ਇੰਟਰਨੈੱਟ ਦੀ ਸੁਰੱਖਿਅਤ ਤੇ ਜ਼ਿੰਮੇਵਾਰ ਵਰਤੋਂ ਸਬੰਧੀ ਜਾਗਰੂਕ ਕਰਨ ਲਈ ਜਲੰਧਰ ’ਚ ਸੁਰੱਖਿਅਤ ਇੰਟਰਨੈੱਟ ਦਿਵਸ ਮਨਾਇਆ
ਜਲੰਧਰ, 11 ਫਰਵਰੀ 2025: ਅੱਜ ਸੁਰੱਖਿਅਤ ਇੰਟਰਨੈੱਟ ਦਿਵਸ ਮੌਕੇ ਐਨ.ਆਈ.ਸੀ. ਜਲੰਧਰ ਵਿਖੇ ਇਕ ਵਰਕਸ਼ਾਪ ਕਰਵਾਈ ਗਈ, ਜਿਸ ਵਿੱਚ ਸੀਨੀਅਰ ਡਾਇਰੈਕਟਰ (ਆਈ.ਟੀ.) ਅਤੇ ਡੀ.ਆਈ.ਓ. ਐਨ.ਆਈ.ਸੀ. ਜਲੰਧਰ ਰਣਜੀਤ ਸਿੰਘ ਵੱਲੋਂ ਆਪਣੀ ਟੀਮ ਸਮੇਤ ਇੰਟਰਨੈੱਟ ਦੀ ਸੁਰੱਖਿਅਤ ਵਰਤੋਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਵਰਕਸ਼ਾਪ ਵਿੱਚ ਵੱਖ-ਵੱਖ ਵਿਭਾਗਾਂ ਦੇ ਕਈ ਸਰਕਾਰੀ ਕਰਮਚਾਰੀਆਂ ਨੇ ਭਾਗ ਲਿਆ।
ਇਸ ਵਰਕਸ਼ਾਪ ਦਾ ਉਦੇਸ਼ ਸਰਕਾਰੀ ਕਰਮਚਾਰੀਆਂ ਨੂੰ ਸਾਈਬਰ ਧੋਖਾਧੜੀ ਅਤੇ ਇਸ ਤੋਂ ਬਚਣ ਦੇ ਉਪਾਵਾਂ ਬਾਰੇ ਜਾਗਰੂਕ ਕਰਨਾ ਸੀ। ਇਸ ਮੌਕੇ ਸਰਕਾਰੀ ਦਫ਼ਤਰਾਂ ਵਿੱਚ ਸੁਰੱਖਿਅਤ ਕੰਮਕਾਜੀ ਵਾਤਾਵਰਣ ਬਣਾਉਣ ਲਈ ‘ਸਾਈਬਰ ਹਾਈਜੀਨ’ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ। ਸਾਈਬਰ ਧੋਖਾਧੜੀ ਸਬੰਧੀ ਵੀਡੀਓ ਕਲਿੱਪ ਦਿਖਾਏ ਗਏ।
ਡੀ.ਆਈ.ਓ. ਨੇ ਦੱਸਿਆ ਕਿ ਇਹ ਦਿਨ ਇੰਟਰਨੈੱਟ ਦੀ ਸੁਰੱਖਿਅਤ ਅਤੇ ਜ਼ਿੰਮੇਵਾਰ ਵਰਤੋਂ ਨੂੰ ਉਤਸ਼ਾਹਿਤ ਕਰਨ ਅਤੇ ਜਾਗਰੂਕਤਾ ਵਧਾਉਣ ਲਈ ਫਰਵਰੀ ਦੇ ਦੂਜੇ ਮੰਗਲਵਾਰ ਨੂੰ ਦੁਨੀਆ ਭਰ ਵਿੱਚ ਸੁਰੱਖਿਅਤ ਇੰਟਰਨੈੱਟ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਲੈਕਟ੍ਰਾਨਿਕਸ ਅਤੇ ਇਨਫਰਮੇਸ਼ਨ ਟੈਕਨਾਲੋਜੀ ਮੰਤਰਾਲਾ ਐਨ.ਆਈ.ਸੀ. ਦੇ ਸਹਿਯੋਗ ਨਾਲ ਆਈ.ਐਸ.ਈ.ਏ. ਪ੍ਰਾਜੈਕਟ ਤਹਿਤ ਇਸ ਦਿਨ ਨੂੰ ਰਾਸ਼ਟਰਵਿਆਪੀ ਜਾਗਰੂਕਤਾ ਮੁਹਿੰਮ ਵਜੋਂ ਮਨਾਇਆ ਜਾ ਰਿਹਾ ਹੈ।