ਖੁਰਾਕ ਵਿੱਚ ਵਿਭਿੰਨਤਾ ਵਿਅਕਤੀ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਜ਼ਰੂਰੀ: ਡਾ. ਦਲਜੀਤ ਕੌਰ
ਦਰਸ਼ਨ ਗਰੇਵਾਲ
ਕੀਰਤਪੁਰ ਸਾਹਿਬ:- 12 ਮਾਰਚ, 2025 - ਪੀ.ਐੱਚ.ਸੀ ਕੀਰਤਪੁਰ ਸਾਹਿਬ ਅਧੀਨ ਆਉਂਦੇ ਵੱਖ-ਵੱਖ ਆਯੂਸ਼ਮਾਨ ਅਰੋਗਿਆ ਕੇਂਦਰਾਂ 'ਤੇ ਅੱਜ ਮਮਤਾ ਦਿਵਸ ਮੌਕੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਗਿਆ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਦਲਜੀਤ ਕੌਰ ਨੇ ਦੱਸਿਆ ਕਿ ਬਲਾਕ ਕੀਰਤਪੁਰ ਸਾਹਿਬ ਅਧੀਨ ਆਉਂਦੇ ਵੱਖ ਵੱਖ ਕੇਂਦਰਾਂ 'ਤੇ ਟੀਕਾਕਰਨ ਕੈਂਪ ਲਾਏ ਗਏ। ਉਨ੍ਹਾਂ ਦੱਸਿਆ ਕਿ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਯਕੀਨੀ ਬਣਾਉਣ ਲਈ ਹਰ ਬੁੱਧਵਾਰ ਮਮਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਮਮਤਾ ਦਿਵਸ ਮਨਾਉਣ ਦਾ ਮੁੱਖ ਮੰਤਵ ਬੱਚਿਆਂ ਨੂੰ ਪੋਲੀਓ, ਕਾਲੀ ਖਾਂਸੀ, ਟੀ.ਬੀ, ਨਮੂਨੀਆ, ਖਸਰਾ, ਰੁਬੇਲਾ, ਅੰਧਰਾਤਾ, ਹੈਪੇਟਾਈਟਸ ਬੀ, ਦਿਮਾਗੀ ਬੁਖਾਰ ,ਗਲਘੋਟੂ ਅਤੇ ਟੈਟਨਸ ਵਰਗੇ ਮਾਰੂ ਰੋਗਾਂ ਤੋਂ ਬਚਾਉਣਾ ਅਤੇ ਗਰਭਵਤੀ ਔਰਤਾਂ ਨੂੰ ਸੰਤੁਲਿਤ ਖੁਰਾਕ ਬਾਰੇ ਜਾਗਰੂਕ ਕਰਨਾ ਹੈ।
ਇਸ ਮੌਕੇ ਡਾਕਟਰ ਦਲਜੀਤ ਕੌਰ ਨੇ ਗਰਭਵਤੀ ਔਰਤਾਂ ਨੂੰ ਆਪਣੇ ਗਰਭ ਵਿੱਚ ਪਲ ਰਹੇ ਬੱਚੇ ਤੇ ਆਪਣੀ ਸਿਹਤ ਦਾ ਪੂਰਾ ਖਿਆਲ ਰੱਖਣ ਅਤੇ ਆਪਣੀ ਡਾਈਟ ਵਿੱਚ ਹਰੀਆਂ ਸਬਜ਼ੀਆਂ ਅਤੇ ਫਲਾਂ ਦਾ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਤਾਂ ਜੋ ਜੱਚਾ-ਬੱਚਾ ਦੋਵੇਂ ਤੰਦਰੁਸਤ ਰਹਿਣ ਅਤੇ ਸਰੀਰ ਵਿੱਚ ਖੂਨ ਦੀ ਕਮੀ ਨਾ ਹੋਵੇ। ਉਹਨਾਂ ਰੋਜ਼ਾਨਾ ਇੱਕੋ ਕਿਸਮ ਦੀ ਖ਼ੁਰਾਕ ਲੈਣ ਤੋਂ ਪਰਹੇਜ਼ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਖੁਰਾਕ ਵਿੱਚ ਵਿਭਿੰਨਤਾ ਵਿਅਕਤੀ ਦੇ ਸਮੁੱਚੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਜ਼ਰੂਰੀ ਹੈ।
ਡਾ. ਦਲਜੀਤ ਕੌਰ ਨੇ ਲੋਕਾਂ ਨੂੰ ਇਨ੍ਹਾਂ ਟੀਕਾਕਰਨ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ਤਾਂ ਜੋ ਗਰਭਵਤੀ ਔਰਤਾਂ ਤੇ ਬੱਚਿਆਂ ਦਾ ਸੌ ਫ਼ੀਸਦੀ ਟੀਕਾਕਰਨ ਯਕੀਨੀ ਬਣਾਇਆ ਜਾ ਸਕੇ।