ਹਰਜੋਤ ਬੈਂਸ ਵੱਲੋਂ ਸ੍ਰੀ ਕੀਰਤਪੁਰ ਸਾਹਿਬ-ਨੰਗਲ ਹਾਈਵੇਅ ਪ੍ਰੋਜੈਕਟ ਵਿੱਚ ਤੇਜ਼ੀ ਲਿਆਉਣ ਲਈ ਐਨ.ਐਚ.ਏ.ਆਈ. ਅਧਿਕਾਰੀਆਂ ਨੂੰ ਆਦੇਸ਼
• ਸਿੱਖਿਆ ਮੰਤਰੀ ਵੱਲੋਂ ਨੂੰ ਚਹੁੰ-ਮਾਰਗੀ ਹਾਈਵੇਅ ਪ੍ਰਾਜੈਕਟ ਦੀ ਹਫਤਾਵਾਰੀ ਸਮੀਖਿਆ ਕੀਤੀ ਜਾਵੇਗੀ; ਡਰੀਮ ਪ੍ਰੋਜੈਕਟ ਲਈ ਜ਼ਮੀਨ ਐਕੁਆਇਰ ਕਰਨ ਵਿੱਚ ਤੇਜ਼ੀ ਲਿਆਉਣ ਲਈ ਅਧਿਕਾਰੀਆਂ ਨੂੰ ਕੀਤੀ ਹਦਾਇਤ
ਚੰਡੀਗੜ੍ਹ, 16 ਮਈ 2025 - ਸ਼੍ਰੀ ਕੀਰਤਪੁਰ ਸਾਹਿਬ-ਨੰਗਲ ਹਾਈਵੇਅ ਨੂੰ ਚਹੁੰ-ਮਾਰਗੀ ਕਰਨ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਯਤਨਾਂ ਤਹਿਤ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ, ਸ. ਹਰਜੋਤ ਸਿੰਘ ਬੈਂਸ ਨੇ ਸਬੰਧਤ ਅਧਿਕਾਰੀਆਂ ਨੂੰ ਇਸ ਪ੍ਰੋਜੈਕਟ ਲਈ ਲੋੜੀਂਦੀ ਜ਼ਮੀਨ ਐਕੁਆਇਰ ਕਰਨ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ ਅਤੇ ਇਹ ਵੀ ਫੈਸਲਾ ਲਿਆ ਕਿ ਇਸ ਪ੍ਰੋਜੈਕਟ ਦੀ ਪ੍ਰਗਤੀ ਦਾ ਉਹ ਹਫਤਾਵਾਰੀ ਜਾਇਜ਼ਾ ਲੈਣਗੇ।
ਇੱਥੇ ਪੰਜਾਬ ਸਿਵਲ ਸਕੱਤਰੇਤ-1 ਵਿਖੇ ਐਨ.ਐਚ.ਏ.ਆਈ.,ਐਮ.ਓ.ਆਰ.ਟੀ.ਐਚ. ਅਤੇ ਲੋਕ ਨਿਰਮਾਣ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਸ੍ਰੀ ਕੀਰਤਪੁਰ ਸਾਹਿਬ-ਨੰਗਲ ਹਾਈਵੇਅ ਨੂੰ ਚਹੁੰ-ਮਾਰਗੀ ਕਰਨ ਸਬੰਧੀ ਪ੍ਰੋਜੈਕਟ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਇਸਨੂੰ ਇੱਕ ‘ਡਰੀਮ ਪ੍ਰੋਜੈਕਟ’ ਕਰਾਰ ਦਿੱਤਾ, ਜੋ ਖੇਤਰ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ।
