ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (2 ਫ਼ਰਵਰੀ 2025)
ਧਨਾਸਰੀ ਮਹਲਾ ੩ ॥ ਜੋ ਹਰਿ ਸੇਵਹਿ ਤਿਨ ਬਲਿ ਜਾਉ ॥ ਤਿਨ ਹਿਰਦੈ ਸਾਚੁ ਸਚਾ ਮੁਖਿ ਨਾਉ ॥ ਸਾਚੋ ਸਾਚੁ ਸਮਾਲਿਹੁ ਦੁਖੁ ਜਾਇ ॥ ਸਾਚੈ ਸਬਦਿ ਵਸੈ ਮਨਿ ਆਇ ॥੧॥ ਗੁਰਬਾਣੀ ਸੁਣਿ ਮੈਲੁ ਗਵਾਏ ॥ ਸਹਜੇ ਹਰਿ ਨਾਮੁ ਮੰਨਿ ਵਸਾਏ ॥੧॥ ਰਹਾਉ ॥ ਕੂੜੁ ਕੁਸਤੁ ਤ੍ਰਿਸਨਾ ਅਗਨਿ ਬੁਝਾਏ ॥ ਅੰਤਰਿ ਸਾਂਤਿ ਸਹਜਿ ਸੁਖੁ ਪਾਏ ॥ ਗੁਰ ਕੈ ਭਾਣੈ ਚਲੈ ਤਾ ਆਪੁ ਜਾਇ ॥ ਸਾਚੁ ਮਹਲੁ ਪਾਏ ਹਰਿ ਗੁਣ ਗਾਇ ॥੨॥ ਨ ਸਬਦੁ ਬੂਝੈ ਨ ਜਾਣੈ ਬਾਣੀ ॥ ਮਨਮੁਖਿ ਅੰਧੇ ਦੁਖਿ ਵਿਹਾਣੀ ॥ ਸਤਿਗੁਰੁ ਭੇਟੇ ਤਾ ਸੁਖੁ ਪਾਏ ॥ ਹਉਮੈ ਵਿਚਹੁ ਠਾਕਿ ਰਹਾਏ ॥੩॥ ਕਿਸ ਨੋ ਕਹੀਐ ਦਾਤਾ ਇਕੁ ਸੋਇ ॥ ਕਿਰਪਾ ਕਰੇ ਸਬਦਿ ਮਿਲਾਵਾ ਹੋਇ ॥ ਮਿਲਿ ਪ੍ਰੀਤਮ ਸਾਚੇ ਗੁਣ ਗਾਵਾ ॥ ਨਾਨਕ ਸਾਚੇ ਸਾਚਾ ਭਾਵਾ ॥੪॥੫॥ {ਪੰਨਾ 665}
ਪਦਅਰਥ: ਸੇਵਹਿ = ਸੇਂਵਦੇ ਹਨ, ਸਿਮਰਦੇ ਹਨ। ਜਾਉ = ਜਾਉਂ, ਮੈਂ ਜਾਂਦਾ ਹਾਂ। ਬਲਿ = ਕੁਰਬਾਨ। ਹਿਰਦੈ = ਹਿਰਦੇ ਵਿਚ। ਸਾਚੁ = ਸਦਾ ਕਾਇਮ ਰਹਿਣ ਵਾਲਾ ਹਰੀ। ਮੁਖਿ = ਮੂੰਹ ਵਿਚ। ਸਚਾ = ਸਦਾ-ਥਿਰ। ਸਾਚੋ ਸਾਚੁ = ਸਾਚੁ ਹੀ ਸਾਚੁ, ਸਦਾ-ਥਿਰ ਪ੍ਰਭੂ ਹੀ। ਸਮਾਲਿਹੁ = (ਹੇ ਭਾਈ!) ਸਾਂਭ ਕੇ ਰੱਖਿਆ ਕਰੋ। ਸਬਦਿ = ਸ਼ਬਦ ਦੀ ਰਾਹੀਂ।੧।
ਸੁਣਿ = (ਹੇ ਭਾਈ!) ਸੁਣਿਆ ਕਰ। ਸਹਜੇ = ਆਤਮਕ ਅਡੋਲਤਾ ਵਿਚ। ਮੰਨਿ = ਮਨਿ, ਮਨ ਵਿਚ।੧।ਰਹਾਉ।
ਕੂੜੁ ਕੁਸਤੁ = ਝੂਠ ਫ਼ਰੇਬ। ਅਗਨਿ = ਅੱਗ। ਭਾਣੈ = ਰਜ਼ਾ ਵਿਚ। ਆਪੁ = ਆਪਾ = ਭਾਵ। ਮਹਲੁ = ਟਿਕਾਣਾ।੨।
