੁੰਦੀਆਂ ਹਨ। ਉਹਨਾ ਨੇ ਕਿਹਾ ਕਿ ਦੋਹਾਂ ਪੰਜਾਬਾਂ ਵਿੱਚ ਜੇ ਵਪਾਰ ਖੁੱਲ ਜਾਵੇ ਤਾਂ ਪੰਜਾਬ ਦੀ ਆਨ,ਬਾਨ, ਸ਼ਾਨ ਮੁੜ ਸਥਾਪਤ ਹੋ ਜਾਵੇਗੀ। ਅਤੇ ਇਹ ਸੂਬਾ ਦੇਸ਼ ਵਿੱਚ ਸਭ ਤੋਂ ਵੱਧ ਅਮੀਰ ਹੋ ਜਾਵੇਗਾ।
ਇਸ ਮੌਕੇ 'ਤੇ ਹਮੀਰ ਸਿੰਘ, ਕਰਲੈਨ ਸਿੰਘ ਜੱਖੇਪਾਲ, ਦਰਸ਼ਨ ਸਿੰਘ ਧਨੇਠਾ, ਫਲਜੀਤ ਸਿੰਘ, ਗੁਰਮੀਤ ਸਿੰਘ ਥੂਹੀ, ਤਾਰਾ ਸਿੰਘ ਫੱਗੂਵਾਲਾ, ਕਿਰਨਜੀਤ ਕੌਰ ਝਨੀਰ, ਮਨਪ੍ਰੀਤ ਕੌਰ ਰਾਜਪੁਰਾ ਹੋਰ ਸਖ਼ਸ਼ੀਅਤਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਰੋਪੇ ਬਖਸ਼ਿਸ਼ ਕੀਤੇ ਗਏ।
ਪ੍ਰਿੰ: ਗੁਰਮੀਤ ਸਿੰਘ ਪਲਾਹੀ ਨੇ ਕਾਫਲੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਕਾਫਲਾ ਸਮੁੱਚੇ ਪੰਜਾਬ ਵਿੱਚ ਅਲੱਖ ਜਗਾਉਂਦਾ ਹੈ। ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਬਣਾਉਂਦਾ ਹੈ। ਅਤੇ ਖ਼ਾਸ ਕਰਕੇ ਪਿੰਡਾਂ ਦੇ ਲੋਕਾਂ ਨੂੰ ਜਗਾਉਣ ਲਾਈ ਯਤਨਸ਼ੀਲ ਹੈ।
ਇਸ ਮੌਕੇ ਹੋਰਨਾਂ ਤੋਂ ਬਿਨ੍ਹਾਂ ਸਾਬਕਾ ਸਰਪੰਚ ਰਣਜੀਤ ਕੌਰ, ਸਾਬਕਾ ਪੰਚ ਜਸਵਿੰਦਰ ਪਾਲ, ਜਸਬੀਰ ਸਿੰਘ ਬਸਰਾ, ਪੰਚ ਗੁਰਚਰਨ ਸਿੰਘ, ਸਾਬਕਾ ਪੰਚ ਮਦਨ ਲਾਲ, ਪਲਜਿੰਦਰ ਸਿੰਘ ਪ੍ਰਧਾਨ, ਜੋਗਾ ਸਿੰਘ ਢੱਡੇ, ਪਾਲਾ ਸੱਲ, ਹਰਮੇਲ ਗਿੱਲ, ਹਰਜਿੰਦਰ ਸਿੰਘ ਬਸਰਾ, ਸਮਾਜ ਸੇਵਕ ਸੁਖਵਿੰਦਰ ਸਿੰਘ ਸੱਲ , ਰਣਜੀਤ ਸਿੰਘ ਮੈਨੇਜਰ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਸ਼ਾਮਲ ਹੋਏ।