ਜੀਐਸਟੀ ਅਫਸਰਾਂ ਨੂੰ ਬੰਦੀ ਬਣਾਉਣ ਨੂੰ ਲੈਕੇ ਵਪਾਰੀਆਂ ਖਿਲਾਫ ਮੁਕੱਦਮਾ ਦਰਜ
ਅਸ਼ੋਕ ਵਰਮਾ
ਭਗਤਾ ਭਾਈ, 22 ਦਸੰਬਰ 2024: ਸ਼ਨੀਵਾਰ ਨੂੰ ਭਗਤਾ ਭਾਈ ’ਚ ਵਪਾਰੀਆਂ ਵੱਲੋਂ ਜੀਐਸਟੀ ਵਿਭਾਗ ਦੀ ਟੀਮ ’ਚ ਸ਼ਾਮਲ ਅਫਸਰਾਂ ਨੂੰ ਬੰਦੀ ਬਨਾਉਣ ਦੇ ਮਾਮਲੇ ’ਚ ਬਠਿੰਡਾ ਪੁਲਿਸ ਨੇ ਤਿੰਨ ਵਿਅਕਤੀਆਂ ਅਤੇ ਕੁੱਝ ਅਣਪਛਾਤਿਆਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਦਿਆਲਪੁਰਾ ਭਾਈ ਪੁਲਿਸ ਨੇ ਇਸ ਮਾਮਲੇ ’ਚ ਟੈਕਸ ਅਫਸਰ ਜਤਿੰਦਰ ਕੁਮਾਰ ਬਾਂਸਲ ਦੀ ਸ਼ਕਾਇਤ ਦੇ ਅਧਾਰ ਤੇ ਵਪਾਰੀ ਮਿਠਨ ਲਾਲ, ਕ੍ਰਿਸ਼ਨ ਲਾਲ ,ਪਵਨ ਅਤੇ 4-5 ਅਣਪਛਾਤਿਆਂ ਨੂੰ ਨਾਮਜਦ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਟੈਕਸ ਅਫਸਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਕਰ ਵਿਭਾਗ ਦੇ ਕਰਮਚਾਰੀਆਂ ਨਾਲ ਬਾਲਾ ਜੀ ਬਰਤਨ ਸਟੋਰ ਅਤੇ ਉਨ੍ਹਾਂ ਦੇ ਗੁਦਾਮ ਭਗਤਾ ਭਾਈ ਵਿਖੇ ਚੈਕਿੰਗ ਕਰਨ ਲਈ ਗਏ ਸਨ ਤਾਂ ਮੁਲਜਮਾਂ ਨੇ ਸ਼ਟਰ ਬੰਦ ਕਰਕੇ ਉਨ੍ਹਾਂ ਨੂੰ ਦੁਕਾਨ ਦੇ ਅੰਦਰ ਬੰਦੀ ਬਣਾ ਲਿਆ।
ਬਿਆਨ ਅਨੁਸਾਰ ਮੁਲਜਮਾਂ ਨੇ ਉਨ੍ਹਾਂ ਤੋਂ ਫਰਮ ਦੇ ਕਾਗਜ਼ ਅਤੇ ਪੰਚਨਾਮਾ ਖੋਹ ਲਿਆ ਅਤੇ ਧਮਕੀਆਂ ਦਿੱਤੀਆਂ। ਬਠਿੰਡਾ ਪੁਲਿਸ ਵੱਲੋਂ ਜਾਰੀ ਕ੍ਰਾਈਮ ਰਿਪੋਰਟ ਅਨੁਸਾਰ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਜੀਐਸਟੀ ਵਿਭਾਗ ਦੀ ਇੱਕ ਟੀਮ ਨੇ ਭਗਤਾ ਭਾਈ ਦੀ ਸੁਖਦੇਵ ਮਾਰਕੀਟ ਵਿੱਚ ਸਥਿਤ ਮਿਠਨ ਲਾਲ ਚੰਦਰ ਭਾਨ ਦੀ ਦੁਕਾਨ ਤੇ ਛਾਪਾ ਮਾਰਿਆ ਸੀ। ਇਸ ਦੌਰਾਨ ਕੁੱਝ ਦੁਕਾਨਦਾਰ ਮੌਕੇ ਤੇ ਪੁੱਜ ਗਏ ਅਤੇ ਟੀਮ ’ਚ ਸ਼ਾਮਲ ਅਧਿਕਾਰੀਆਂ ਨਾਲ ਬਹਿਸ ਸ਼ੁਰੂ ਕਰ ਦਿੱਤੀ। ਇਸ ਗੱਲ ਤੋਂ ਭੜਕੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਕੇ ਟੀਮ ਨੂੰ ਦੁਕਾਨ ਦੇ ਅੰਦਰ ਬੰਦ ਕਰ ਦਿੱਤਾ। ਥਾਣਾ ਦਿਆਲਪੁਰਾ ਪੁਲਿਸ ਨੇ ਕਰ ਵਿਭਾਗ ਦੀ ਟੀਮ ਨੂੰ ਬਾਹਰ ਕੱਢਿਆ ਅਤੇ ਥਾਣੇ ਲਿਆਂਦਾ। ਹੁਣ ਟੀਮ ’ਚ ਸ਼ਾਮਲ ਇੱਕ ਅਫਸਰ ਦੇ ਬਿਆਨਾਂ ਮੁਤਾਬਕ ਪੁਲਿਸ ਕੇਸ ਦਰਜ ਕੀਤਾ ਹੈ।