ਸਿਹਤ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਵਿਕਾਸ ਕਾਰਜਾਂ 'ਚ ਕੁਤਾਹੀ ਬਰਦਾਸ਼ਤ ਨਹੀਂ ਹੋਵੇਗੀ
- ਡਾ. ਬਲਬੀਰ ਸਿੰਘ ਨੇ ਪਟਿਆਲਾ ਦਿਹਾਤੀ ਹਲਕੇ ਲਈ 9 ਕਰੋੜ ਰੁਪਏ ਦੇ ਰੰਗਲਾ ਪੰਜਾਬ ਪ੍ਰਾਜੈਕਟਾਂ ਦੀ ਰੂਪ ਰੇਖਾ ਉਲੀਕੀ
- ਜੇਕਰ ਕਿਸੇ ਵੀ ਕੰਮ ਵਿੱਚ ਊਣਤਾਈ ਪਾਈ ਗਈ ਤਾਂ ਸਬੰਧਤ ਅਧਿਕਾਰੀਆਂ ਖ਼ਿਲਾਫ਼ ਮਿਸਾਲੀ ਕਾਰਵਾਈ ਕੀਤੀ ਜਾਵੇਗੀ
- ਵਿਕਾਸ 'ਚ ਲੋਕਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਦਿਨ ਭਰ 25 ਪਿੰਡਾਂ ਦੇ ਨੁਮਾਇੰਦਿਆਂ ਨਾਲ ਮੈਰਾਥਨ ਮੀਟਿੰਗਾਂ
- ਕਿਹਾ, ਰੰਗਲਾ ਪੰਜਾਬ: ਸਿੱਖਿਆ, ਸਿਹਤ ਤੇ ਵਾਤਾਵਰਣ ਵੱਲ ਕੇਂਦਰਤ
ਪਟਿਆਲਾ, 15 ਮਈ 2025 - ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਆਪਣੇ ਹਲਕੇ ਦੇ ਵਿਕਾਸ ਕਾਰਜਾਂ ਦਾ ਮੁਲੰਕਣ ਕਰਦਿਆਂ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਕਿਸੇ ਵੀ ਕੰਮ ਵਿੱਚ ਕੁਤਾਹੀ ਬਰਦਾਸ਼ਤ ਨਹੀਂ ਹੋਵੇਗੀ। ਉਨ੍ਹਾਂ ਨੇ ਅੱਜ ਆਪਣੇ ਹਲਕੇ ਵਿੱਚ ਕਰੀਬ 9 ਕਰੋੜ ਰੁਪਏ ਦੇ ਰੰਗਲਾ ਪੰਜਾਬ ਪ੍ਰੋਜੈਕਟਾਂ ਦੀ ਯੋਜਨਾਬੰਦੀ ਤਹਿਤ ਇਨ੍ਹਾਂ ਉਪਰ ਚਰਚਾ ਅਤੇ ਪ੍ਰਾਜੈਕਟਾਂ ਨੂੰ ਅੰਤਿਮ ਰੂਪ ਦੇਣ ਲਈ ਪਟਿਆਲਾ ਦਿਹਾਤੀ ਹਲਕੇ ਦੇ 2 ਦਰਜਨ ਤੋਂ ਵਧੇਰੇ ਪਿੰਡਾਂ ਦੇ ਨੁਮਾਇੰਦਿਆਂ ਨਾਲ ਮੈਰਾਥਨ ਮੀਟਿੰਗਾਂ ਕੀਤੀਆਂ। ਇਸ ਮੌਕੇ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਸਰਕਾਰ ਰੰਗਲਾ ਪੰਜਾਬ ਤਹਿਤ ਸਿੱਖਿਆ, ਸਿਹਤ ਤੇ ਵਾਤਾਵਰਣ ਵੱਲ ਕੇਂਦਰਤ ਹੈ।
ਪਟਿਆਲਾ ਹਲਕੇ ਦੇ ਵਿਕਾਸ 'ਚ ਸਾਰੇ ਲੋਕਾਂ ਦੇ ਯੋਗਦਾਨ ਨੂੰ ਦਿਸ਼ਾ ਦੇਣ ਲਈ ਸਿਹਤ ਮੰਤਰੀ ਨੇ ਅੱਜ ਸਵੇਰ ਤੋਂ ਸ਼ਾਮ ਤੱਕ ਆਪਣੇ ਹਲਕੇ ਦੇ ਪਿੰਡਾਂ ਰੋਹਟੀ ਛੰਨਾ, ਰੋਹਟਾ, ਰੋਹਟੀ ਮੌੜਾਂ, ਰੋਹਟੀ ਬਸਤਾ ਸਿੰਘ, ਇੱਛੇਵਾਲ, ਰਾਮਗੜ੍ਹ÷ ਛੰਨਾ, ਲਾਲੌਦਾ, ਘਮਰੌਦਾ, ਮੰਡੌੜ, ਸ਼ਮਲਾ, ਰੋਹਟੀ ਖਾਸ, ਹਿਆਣਾ ਕਲਾਂ, ਹਿਆਣਾ ਖੁਰਦ, ਧੰਗੇੜਾ, ਕੈਦੂਪੁਰ, ਲੰਗ, ਰੌਂਗਲਾ, ਕਿਸ਼ਨਗੜ੍ਹ, ਸਿੰਬੜੌ, ਲੌਟ, ਸਿਓਣਾ, ਵਿਕਾਸ ਨਗਰ, ਬਾਬੂ ਸਿੰਘ ਕਲੋਨੀ, ਸਿੱਧੂਵਾਲ, ਰਣਜੀਤ ਨਗਰ ਆਦਿ ਪਿੰਡਾਂ ਦੇ ਨੁਮਾਇੰਦਿਆਂ ਨਾਲ ਮੈਰਾਥਨ ਮੀਟਿੰਗਾਂ ਕੀਤੀਆਂ।ਉਨ੍ਹਾਂ ਕਿਹਾ ਕਿ ਉਹ ਖ਼ੁਦ ਵਿਕਾਸ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ ਤੇ ਜੇਕਰ ਕਿਸੇ ਵੀ ਕੰਮ ਵਿੱਚ ਊਣਤਾਈ ਪਾਈ ਗਈ ਤਾਂ ਸਬੰਧਤ ਅਧਿਕਾਰੀਆਂ ਖ਼ਿਲਾਫ਼ ਮਿਸਾਲੀ ਕਾਰਵਾਈ ਕੀਤੀ ਜਾਵੇਗੀ।
ਸਥਾਨਕ ਨੁਮਾਇੰਦਿਆ ਨੇ ਆਪਣੇ ਪਿੰਡਾਂ ਦੀਆਂ ਸਮੱਸਿਆਵਾਂ, ਮੰਗਾਂ ਤੇ ਸੁਝਾਓ ਮੰਤਰੀ ਦੇ ਸਨਮੁੱਖ ਰੱਖੇ, ਜਿਨ੍ਹਾਂ 'ਤੇ ਸਿਹਤ ਮੰਤਰੀ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਲਈ ਹਦਾਇਤਾਂ ਕੀਤੀਆਂ। ਉਹਨਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪਿੰਡਾਂ ਦੀਆਂ ਬੁਨਿਆਦੀ ਲੋੜਾਂ ਨੂੰ ਪਹਿਲ ਦੇ ਅਧਾਰ 'ਤੇ ਪੂਰਾ ਕੀਤਾ ਜਾਵੇਗਾ।
ਸਿਹਤ ਮੰਤਰੀ ਨੇ ਪਾਣੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਮੁੱਖ ਮਸਲਾ ਮੰਨਦੇ ਹੋਏ ਭਰੋਸਾ ਦਿਵਾਇਆ ਕਿ ਸਰਕਾਰ ਵੱਲੋਂ ਜਲਦ ਹੀ ਪਾਣੀ ਦੀ ਨਿਕਾਸੀ ਲਈ ਢਾਂਚਾਗਤ ਸੁਧਾਰ ਕੀਤੇ ਜਾਣਗੇ ਤੇ ਨਾਲ ਹੀ ਪੰਚਾਇਤੀ ਅਤੇ ਡਰੇਨੇਜ਼ ਵਿਭਾਗ ਨਾਲ ਮਿਲ ਕੇ ਪਿੰਡ ਪੱਧਰ 'ਤੇ ਰੋਡ ਮੈਪ ਤਿਆਰ ਕਰਕੇ, ਬਰਸਾਤੀ ਪਾਣੀ ਦੀ ਸੁਚੱਜੀ ਨਿਕਾਸੀ ਯਕੀਨੀ ਬਣਾਈ ਜਾਵੇਗੀ ਤੇ ਪੁਰਾਣੀਆਂ ਨਿਕਾਸੀ ਲਾਈਨਾਂ ਦੀ ਸਫਾਈ ਤੇ ਮੁਰੰਮਤ ਵੀ ਕਰਵਾਈ ਜਾਵੇਗੀ।
