ਗੁਰਨਾਮ ਸੈਣੀ ਮੈਮੋਰੀਅਲ ਟਰੱਸਟ ਨੇ ਲਾਲੜੂ ਮੰਡੀ ਵਿੱਚ ਟਾਪਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਮਲਕੀਤ ਸਿੰਘ ਮਲਕਪੁਰ
ਲਾਲੜੂ 16 ਮਈ 2025: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲਾਲੜੂ ਮੰਡੀ ਦੇ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ਸ਼ਾਨਦਾਰ ਰਹੇ। ਕੁੱਲ 459 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ ਨਤੀਜਾ 100 ਫੀਸਦੀ ਰਿਹਾ। ਇਸ ਤੋਂ ਖੁਸ਼ ਹੋ ਕੇ ਮਸ਼ਹੂਰ ਸਮਾਜ ਸੇਵੀ ਤੇ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ, ਜੋ ਗੁਰਨਾਮ ਸਿੰਘ ਸੈਣੀ ਮੈਮੋਰੀਅਲ ਟਰੱਸਟ ਚਲਾਉਂਦੇ ਹਨ, ਨੇ ਟਰੱਸਟ ਦੇ ਮੈਂਬਰਾਂ ਦੇ ਨਾਲ ਸਕੂਲ ਦੇ ਹੁਸ਼ਿਆਰ ਵਿਦਿਆਰਥੀਆਂ ਦਾ ਸਨਮਾਨ ਕੀਤਾ। ਉਨ੍ਹਾਂ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਟਰੱਸਟ ਹੁਸ਼ਿਆਰ ਵਿਦਿਆਰਥੀਆਂ ਨੂੰ ਹੁਲਾਰਾ ਦੇਣ ਅਤੇ ਸਕੂਲ ਦੀ ਮਦਦ ਲਈ ਹਰ ਸੰਭਵ ਸੇਵਾਵਾਂ ਪ੍ਰਦਾਨ ਕਰੇਗਾ।
ਪ੍ਰਿੰਸੀਪਲ ਡਿੰਪੀ ਧੀਰ ਨੇ ਦੱਸਿਆ ਕਿ ਨਾਨ-ਮੈਡੀਕਲ ਸਟ੍ਰੀਮ ਦੇ ਦੇਵੇਂਦਰ ਤਿਵਾੜੀ ਦੇ ਪੁੱਤਰ ਸੁਧਾਂਸ਼ੂ ਤਿਵਾੜੀ ਨੇ 97.4 ਫੀਸਦੀ ਅੰਕ ਪ੍ਰਾਪਤ ਕਰਕੇ ਪੰਜਾਬ ਮੈਰਿਟ ਸੂਚੀ ਵਿੱਚ 13ਵਾਂ ਸਥਾਨ ਪ੍ਰਾਪਤ ਕੀਤਾ ਹੈ ਅਤੇ ਸਕੂਲ ਵਿੱਚੋਂ ਕੁੱਲ ਮਿਲਾ ਕੇ ਟਾਪ ਕੀਤਾ ਹੈ, ਜਦੋਂ ਕਿ ਲਤੇਸ਼ ਕੁਮਾਰ ਦੀ ਧੀ ਕੌਸ਼ਿਕੀ ਨੇ ਕਾਮਰਸ ਗਰੁੱਪ ਵਿੱਚ 95.40 ਫੀਸਦੀ, ਆਰਟਸ ਗਰੁੱਪ ਦੇ ਭੁਪਿੰਦਰ ਸਿੰਘ ਦੇ ਪੁੱਤਰ ਅਮਨਿੰਦਰ ਸਿੰਘ ਨੇ 95 ਫੀਸਦੀ ਅਤੇ ਵੋਕੇਸ਼ਨਲ ਗਰੁੱਪ ਦੇ ਬਲਜੀਤ ਸਿੰਘ ਦੇ ਪੁੱਤਰ ਕਰਨ ਸਿੰਘ ਨੇ 83 ਫੀਸਦੀ ਅੰਕ ਪ੍ਰਾਪਤ ਕਰਕੇ ਸਟ੍ਰੀਮ ਵਿੱਚ ਟਾਪ ਕੀਤਾ ਹੈ। ਇਸ ਮੌਕੇ ਹਰਪ੍ਰੀਤ ਟਿੰਕੂ, ਪੁਸ਼ਪਿੰਦਰ ਮਹਿਤਾ, ਸਾਬਕਾ ਸਰਪੰਚ ਗੁਲਜ਼ਾਰ ਸਿੰਘ ਟਿਵਾਣਾ ਤੋਂ ਇਲਾਵਾ ਵੱਖ-ਵੱਖ ਸਟਰੀਮਜ਼ ਦੇ ਲੈਕਚਰਾਰ ਵੀ ਮੌਜੂਦ ਸਨ।