ਨਾਟਕ "ਫ਼ੀਨਿਕ੍ਸ ਪਾਖੀ" ਰਾਹੀਂ ਦਿਖਾਇਆ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਇਨਸਾਨਾਂ ਦਾ ਸੰਘਰਸ਼
ਅਸ਼ੋਕ ਵਰਮਾ
ਬਠਿੰਡਾ, 12 ਫਰਵਰੀ 2025:ਨੈਸ਼ਨਲ ਸਕੂਲ ਆਫ ਡਰਾਮਾ, ਨਵੀਂ ਦਿੱਲੀ ਵੱਲੋਂ ਨਗਰ ਨਿਗਮ ਬਠਿੰਡਾ ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਹਿਯੋਗ ਨਾਲ ਆਯੋਜਿਤ ਭਾਰਤ ਰੰਗ ਮਹੋਤਸ ਬਠਿੰਡਾ ਦੇ ਚੌਥੇ ਦਿਨ ਅੱਜ ਪ੍ਰਸਿੱਧ ਲੇਖਕ ਪ੍ਰਣਬ ਕੁਮਾਰ ਬਰਮਨ ਵੱਲੋਂ ਲਿਖਿਤ ਨਾਟਕ "ਫ਼ੀਨਿਕ੍ਸ ਪਾਖੀ" ਦਾ ਮੰਚਨ ਅਸਮ ਦੇ ਨਾਟਕ ਦਲ ਸਰਸਾ ਵੱਲੋਂ ਬਲਵੰਤ ਗਾਰਗੀ ਆਡੀਟੋਰੀਅਮ ਹਾਲ ਵਿਖੇ ਕੀਤਾ ਗਿਆ। ਇਸ ਨਾਟਕ ਦਾ ਨਿਰਦੇਸ਼ਨ ਅਸੀਮ ਕੁਮਾਰ ਨਾਥ ਵੱਲੋਂ ਕੀਤਾ ਗਿਆ। ਇਹ ਨਾਟਕ ਆਪਣੀ ਕਲਾ ਤੇ ਸ਼ੈਲੀ ਦੇ ਨਜ਼ਰੀਏ ਨਾਲ ਦਿਲ ਖਿੱਚਵਾਂ ਸੀ। ਅਸਮੀਆ ਭਾਸ਼ਾ ਵਿੱਚ ਹੋਣ ਦੇ ਬਾਵਜੂਦ ਇਹ ਨਾਟਕ ਦਰਸ਼ਕਾਂ ਨੂੰ ਖੂਬ ਪਸੰਦ ਆਇਆ ਅਤੇ ਕਲਾਕਾਰਾਂ ਦੀ ਕਲਾ ਦਰਸ਼ਕਾਂ ਲਈ ਪੂਰੇ ਸਮੇਂ ਖਿੱਚ ਦਾ ਕੇਂਦਰ ਬਣੀ ਰਹੀ। ਨਦੀਆਂ ਨੂੰ ਜੀਵਨ ਦਾਇਨੀ ਕਿਹਾ ਜਾਂਦਾ ਹੈ, ਪਰ ਅਸਮ ਵਰਗੇ ਸੂਬਿਆਂ ਵਿੱਚ ਨਦੀਆਂ ਵਿੱਚ ਹਰ ਸਾਲ ਹੜ੍ਹਾਂ ਆਉਂਦੀਆਂ ਹਨ, ਜਿਸ ਕਰਕੇ ਭਾਰੀ ਜਨ, ਧਨ ਦੇ ਨੁਕਸਾਨ ਦਾ ਕਾਰਨ ਬਣਦੀਆਂ ਹਨ। ਇਹ ਨਾਟਕ ਇਨਸਾਨਾਂ ਦੇ ਜੀਵਿਤ ਰਹਿਣ ਦੇ ਸੰਘਰਸ਼ ਨੂੰ ਬਿਆਨ ਕਰਦਾ ਹੈ। ਨਦੀਆਂ ਵਿੱਚ ਆਉਣ ਵਾਲੀਆਂ ਹੜ੍ਹਾਂ ਲੋਕਾਂ ਨੂੰ ਬੇਘਰ ਕਰ ਦਿੰਦੀਆਂ ਹਨ, ਪਰੰਤੂ ਇਨਸਾਨ ਆਪਣੀਆਂ ਟੁੱਟਦੀਆਂ ਆਸ਼ਾਵਾਂ ਤੇ ਜੀਵਨ ਕਰਕੇ ਆਪਣੇ ਵਿਸ਼ਵਾਸ ਦੇ ਦਮ 'ਤੇ ਫਿਰ ਤੋਂ ਆਪਣਾ ਆਸਿਆਨਾ ਬਣਾਉਣ ਦੀ ਜੁਗਤ ਵਿੱਚ ਲੱਗ ਜਾਂਦਾ ਹੈ।
ਸੰਖੇਪ ਵਿੱਚ ਇਹ ਨਾਟਕ ਇਨਸਾਨਾਂ ਦੇ ਕੁਦਰਤੀ ਆਫਤ ਨਾਲ ਲਗਾਤਾਰ ਸੰਘਰਸ਼ ਨੂੰ ਬਿਆਨ ਕਰਦਾ ਹੈ। ਅੱਜ ਦੇ ਨਾਟਕ ਮੰਚਨ ਵਿੱਚ ਸਾਰੇ ਕਲਾਕਾਰਾਂ ਦੀ ਕਲਾ ਦਿਲ ਨੂੰ ਟੁੰਬਦੀ ਰਹੀ। ਨਾਟਕ ਨੂੰ ਦੇਖਣ ਲਈ ਵੱਡੀ ਤਾਦਾਦ ਵਿੱਚ ਪਤਵੰਤੇ ਸੱਜਣ ਵੀ ਹਾਜਰ ਸਨ। ਇਸ ਮੌਕੇ 'ਤੇ ਵਿਸ਼ੇਸ਼ ਰੂਪ ਨਾਲ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ, ਬਠਿੰਡਾ ਨਗਰ ਨਿਗਮ ਦੇ ਮੇਅਰ ਸ੍ਰੀ ਪਦਮਜੀਤ ਮਹਿਤਾ, ਕੌਂਸਲਰ ਰਤਨ ਰਾਹੀ, ਸਾਧੂ ਸਿੰਘ, ਗੁਰਪ੍ਰੀਤ ਸਿੰਘ, ਨੈਸ਼ਨਲ ਸਕੂਲ ਆਫ ਡਰਾਮਾ ਵੱਲੋਂ ਭਾਰਤ ਰੰਗ ਮਹੋਤਸਵ ਦੇ ਪ੍ਰਭਾਰੀ ਪ੍ਰੋਫੈਸਰ ਰਾਮ ਜੀ ਬਾਲੀ, ਨੀਰਜ ਕੁਮਾਰ, ਸ਼ਮਸ਼ਾਦ ਖਾਨ ਅਤੇ ਪੰਜਾਬ ਕੇਂਦਰੀ ਯੂਨੀਵਰਸਿਟੀ ਵਿੱਚ ਰੰਗ ਮੰਚ ਦੇ ਅਸਿਸਟੈਂਟ ਪ੍ਰੋਫੈਸਰ ਤੇ ਭਾਰਤੀ ਰੰਗ ਮੰਚ ਦੇ ਸਥਾਨਕ ਪ੍ਰਬੰਧਕ ਡਾਕਟਰ ਕੁਲਿਨ ਕੁਮਾਰ ਜੋਸੀ ਅਤੇ ਇਸ ਨਾਟਕ ਮੰਚਨ ਦੇ ਟੈਕਨੀਕਲ ਡਾਇਰੈਕਟਰ ਪ੍ਰੀਤਪਾਲ ਰੁਪਾਣਾ ਮੌਜੂਦ ਸਨ। ਅੱਜ ਦੇ ਇਸ ਨਾਟਕ ਨੂੰ ਕਵਰ ਕਰਨ ਲਈ ਸ਼ਹਿਰ ਦੇ ਸਾਰੇ ਪ੍ਰਿੰਟ ਅਤੇ ਇਲੈਕਟਰੋਨਿਕ ਮੀਡੀਆ ਕਰਮੀ ਮੌਜੂਦ ਰਹੇ। ਪ੍ਰੋਗ੍ਰਾਮ ਦਾ ਸੰਚਾਲਨ ਨੀਤੂ ਪਾਠਕ ਅਤੇ ਸਰਵੇਸ਼ ਮਣੀ ਵੱਲੋਂ ਕੀਤਾ ਗਿਆ।