ਡਾ. ਬਲਬੀਰ ਸਿੰਘ ਨੇ ਸਿੱਖਿਆ ਖੇਤਰ ਨਾਲ ਜੁੜੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ, ਜਿੱਥੇ ਕਮਰਿਆਂ ਦੀ ਘਾਟ ਹੈ, ਉੱਥੇ ਨਵੇਂ ਕਮਰੇ ਬਣਵਾ ਕੇ ਦੇਣ ਸਮੇਤ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਦਾ ਸਮੁੱਚਾ ਵਿਕਾਸ ਕਰਵਾਇਆ ਜਾਵੇਗਾ। ਉਹਨਾਂ ਭਰੋਸਾ ਦਿਵਾਇਆ ਕਿ ਹੁਣ ਕਾਮਰਸ ਤੇ ਮੈਡੀਕਲ ਸਟਰੀਮ ਵੀ ਪਿੰਡਾਂ ਦੇ ਸਕੂਲਾਂ ਵਿੱਚ ਸ਼ੁਰੂ ਕੀਤੀਆਂ ਜਾਣਗੀਆਂ ਤਾਂ ਜੋ ਪਿੰਡਾਂ ਦੇ ਬੱਚਿਆ ਨੂੰ ਵੱਡੇ ਸ਼ਹਿਰ ਜਾਂ ਦੂਰ ਦੇ ਪਿੰਡਾਂ ਵਿੱਚ ਸਿਖਿਆ ਲੈਣ ਲਈ ਜਾਣਾ ਨਾ ਪਵੇ।
ਸਿਹਤ ਮੰਤਰੀ ਨੇ ਸਿਵਲ ਸਰਜਨ ਨੂੰ ਪਿੰਡ ਪੱਧਰ 'ਤੇ ਨਿਯਮਿਤ ਸਿਹਤ ਕੈਂਪ ਲਗਾਉਣ ਦੀ ਹਦਾਇਤ ਕਰਦਿਆਂ ਬਜੁਰਗਾਂ ਲਈ ਮੁਫ਼ਤ ਐਨਕਾਂ, ਨਜ਼ਰ ਤੇ ਬੀ.ਪੀ. ਜਾਂਚ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਕਿਹਾ।ਇਸ ਤੋਂ ਇਲਾਵਾ ਉਹਨਾਂ ਪਿੰਡਾਂ ਵਿੱਚ ਖੇਡ ਦੇ ਮੈਦਾਨ, ਪਾਰਕਾਂ ਦੀ ਵਿਵਸਥਾ, ਸੋਲਰ ਲਾਈਟਾਂ ਲਗਵਾਉਣ ਅਤੇ ਖੇਡਾਂ ਲਈ ਬੁਨਿਆਦੀ ਢਾਂਚਾ ਤਿਆਰ ਕਰਨ ਦਾ ਵੀ ਭਰੋਸਾ ਦਵਾਇਆ।
ਡਾ. ਬਲਬੀਰ ਸਿੰਘ ਨੇ ਵਾਤਾਵਰਣ ਸੰਭਾਲ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਸਾਡੇ ਸਾਰਿਆਂ ਦੀ ਸਾਂਝੀ ਜੁੰਮੇਵਾਰੀ ਹੈ, ਇਸੇ ਤਹਿਤ ਪੁਰਾਣੇ ਦਰਖ਼ਤਾਂ ਦੀ ਛਟਾਈ ਕਰਕੇ ਉਹਨਾਂ ਦੀ ਸੰਭਾਲ ਕੀਤੀ ਜਾਵੇ ਅਤੇ ਨਵੇਂ ਰੁੱਖ ਲਗਾ ਕੇ ਦੇਖਭਾਲ ਕੀਤੀ ਜਾਵੇ।
ਬੈਠਕ ਦੌਰਾਨ ਏ.ਡੀ.ਸੀ (ਜ) ਇਸ਼ਾ ਸਿੰਗਲ, ਏ.ਡੀ.ਸੀ. ਦਿਹਾਤੀ ਵਿਕਾਸ ਅਮਰਿੰਦਰ ਸਿੰਘ ਟਿਵਾਣਾ, ਐਸ.ਪੀ. ਪਲਵਿੰਦਰ ਸਿੰਘ ਚੀਮਾ, ਐਸ.ਡੀ.ਐਮ ਨਾਭਾ ਡਾ. ਇਸਮਤ ਵਿਜੇ ਸਿੰਘ, ਆਰ.ਟੀ.ਏ. ਬਬਨਦੀਪ ਸਿੰਘ ਵਾਲੀਆ, ਡੀ.ਐਸ.ਪੀ ਮਨੋਜ ਗੋਰਸੀ, ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ, ਜਸਵੀਰ ਗਾਂਧੀ, ਸੁਰੇਸ਼ ਰਾਏ, ਜ਼ਿਲ੍ਹਾ ਪ੍ਰੀਸ਼ਦ ਦੇ ਡਿਪਟੀ ਸੀਈਓ ਅਮਨਦੀਪ ਕੌਰ, ਡੀ.ਡੀ.ਪੀ.ਓ ਸ਼ਵਿੰਦਰ ਸਿੰਘ, ਬੀਡੀਪੀਓ ਬਲਜੀਤ ਸਿੰਘ ਸੋਹੀ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਪੰਚਾਇਤ ਮੈਂਬਰ ਹਾਜ਼ਰ ਸਨ ।