ਐਸ ਕੇ ਟੀ ਪਲਾਂਟੇਸ਼ਨ ਟੀਮ ਨੇ ਵਾਤਾਵਰਨ ਪ੍ਰੇਮੀ ਅਸ਼ਵਨੀ ਜੋਸ਼ੀ ਦਾ 65ਵਾਂ ਜਨਮ ਦਿਨ ਬੂਟੇ ਲਗਾ ਕੇ ਮਨਾਇਆ
- ਸ਼ੁੱਧ ਪਾਣੀ ਅਤੇ ਸ਼ੁੱਧ ਹਵਾ ਤੋਂ ਬਿਨਾਂ ਜੀਵਨ ਹੈ ਨਰਕ : ਅਸ਼ਵਨੀ ਜੋਸ਼ੀ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 22 ਦਸੰਬਰ ,2024 - ਐਸ ਕੇ ਟੀ ਪਲਾਟੇਸ਼ਨ ਟੀਮ ਵੱਲੋਂ ਚਲਾਈ ਜਾ ਰਹੀ ਜਨਮ ਦਿਨ ਤੇ ਬੂਟੇ ਲਗਾਉਣ ਦੀ ਮੁਹਿੰਮ ਨੂੰ ਹਰ ਰੋਜ਼ ਹੁਲਾਰਾ ਮਿਲ ਰਿਹਾ ਹੈ। ਜਿਸ ਕਾਰਨ ਸ਼ਹਿਰ ਵਿੱਚ ਹਰ ਰੋਜ਼ ਜਨਮ ਦਿਨ ਦੇ ਬੂਟੇ ਲਗਾਏ ਜਾ ਰਹੇ ਹਨ। ਇਸ ਸਬੰਧ ਵਿੱਚ ਅੱਜ ਟੀਮ ਮੈਂਬਰਾਂ ਨੇ ਉੱਘੇ ਵਾਤਾਵਰਣ ਪ੍ਰੇਮੀ ਅਸ਼ਵਨੀ ਜੋਸ਼ੀ ਦਾ 65ਵਾਂ ਜਨਮ ਦਿਨ ਬੂਟੇ ਲਗਾ ਕੇ ਮਨਾਉਂਦਿਆਂ ਓਹਨਾਂ ਦੇ ਸਿਹਤਮੰਦ ਜੀਵਨ ਦੀ ਕਾਮਨਾ ਕੀਤੀ | ਜਿਕਰਯੋਗ ਹੈ ਕਿ ਅਸ਼ਵਨੀ ਜੋਸ਼ੀ ਦੀ ਪ੍ਰੇਰਨਾ ਨਾਲ ਐਸ ਕੇ ਟੀ ਪਲਾਂਟੇਸ਼ਨ ਟੀਮ ਨੇ ਕਈ ਸਾਲ ਪਹਿਲਾਂ ਵਾਤਾਵਰਣ ਦੀ ਸੁਰੱਖਿਆ ਲਈ ਆਪਣਾ ਕੰਮ ਸ਼ੁਰੂ ਕੀਤਾ ਸੀ ਅਤੇ ਹਰ ਸਾਲ ਅਸ਼ਵਨੀ ਜੋਸ਼ੀ ਟੀਮ ਦੇ ਮੈਂਬਰਾਂ ਨਾਲ ਮਿਲ ਕੇ ਆਪਣੇ ਜਨਮ ਦਿਨ ਦੇ ਮੌਕੇ 'ਤੇ ਬੂਟੇ ਲਗਾਉਂਦੇ ਹਨ।
ਟੀਮ ਦੇ ਸੰਚਾਲਕ ਅੰਕੁਸ਼ ਨਿਝਾਵਨ ਨੇ ਦੱਸਿਆ ਕਿ ਗੋ ਗ੍ਰੀਨ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਦੀ ਸਥਾਪਨਾ ਸਾਲ 2010 ਵਿੱਚ ਕੀਤੀ ਗਈ ਸੀ, ਜਿਸ ਦਾ ਮੁੱਖ ਉਦੇਸ਼ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕ ਕਰਨਾ ਸੀ, ਉਦੋਂ ਤੋਂ ਲੈ ਕੇ ਅੱਜ ਤੱਕ ਉਨ੍ਹਾਂ ਦੀ ਸੰਸਥਾ ਲਗਾਤਾਰ ਲੋਕਾਂ ਨੂੰ ਰੁੱਖ ਲਗਾਉਣ ਲਈ ਪ੍ਰੇਰਿਤ ਕਰਦੀ ਆ ਰਹੀ ਹੈ। ਅੱਜ ਉਨ੍ਹਾਂ ਦੇ ਜਨਮ ਦਿਨ 'ਤੇ ਪਿੰਡ ਬੇਗਮਪੁਰ ਦੇ ਬਾਬਾ ਜੋਤਨਾਥ ਮੰਦਿਰ ਦੇ ਵਿਹੜੇ 'ਚ ਕਨੇਰ ਦੇ ਬੂਟੇ ਲਗਾਏ ਗਏ ਜਿਸ 'ਚ ਟੀਮ ਦੇ ਨੌਜਵਾਨ ਮੈਂਬਰ ਹਾਜ਼ਰ ਰਹੇ |
ਅਸ਼ਵਨੀ ਜੋਸ਼ੀ ਨੇ ਆਪਣੇ ਵਾਤਾਵਰਨ ਸੰਦੇਸ਼ ਵਿੱਚ ਕਿਹਾ ਕਿ ਜਿਸ ਤਰ੍ਹਾਂ ਆਬਾਦੀ ਵਧ ਰਹੀ ਹੈ ਅਤੇ ਹਰਿਆਲੀ ਘਟ ਰਹੀ ਹੈ, ਉਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਪਦਾਰਥਕ ਲਾਲਚ ਕਾਰਨ ਮਨੁੱਖ ਇਹ ਭੁੱਲਦਾ ਜਾ ਰਿਹਾ ਹੈ ਕਿ ਪਾਣੀ ਅਤੇ ਹਵਾ ਸਭ ਤੋਂ ਜ਼ਰੂਰੀ ਹੈ, ਕਿਉਂਕਿ ਜੇਕਰ ਪਾਣੀ ਅਤੇ ਹਵਾ ਨਹੀਂ ਹੈ ਤਾਂ ਦੌਲਤ ਵੀ ਕਿਸੇ ਕੰਮ ਦੀ ਨਹੀਂ ਹੈ। ਅਸ਼ਵਨੀ ਜੋਸ਼ੀ ਨੇ ਐਸ.ਕੇ.ਟੀ ਪਲਾਂਟੇਸ਼ਨ ਟੀਮ ਵੱਲੋਂ ਚਲਾਈ ਜਾ ਰਹੀ ਜਨਮਦਿਨ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੂਟੇ ਲਗਾਉਣ ਦੇ ਨਾਲ-ਨਾਲ ਸਾਰੇ ਨੌਜਵਾਨ ਮੈਂਬਰ ਲਗਾਏ ਗਏ ਬੂਟਿਆਂ ਦੀ ਸੰਭਾਲ ਵੀ ਕਰਦੇ ਹਨ। ਉਨ੍ਹਾਂ ਅਪੀਲ ਕੀਤੀ ਕਿ ਸਾਰੇ ਨੌਜਵਾਨ ਰੁੱਖ ਲਗਾਉਣ ਲਈ ਅੱਗੇ ਆਉਣ, ਤਾਂ ਹੀ ਵਾਤਾਵਰਨ ਨੂੰ ਬਚਾਇਆ ਜਾ ਸਕਦਾ ਹੈ।
ਇਸ ਮੌਕੇ ਆਲ ਇੰਡੀਆ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਯੂਥ ਪ੍ਰਧਾਨ ਡਾ: ਕੁਲਵਿੰਦਰ ਰਸਨ, ਅਮਰਜੀਤ ਛੋਕਰ, ਪੰਡਿਤ ਅਰਜੁਨ ਦੇਵ, ਕੁਲਵਿੰਦਰ ਤੀਰਥ ਸਿੰਘ ਅਤੇ ਲਖਵਿੰਦਰ ਆਦਿ ਹਾਜ਼ਰ ਸਨ |