ਨਕਲ ਰੋਕਣ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਸਖਤ, ਸੁਪਰੀਡੈਂਟ ਕੀਤਾ ਮੁਅੱਤਲ
ਪਰ ਕਈ ਵੱਡੇ ਅਧਿਕਾਰੀ ਚੁੱਕ ਰਹੇ ਸਰਕਾਰੀ ਮਸ਼ੀਨਰੀ ਅਤੇ ਅਹੁਦੇ ਦਾ ਫਾਇਦਾ
ਰੋਹਿਤ ਗੁਪਤਾ
ਗੁਰਦਾਸਪੁਰ 19 ਮਾਰਚ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਦਸਵੀਂ ਅਤੇ ਬਾਰਵੀਂ ਜਮਾਤ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਹਨ। ਇਹਨਾਂ ਪ੍ਰੀਖਿਆਵਾਂ ਵਿੱਚ ਨਕਲ ਰੋਕਣ ਦੇ ਮਾਮਲੇ ਪੰਜਾਬ ਸਰਕਾਰ ਨੇ ਅਹਿਮ ਕਦਮ ਚੁੱਕੇ ਹਨ। ਲਗਾਤਾਰ ਪ੍ਰੀਖਿਆ ਕੇਂਦਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਫਲਾਇੰਗ ਸਕਵੈਡ ਛਾਪੇਮਾਰੀ ਕਰ ਰਹੀ ਹੈ। ਇਸੇ ਕੜੀ ਵਿੱਚ ਬੀਤੇ ਦਿਨ ਅਧਿਕਾਰੀ ਅਮਰਜੀਤ ਕੌਰ ਦਾਲਮ ਦੀ ਅਗਵਾਈ ਵਿੱਚ ਫਲਾਇੰਗ ਸਕਵੈਡ ਦੀ ਟੀਮ ਵੱਲੋਂ ਗੁਰਦਾਸਪੁਰ ਦੇ ਕਈ ਸਕੂਲਾਂ ਵਿੱਚ ਪ੍ਰੀਖਿਆ ਕੇਂਦਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਅਣਗਹਿਲੀ ਵਰਤਣ ਦੇ ਦੋਸ਼ ਹੇਠ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਬੋਇਜ਼ ਦੇ ਪ੍ਰੀਖਿਆ ਕੇਂਦਰ ਦੇ ਇੱਕ ਸੁਪਰੀਡੈਟ ਨੂੰ ਮੁਅੱਤਲ ਕੀਤਾ ਗਿਆ ਹੈ ਪਰ ਹਜੇ ਵੀ ਕਈ ਵੱਡੇ ਅਧਿਕਾਰੀ ਆਪਣੇ ਅਹੁਦਿਆਂ, ਪ੍ਰਭਾਵ ਅਤੇ ਸਰਕਾਰੀ ਮਸ਼ੀਨਰੀ ਦਾ ਫਾਇਦਾ ਚੁੱਕ ਕੇ ਆਪਣੇ ਆਪਣੇ ਰਿਸ਼ਤੇਦਾਰਾਂ ਦੇ ਬੱਚਿਆਂ ਨੂੰ ਨਕਲ ਕਰਵਾਉਣ ਲਈ ਪ੍ਰੀਖਿਆ ਕੇਂਦਰਾਂ ਵਿੱਚ ਮੌਜੂਦ ਹੁੰਦੇ ਹਨ।
ਮਿਲੀ ਜਾਣਕਾਰੀ ਅਨੁਸਾਰ ਡੀਪੀਆਈ ਪੰਜਾਬ ਵੱਲੋਂ ਜਾਰੀ ਪੱਤਰ ਨੰਬਰ ਪਸਸਬ.ਕੰ.ਪ੍ਰੀ-2025/221 ਮਿਤੀ 18.03.2025 ਅਨੁਸਾਰ ਅਸ਼ਵਨੀ ਕੁਮਾਰ, ਲੈਕਚਰਾਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝਾਵਰ, ਜਿਲ੍ਹਾ ਗੁਰਦਾਸਪੁਰ ਜੋ ਕਿ ਪਰੀਖਿਆ ਕੇਂਦਰ ਨੰਬਰ 241251 ਵਿਖੇ ਬਤੌਰ ਸੁਪਰਡੰਟ ਤਾਇਨਾਤ ਸਨ, ਵੱਲੋ 10 ਵੀਂ ਦੀ ਅੰਗਰੇਜੀ ਵਿਸ਼ੇ ਦੀ ਪਰੀਖਿਆ ਦੋਰਾਨ ਕੀਤੀਆਂ ਗਈਆਂ ਘੋਰ ਅਣਗਹਿਲੀਆਂ ਅਤੇ ਕੁਤਾਹੀਆਂ ਕਾਰਨ ਉਸ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਸੈਂਟਰ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲੜਕੇ ਵਿੱਚ ਬਣਿਆ ਸੀ। ਜਦੋਂ ਇਸ ਬਾਰੇ ਡੀ ਪੀ ਆਈ ਸਕੈਂਡਰੀ ਪੰਜਾਬ ਪਰਮਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਕਾਰਵਾਈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਉੱਚ ਅਧਿਕਾਰੀਆਂ ਦੀ ਰਿਪੋਰਟ ਦੇ ਆਧਾਰ ਤੇ ਕੀਤੀ ਗਈ ਹੈ।
ਉੱਥੇ ਹੀ ਜਾਣਕਾਰੀ ਮਿਲੀ ਹੈ ਕਿ ਕੁਝ ਵੱਡੇ ਸਰਕਾਰੀ ਅਧਿਕਾਰੀ ਆਪਣੇ ਜਾਂ ਰਿਸ਼ਤੇਦਾਰਾਂ ਦੇ ਬੱਚਿਆਂ ਨੂੰ ਨਕਲ ਕਰਵਾਉਣ ਵਿੱਚ ਅਹਿਮ ਰੋਲ ਨਿਭਾ ਰਹੇ ਹਨ। ਬੀਤੇ ਦਿਨੀ ਇੱਕ ਬੀਡੀਪੀਓ ਰੈਂਕ ਦੇ ਅਧਿਕਾਰੀ ਦੀ ਸਰਕਾਰੀ ਗੱਡੀ ਨੂੰ ਪ੍ਰੀਖਿਆ ਕੇਂਦਰ ਦੇ ਬਾਹਰ ਖੜੇ ਕੈਮਰੇ ਵਿੱਚ ਵੀ ਕੈਦ ਕੀਤਾ ਗਿਆ। ਗੱਡੀ ਵਿੱਚ ਉਸ ਦਾ ਡਰਾਈਵਰ ਮੌਜੂਦ ਸੀ ਪਰ ਦੱਸਿਆ ਗਿਆ ਸੀ ਕਿ ਬੀ ਡੀ ਪੀ ਓ ਇਸ ਨਿਜੀ ਸਕੂਲ ਦੇ ਆਫਿਸ ਵਿੱਚ ਯਾਨੀ ਕਿ ਪ੍ਰੀਖਿਆ ਕੇਂਦਰ ਵਿੱਚ ਆਪਣੀ ਪਤਨੀ ਸਮੇਤ ਮੌਜੂਦ ਹੈ। ਜਦਕਿ ਏਡੀਸੀ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਪ੍ਰੀਖਿਆ ਕੇਂਦਰ ਦੇ 100 ਮੀਟਰ ਦੇ ਦਾਇਰੇ ਵਿੱਚ ਕਿਸੇ ਵੀ ਬਾਹਰੀ ਵਿਅਕਤੀ ਦੇ ਜਾਣ ਦੀ ਇਜਾਜ਼ਤ ਨਹੀਂ ਹੈ। ਜਾਣਕਾਰੀ ਅਨੁਸਾਰ ਇਸ ਸਕੂਲ ਵਿੱਚ ਬੀਡੀਪੀਓ ਦਾ ਪੁੱਤਰ ਬਾਰਵੀਂ ਦੇ ਪੇਪਰ ਦੇ ਰਿਹਾ ਹੈ ।
ਦੂਜੇ ਪਾਸੇ ਜਦੋਂ ਇਸ ਬਾਰੇ ਜ਼ਿਲਾ ਸਿੱਖਿਆ ਅਧਿਕਾਰੀ ਸਕੈਂਡਰੀ ਰਜੇਸ਼ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਨੇ ਸਾਰੇ ਬੀ ਪੀ ਓਜ , ਸੁਪਰੀਡੈਂਟ ਅਤੇ ਪ੍ਰੀਖਿਆ ਕੇਂਦਰ ਦੇ ਅਧਿਕਾਰੀਆਂ ਨੂੰ ਸਖਤ ਹਿਦਾਇਤ ਦਿੱਤੀ ਹੈ ਕਿ ਕਿਸੇ ਵੀ ਤਰਹਾਂ ਦੀ ਅਣਗਹਿਲੀ ਪ੍ਰੀਖਿਆ ਕੇਂਦਰਾਂ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਏਗੀ । ਜੇਕਰ ਕੋਈ ਸਰਕਾਰੀ ਅਧਿਕਾਰੀ ਦੀ ਪ੍ਰੀਖਿਆ ਕੇਂਦਰ ਵਿੱਚ ਮੌਜੂਦ ਹੋਣ ਦੇ ਸਬੂਤ ਮਿਲਦੇ ਹਨ ਤਾਂ ਉਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।