ਬੂਝੈ = ਸਮਝਦਾ। ਜਾਣੈ = ਸਾਂਝ ਪਾਂਦਾ। ਦੁਖਿ = ਦੁੱਖ ਵਿਚ। ਵਿਹਾਣੀ = ਬੀਤਦੀ ਹੈ। ਭੇਟੇ = ਮਿਲਦਾ ਹੈ। ਤਾਂ = ਤਦੋਂ। ਵਿਚਹੁ = ਮਨ ਵਿਚੋਂ। ਠਾਕਿ = ਰੋਕ ਕੇ।੩।
ਕਿਸ ਨੋ = {ਲਫ਼ਜ਼ 'ਕਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}। ਸਬਦਿ = ਸ਼ਬਦ ਦੀ ਰਾਹੀਂ। ਮਿਲਿ = ਮਿਲ ਕੇ। ਸਾਚੇ ਭਾਵਾ = ਸਦਾ-ਥਿਰ ਪ੍ਰਭੂ ਨੂੰ ਚੰਗੀ ਲੱਗਾਂ {ਭਾਵਾਂ}। ਗਾਵਾ = ਗਾਵਾਂ।੪।
ਅਰਥ: ਹੇ ਭਾਈ! ਗੁਰੂ ਦੀ ਬਾਣੀ ਸੁਣਿਆ ਕਰ, (ਇਹ ਬਾਣੀ ਮਨ ਵਿਚੋਂ ਵਿਕਾਰਾਂ ਦੀ) ਮੈਲ ਦੂਰ ਕਰ ਦੇਂਦੀ ਹੈ। (ਇਹ ਬਾਣੀ) ਆਤਮਕ ਅਡੋਲਤਾ ਵਿਚ (ਟਿਕਾ ਕੇ) ਪਰਮਾਤਮਾ ਦਾ ਨਾਮ ਮਨ ਵਿਚ ਵਸਾ ਦੇਂਦੀ ਹੈ।੧।ਰਹਾਉ।
(ਹੇ ਭਾਈ! ਗੁਰਬਾਣੀ ਦਾ ਆਸਰਾ ਲੈ ਕੇ) ਜੇਹੜੇ ਮਨੁੱਖ ਪਰਮਾਤਮਾ ਦਾ ਸਿਮਰਨ ਕਰਦੇ ਹਨ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਉਹਨਾਂ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਵੱਸਿਆ ਰਹਿੰਦਾ ਹੈ, ਉਹਨਾਂ ਦੇ ਮੂੰਹ ਵਿਚ ਸਦਾ-ਥਿਰ ਹਰਿ-ਨਾਮ ਟਿਕਿਆ ਰਹਿੰਦਾ ਹੈ। ਹੇ ਭਾਈ! ਸਦਾ-ਥਿਰ ਪ੍ਰਭੂ ਨੂੰ ਹੀ (ਹਿਰਦੇ ਵਿਚ) ਸੰਭਾਲ ਕੇ ਰੱਖਿਆ ਕਰੋ (ਇਸ ਦੀ ਬਰਕਤਿ ਨਾਲ ਹਰੇਕ) ਦੁੱਖ ਦੂਰ ਹੋ ਜਾਂਦਾ ਹੈ। ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੇ ਸ਼ਬਦ ਵਿਚ ਜੁੜਿਆਂ (ਹਰਿ-ਨਾਮ) ਮਨ ਵਿਚ ਆ ਵੱਸਦਾ ਹੈ।੧।
(ਹੇ ਭਾਈ! ਗੁਰੂ ਦੀ ਬਾਣੀ ਮਨ ਵਿਚੋਂ) ਝੂਠ ਫ਼ਰੇਬ ਮੁਕਾ ਦੇਂਦੀ ਹੈ, ਤ੍ਰਿਸ਼ਨਾ ਦੀ ਅੱਗ ਬੁਝਾ ਦੇਂਦੀ ਹੈ। (ਗੁਰਬਾਣੀ ਦੀ ਬਰਕਤਿ ਨਾਲ) ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਆਤਮਕ ਅਡੋਲਤਾ ਵਿਚ ਟਿਕ ਜਾਈਦਾ ਹੈ, ਆਤਮਕ ਆਨੰਦ ਪ੍ਰਾਪਤ ਹੁੰਦਾ ਹੈ। (ਜਦੋਂ ਮਨੁੱਖ ਗੁਰਬਾਣੀ ਅਨੁਸਾਰ) ਗੁਰੂ ਦੀ ਰਜ਼ਾ ਵਿਚ ਤੁਰਦਾ ਹੈ, ਤਦੋਂ (ਉਸ ਦੇ ਅੰਦਰੋਂ) ਆਪਾ-ਭਾਵ ਦੂਰ ਹੋ ਜਾਂਦਾ ਹੈ, ਤਦੋਂ ਉਹ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ ਗਾ ਕੇ ਸਦਾ-ਥਿਰ ਰਹਿਣ ਵਾਲਾ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ (ਪ੍ਰਭੂ ਚਰਨਾਂ ਵਿਚ ਲੀਨ ਰਹਿੰਦਾ ਹੈ) ।੨।
ਹੇ ਭਾਈ! ਜੇਹੜਾ ਮਨੁੱਖ ਨਾਹ ਗੁਰੂ ਦੇ ਸ਼ਬਦ ਨੂੰ ਸਮਝਦਾ ਹੈ, ਨਾਹ ਗੁਰੂ ਦੀ ਬਾਣੀ ਨਾਲ ਡੂੰਘੀ ਸਾਂਝ ਪਾਂਦਾ ਹੈ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ, ਤੇ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ (ਉਸ ਮਨੁੱਖ ਦੀ ਉਮਰ) ਦੁੱਖ ਵਿਚ ਹੀ ਗੁਜ਼ਰਦੀ ਹੈ। ਜਦੋਂ ਉਸ ਨੂੰ ਗੁਰੂ ਮਿਲ ਪੈਂਦਾ ਹੈ, ਤਦੋਂ ਉਹ ਆਤਮਕ ਆਨੰਦ ਹਾਸਲ ਕਰਦਾ ਹੈ, ਗੁਰੂ ਉਸ ਦੇ ਮਨ ਵਿਚੋਂ ਹਉਮੈ ਮਾਰ ਮੁਕਾਂਦਾ ਹੈ।
ਪਰ, ਹੇ ਭਾਈ! ਪਰਮਾਤਮਾ ਤੋਂ ਬਿਨਾ) ਹੋਰ ਕਿਸੇ ਅੱਗੇ ਅਰਜ਼ੋਈ ਕੀਤੀ ਨਹੀਂ ਜਾ ਸਕਦੀ। ਸਿਰਫ਼ ਪਰਮਾਤਮਾ ਹੀ (ਗੁਰੂ ਦੇ ਮਿਲਾਪ ਦੀ ਦਾਤਿ) ਦੇਣ ਵਾਲਾ ਹੈ। ਜਦੋਂ ਪਰਮਾਤਮਾ (ਇਹ) ਕਿਰਪਾ ਕਰਦਾ ਹੈ, ਤਦੋਂ ਗੁਰੂ ਦੇ ਸ਼ਬਦ ਵਿਚ ਜੁੜਿਆਂ (ਪ੍ਰਭੂ ਨਾਲ) ਮਿਲਾਪ ਹੋ ਜਾਂਦਾ ਹੈ। ਹੇ ਨਾਨਕ! ਆਖ-ਜੇ ਪ੍ਰਭੂ ਦੀ ਮੇਹਰ ਹੋਵੇ, ਤਾਂ) ਮੈਂ ਪ੍ਰੀਤਮ-ਗੁਰੂ ਨੂੰ ਮਿਲ ਕੇ ਸਦਾ-ਥਿਰ ਪ੍ਰਭੂ ਦੇ ਗੀਤ ਗਾ ਸਕਦਾ ਹਾਂ, ਸਦਾ-ਥਿਰ ਪ੍ਰਭੂ ਦਾ ਨਾਮ ਜਪ ਜਪ ਕੇ ਸਦਾ-ਥਿਰ ਪ੍ਰਭੂ ਨੂੰ ਪਿਆਰਾ ਲੱਗ ਸਕਦਾ ਹਾਂ।੪।੫।