ਕੇਂਦਰੀ ਬਜਟ ਕਿਸਾਨਾਂ ਨਾਲ ਕੋਝਾ ਮਜ਼ਾਕ: ਮਨਪ੍ਰੀਤ ਸਿੰਘ ਅਮਲਾਲਾ
ਮਲਕੀਤ ਸਿੰਘ ਮਲਕਪੁਰ
ਲਾਲੜੂ 1 ਫ਼ਰਵਰੀ 2025: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅੱਜ ਪੇਸ਼ ਕੀਤੇ ਗਏ ਅੱਠਵੇਂ ਬਜਟ ਦੇ ਸਬੰਧ ਵਿੱਚ ਬੀਕੇਯੂ ਲੱਖੋਵਾਲ ਦੇ ਕਾਰਜਕਾਰੀ ਮੈਂਬਰ ਮਨਪ੍ਰੀਤ ਸਿੰਘ ਅਮਲਾਲਾ ਨੇ ਕਿਹਾ ਕਿ ਪੇਸ਼ ਕੀਤੇ ਗਏ ਬਜਟ ਵਿੱਚ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਗਿਆ ਹੈ । ਉਨ੍ਹਾਂ ਨੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਆਖਿਆ ਕਿ ਪੰਜਾਬ ਦੇ ਕਿਸਾਨਾਂ ਨੂੰ ਕੁਝ ਦੇਣਾ ਤਾਂ ਬਹੁਤ ਦੂਰ ਦੀ ਗੱਲ ਹੈ, ਪੂਰੇ ਬਜਟ ਵਿੱਚ ਕੇਂਦਰੀ ਵਿੱਤ ਮੰਤਰੀ ਵੱਲੋਂ ਪੰਜਾਬ ਦਾ ਨਾਮ ਤੱਕ ਵੀ ਨਹੀਂ ਲਿਆ ਗਿਆ।
ਉਹਨਾਂ ਦੱਸਿਆ ਕਿ ਪੰਜਾਬ ਦੀ ਕਿਸਾਨੀ ਨੂੰ ਅੱਜ ਪੇਸ਼ ਹੋਏ ਕੇਂਦਰੀ ਬਜਟ ਤੋਂ ਬਹੁਤ ਹੀ ਉਮੀਦਾਂ ਸਨ, ਜਿਨ੍ਹਾਂ ਉੱਤੇ ਅੱਜ ਪਾਣੀ ਫੇਰ ਦਿੱਤਾ ਗਿਆ । ਸ੍ਰੀ ਅਮਲਾਲਾ ਨੇ ਕਿਹਾ ਕਿ ਪੂਰੇ ਬਜਟ ਵਿੱਚ ਨਾ ਤਾਂ ਕਿਸਾਨਾਂ ਦੇ ਫਸਲੀ ਬੀਮਾ ਯੋਜਨਾ ਅਤੇ ਨਾ ਹੀ ਕਿਸਾਨਾਂ ਮਜ਼ਦੂਰਾਂ ਛੋਟੇ ਵਪਾਰੀ ਦੁਕਾਨਦਾਰਾਂ ਦੇ ਬੀਮੇ ਬਾਬਤ ਕੋਈ ਕਿਸੇ ਕਿਸਮ ਦਾ ਕੇਂਦਰੀ ਮੰਤਰੀ ਵੱਲੋਂ ਐਲਾਨ ਕੀਤਾ ਗਿਆ। ਸ੍ਰੀ ਅਮਲਾਲਾ ਨੇ ਕਿਹਾ ਕਿ ਸਰਕਾਰ ਕਿਸਾਨਾਂ ਲਈ ਚਾਰ ਸਾਲਾਂ ਵਾਸਤੇ ਫਸਲੀ ਗਰੰਟੀ ਦੀ ਤਾਂ ਗੱਲ ਕਰ ਰਹੀ ਹੈ, ਜਦੋਂ ਕਿ ਪੱਕੇ ਤੌਰ 'ਤੇ ਐਮਐਸਪੀ ਗਰੰਟੀ ਦੇਣ ਤੋਂ ਭੱਜ ਰਹੀ ਹੈ।