ਕਾਰਪੇਂਟਰ ਦੀ ਧੀ ਨੇ ਜ਼ਿਲ੍ਹਾ ਮੋਹਾਲੀ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਝੰਡਾ ਲਹਿਰਾਇਆ
- ਪੂਰੇ ਜ਼ਿਲ੍ਹੇ 'ਚ ਇੱਕੋ- ਇੱਕ ਕੁੜੀ ਮੈਰਿਟ 'ਚ ਆਈ
ਮਲਕੀਤ ਸਿੰਘ ਮਲਕਪੁਰ
ਲਾਲੜੂ 16 ਮਈ 2025: ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੇ ਦਸਵੀਂ ਜਮਾਤ ਦੇ ਨਤੀਜਿਆਂ 'ਚ ਸਰਕਾਰੀ ਹਾਈ ਸਕੂਲ ਰਾਜੋਮਾਜਰਾ (ਬਲਾਕ ਡੇਰਾਬੱਸੀ) ਦੀ ਧੀ ਨੇ ਜ਼ਿਲ੍ਹਾ ਮੋਹਾਲੀ ਵਿੱਚ ਟਾਪ ਕਰਕੇ ਵਿਦਿਆਰਥੀਆਂ ਦਾ ਮਾਣ ਵਧਾਇਆ ਹੈ। ਪਿੰਡ ਰਾਜੋਮਾਜਰਾ ਦੇ ਮਲਕੀਤ ਸਿੰਘ ਦੀ ਧੀ ਜਸ਼ਨਦੀਪ ਨੇ 628/650 ਅੰਕ ਪ੍ਰਾਪਤ ਕਰਕੇ ਸਟੇਟ ਮੈਰਿਟ ਸੂਚੀ ਵਿੱਚ 22ਵਾਂ ਰੈਂਕ ਹਾਸਲ ਕਰਕੇ ਅਤੇ ਜ਼ਿਲ੍ਹਾ ਮੋਹਾਲੀ ਵਿੱਚ ਟਾਪ ਕਰਕੇ ਆਪਣੇ ਸਕੂਲ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ। ਜਸ਼ਨਦੀਪ ਦੇ ਪਿਤਾ ਮਲਕੀਤ ਸਿੰਘ ਤਰਖਾਣ ਦਾ ਕੰਮ ਕਰਦੇ ਹਨ ਅਤੇ ਮਾਂ ਰਾਜਰਾਣੀ ਇੱਕ ਘਰੇਲੂ ਔਰਤ ਹੈ।
ਜਸ਼ਨਦੀਪ ਨੇ ਇਸ ਸਫਲਤਾ ਦਾ ਪੂਰਾ ਸਿਹਰਾ ਆਪਣੇ ਅਧਿਆਪਕਾਂ ਖਾਸ ਕਰਕੇ ਮੈਡਮ ਨੰਦਨੀ ਜੋਸ਼ੀ ਜੋ ਇਨ੍ਹਾਂ ਦੀ ਇੰਚਾਰਜ ਸੀ ਅਤੇ ਆਪਣੇ ਮਾਪਿਆਂ ਨੂੰ ਦਿੱਤਾ ਹੈ। ਜਸ਼ਨ ਨੇ ਟਿਊਸ਼ਨਾਂ ਤੋਂ ਬਿਨਾਂ ਸਕੂਲ ਦੇ ਅਧਿਆਪਕਾਂ ਦੁਆਰਾ ਦਿੱਤੇ ਗਏ ਪਾਠਾਂ 'ਤੇ ਧਿਆਨ ਕੇਂਦਰਿਤ ਕੀਤਾ ਅਤੇ ਖੇਡਾਂ ਵਿੱਚ ਵੀ ਭਾਗ ਲਿਆ। ਉਸ ਨੂੰ ਬੈਡਮਿੰਟਨ ਖੇਡਣ ਦਾ ਸ਼ੌਕ ਹੈ ਅਤੇ ਉਹ ਜ਼ਿਲ੍ਹਾ ਪੱਧਰ ਤੱਕ ਬੈਡਮਿੰਟਨ ਵੀ ਖੇਡੀ ਹੈ ਅਤੇ ਉਸ ਨੇ ਹਮੇਸ਼ਾ ਮੋਬਾਈਲ ਅਤੇ ਟੀਵੀ ਤੋਂ ਦੂਰੀ ਬਣਾ ਕੇ ਰੱਖੀ ਅਤੇ ਪੜ੍ਹਾਈ ਉੱਤੇ ਜ਼ੋਰ ਦਿੱਤਾ।
ਜਸ਼ਨਪ੍ਰੀਤ ਕੌਰ ਦਾ ਸੁਪਨਾ ਹੈ ਕਿ ਉਹ ਕਾਮਰਸ ਦੀ ਪੜ੍ਹਾਈ ਕਰਕੇ ਚਾਰਟਰਡ ਅਕਾਊਂਟੈਂਟ ਬਣੇ ਅਤੇ ਸਮਾਜ ਦੀ ਸੇਵਾ ਕਰੇ। ਸਕੂਲ ਪ੍ਰਿੰਸੀਪਲ ਪਰਮਜੀਤ ਕੌਰ ਤੇ ਮੈਡਮ ਨੰਦਨੀ ਜੋਸ਼ੀ ਲੜਕੀ ਦੇ ਘਰ ਪੁੱਜੇ ਅਤੇ ਉਸ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਸ ਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ। ਇਸ ਮੌਕੇ ਮੁੱਖ ਅਧਿਆਪਕਾ ਨੇ ਕਿਹਾ ਕਿ ਹੁਸ਼ਿਆਰ ਜਸ਼ਨਦੀਪ ਸ਼ੁਰੂ ਤੋਂ ਹਰ ਜਮਾਤ ਵਿੱਚੋਂ ਪਹਿਲੇ ਸਥਾਨ 'ਤੇ ਆ ਰਹੀ ਹੈ ਅਤੇ ਪੜ੍ਹਾਈ ਤੋਂ ਇਲਾਵਾ ਸਕੂਲ ਦੀਆਂ ਹੋਰ ਗਤੀਵਿਧੀਆਂ ਵਿੱਚ ਵੀ ਵਿਸ਼ੇਸ਼ ਸਥਾਨ ਪ੍ਰਾਪਤ ਕਰਦੀ ਰਹੀ ਹੈ। ਜਸ਼ਨਦੀਪ ਦੇ ਮੋਹਾਲੀ ਜ਼ਿਲ੍ਹੇ ਵਿੱਚ ਪਹਿਲੇ ਸਥਾਨ 'ਤੇ ਆਉਣ ਤੋਂ ਬਾਅਦ ਪਿੰਡ ਵਿੱਚ ਜਸ਼ਨ ਦਾ ਮਾਹੌਲ ਹੈ।
ਅਤੇ ਘਰ ਵਿੱਚ ਵਧਾਈਆਂ ਦੇਣ ਲਈ ਲੋਕਾਂ ਦੀ ਇੱਕ ਲਹਿਰ ਹੈ। ਪਿੰਡ ਦੇ ਸਰਪੰਚ ਬਲਜੀਤ ਸਿੰਘ ਨੇ ਧੀ ਨੂੰ ਉਸ ਦੀ ਪ੍ਰਾਪਤੀ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ।