ਜ਼ਿਲ੍ਹਾ ਪੱਧਰੀ ਦੋ ਰੋਜ਼ਾ ਸਿਖਲਾਈ ਵਰਕਸ਼ਾਪ ਸਫਲਤਾਪੂਰਵਕ ਸਪੰਨ
ਹਰਜਿੰਦਰ ਸਿੰਘ ਭੱਟੀ
ਲਾਲੜੂ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 12 ਮਾਰਚ 2025 - ਡਾ. ਦਿਲਵਰ ਸਿੰਘ, ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਐਸ ਏ ਐਸ ਨਗਰ ਨੇ ਦੱਸਿਆ ਕਿ ਜ਼ਿਲਾ ਪੱਧਰੀ ਦੋ ਰੋਜ਼ਾ ਸਿਖਲਾਈ ਵਰਕਸ਼ਾਪ ਜੋ ਸਰਕਾਰੀ ਆਈ ਟੀ ਆਈ ਲਾਲੜੂ ਵਿਖੇ ਅਯੋਜਿਤ ਕੀਤੀ ਗਈ ਸੀ, ਅੱਜ ਸਫਲਤਾਪੂਰਵਕ ਸੰਪੰਨ ਹੋ ਗਈ।
ਇਸ ਵਰਕਸ਼ਾਪ ਦੇ ਦੂਜੇ ਦਿਨ ਨੌਜਵਾਨਾਂ ਨੂੰ ਖੂਨਦਾਨ ਕੈਂਪਾਂ ਦਾ ਆਯੋਜਨ ਕਰਨ, ਅੱਖਾਂ ਦੇ ਰੋਗਾਂ ਦੇ ਨਿਵਾਰਨ ਹਿਤ ਚੈੱਕਅੱਪ ਕੈਂਪ ਲਗਾਉਣ ਅਤੇ ਨ਼ਸ਼ਿਆਂ ਵਿਰੋਧ ਯੁੱਧ ਛੇੜਨ ਲਈ ਸਿਖਲਾਈ ਦਿੱਤੀ ਗਈ। ਸਰਕਾਰੀ ਹਸਪਤਾਲ ਲਾਲੜੂ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਡਾਕਟਰ ਰੂਬਲ ਨੇ ਨੌਜਵਾਨਾਂ ਨੂੰ ਅੱਖਾਂ ਦੀ ਸਾਂਭ ਸੰਭਾਲ ਹਿਤ ਆਯੋਜਿਤ ਕੀਤੇ ਜਾਣ ਵਾਲੇ ਕੈਂਪਾਂ ਵਿੱਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਪ੍ਰਤੀ ਜਾਗਰੂਕ ਕੀਤਾ।
ਡਾਕਟਰ ਦਪਿੰਦਰ ਨੇ ਨੌਜਵਾਨਾਂ ਨੂੰ ਖੂਨ ਦਾਨ ਕੈਂਪਾਂ ਦੇ ਆਯੋਜਨ ਹਿੱਤ ਉਤਸਾਹਿਤ ਕਰਦਿਆਂ ਦੱਸਿਆ ਕਿ ਉਹ ਖੂਨ ਦਾਨ ਕੈਂਪਾਂ ਦਾ ਆਯੋਜਨ ਕਰਕੇ ਇਲਾਕੇ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਨ ਵਿੱਚ ਵੱਡੀ ਭੂਮਿਕਾ ਨਿਭਾ ਸਕਦੇ ਹਨ।
ਡਾਕਟਰ ਸਾਕਸ਼ੀ ਨੇ ਨੌਜਵਾਨਾਂ ਨੂੰ ਆਪਣੇ ਪਿੰਡਾਂ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਤੋਂ ਜਾਣੂ ਕਰਵਾਇਆ ਅਤੇ ਨਸ਼ਾ ਛੁੜਾਓ ਕੇਂਦਰਾਂ ਵਿੱਚ ਨਸ਼ਾ ਛੁਡਾਉਣ ਹਿੱਤ ਮਰੀਜਾਂ ਨੂੰ ਲੈ ਕੇ ਆਉਣ ਲਈ ਪ੍ਰੇਰਿਤ ਕੀਤਾ।
ਇਸ ਉਪਰੰਤ ਡਾ. ਦਿਲਵਰ ਸਿੰਘ ਨੇ ਪੰਜਾਬ ਸਰਕਾਰ ਦੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਯੁਵਕ ਸੇਵਾਵਾਂ ਕਲੱਬਾਂ ਦੇ ਨੌਜਵਾਨਾਂ ਨੂੰ ਆਪਣੇ ਪਿੰਡਾਂ ਨੂੰ ਹਰ ਖੇਤਰ ਵਿੱਚ ਬਿਹਤਰ ਬਨਾਉਣ ਲਈ ਉਤਸ਼ਾਹਿਤ ਕਰਨ ਹਿਤ ਹਰ ਜਿਲ੍ਹੇ ਵਿੱਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ਉੱਤੇ ਆਉਣ ਵਾਲੇ ਕਲੱਬਾਂ ਨੂੰ 5 ਲੱਖ, 3 ਲੱਖ ਅਤੇ 2 ਲੱਖ ਰੁਪਏ ਦੀ ਰਾਸ਼ੀ ਇਨਾਮ ਵੱਜੋਂ ਦਿੱਤੇ ਜਾਣ ਦਾ ਪ੍ਰਾਵਧਾਨ ਨਵੀਂ ਪੰਜਾਬ ਯੂਥ ਪੋਲਿਸੀ 2024 ਵਿੱਚ ਕੀਤਾ ਗਿਆ ਹੈ ਤਾਂ ਜੋ ਨੌਜਵਾਨ ਰੰਗਲਾ ਪੰਜਾਬ ਸਿਰਜਣ ਵਿੱਚ ਆਪਣੀ ਭੂਮਿਕਾ ਨਿਭਾ ਸਕਣ।
ਇਸ ਮੌਕੇ ਆਰੰਭ ਰੰਗ ਮੰਚ ਲਾਲੜੂ ਦੇ ਰੰਗ ਕਰਮੀਆਂ ਨੇ ਇੱਕ ਨਾਟਕ ਵੀ ਪੇਸ਼ ਕੀਤਾ। ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਐਸ ਏ ਐਸ ਨਗਰ ਵਲੋਂ ਬੁਲਾਰਿਆਂ ਨੂੰ ਯਾਦ ਚਿੰਨ੍ਹ ਭੇਟ ਕੀਤੇ ਗਏ। ਧੰਨਵਾਦ ਦੀ ਰਸਮ ਸਰਕਾਰੀ ਆਈ ਟੀ ਆਈ ਲਾਲੜੂ ਦੇ ਪ੍ਰਿੰਸੀਪਲ ਸ. ਹਰਬਿੰਦਰ ਸਿੰਘ ਨੇ ਨਿਭਾਈ ਅਤੇ ਮੰਚ ਸੰਚਾਲਨ ਸ. ਰਜਿੰਦਰ ਸਿੰਘ ਅਨਭੋਲ ਨੇ ਕੀਤਾ।