ਇਸ ਹਾਈਵੇਅ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਸ. ਬੈਂਸ ਨੇ ਕਿਹਾ ਕਿ ਇਹ ਮਾਰਗ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦਰਮਿਆਨ ਅਹਿਮ ਕੜੀ ਵਜੋਂ ਕੰਮ ਕਰਦਾ ਹੈ ਅਤੇ ਵਿਸ਼ੇਸ਼ ਤੌਰ ‘ਤੇ ਸ੍ਰੀ ਅਨੰਦਪੁਰ ਸਾਹਿਬ ਅਤੇ ਮਾਤਾ ਨੈਣਾ ਦੇਵੀ ਵਰਗੇ ਪਵਿੱਤਰ ਅਸਥਾਨਾਂ ਕਾਰਨ ਇਸ ਪ੍ਰੋਜੈਕਟ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ । ਉਨ੍ਹਾਂ ਕਿਹਾ ਕਿ ਇਲਾਕਾ ਨਿਵਾਸੀਆਂ ਦੀ ਸਹੂਲਤ ਅਤੇ ਸੁਰੱਖਿਆ ਲਈ ਇਸ ਸੜਕ ਨੂੰ ਚਹੁੰ-ਮਾਰਗੀ ਕਰਨਾ ਅਤਿ ਲੋੜੀਂਦਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਸਾਲ 2022 ਤੋਂ ਸ੍ਰੀ ਕੀਰਤਪੁਰ ਸਾਹਿਬ-ਨੰਗਲ ਹਾਈਵੇਅ ਪ੍ਰੋਜੈਕਟ ਵਿੱਚ ਤੇਜ਼ੀ ਲਿਆਉਣ ਲਈ ਕੀਤੇ ਗਏ ਨਿਰੰਤਰ ਯਤਨਾਂ ਨੂੰ ਬੂਰ ਪਿਆ ਹੈ। ਕੇਂਦਰੀ ਸੜਕੀ ਆਵਾਜਾਈ ਅਤੇ ਹਾਈਵੇਅ ਮੰਤਰੀ ਸ਼੍ਰੀ ਨਿਤਿਨ ਗਡਕਰੀ ਨਾਲ ਦੋ ਮੀਟਿੰਗਾਂ ਬਾਅਦ ਇਸ ਪ੍ਰੋਜੈਕਟ ਨੂੰ ਦਸੰਬਰ 2024 ਵਿੱਚ ਰਸਮੀ ਪ੍ਰਵਾਨਗੀ ਮਿਲੀ। ਡਿਟੇਲਡ ਪ੍ਰੋਜੈਕਟ ਰਿਪੋਰਟ (ਡੀਪੀਆਰ) ਸਮੇਤ ਮੁੱਖ ਰਸਮੀ ਕਾਰਵਾਈਆਂ ਦੇ ਪੂਰਾ ਹੋਣ ਦੇ ਨਾਲ, ਹੁਣ ਇਸ ਪ੍ਰੋਜੈਕਟ ਉੱਤੇ ਕੰਮ ਸ਼ੁਰੂ ਹੋਣ ਲਈ ਤਿਆਰ ਹੈ।
ਸ. ਹਰਜੋਤ ਸਿੰਘ ਬੈਂਸ ਨੇ ਐਨ.ਐਚ.ਏ.ਆਈ. ਅਧਿਕਾਰੀਆਂ ਨੂੰ ਭਰਤਗੜ੍ਹ-ਬੜਾ ਪਿੰਡ ਸਰਵਿਸ ਲੇਨ ਲਿੰਕ ’ਤੇ ਤੁਰੰਤ ਕੰਮ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ, ਜੋ ਕਿ ਲੰਬੇ ਸਮੇਂ ਤੋਂ ਲੰਬਿਤ ਪਿਆ ਹੈ ,ਜਿਸ ਨਾਲ ਸਥਾਨਕ ਲੋਕਾਂ ਨੂੰ ਬਹੁਤ ਲਾਭ ਹੋਵੇਗਾ ਅਤੇ ਖੇਤਰ ਦੀ ਸੜਕ ਸੁਰੱਖਿਆ ਵਿੱਚ ਵੀ ਮਹੱਤਵਪੂਰਨ ਸੁਧਾਰ ਹੋਵੇਗਾ।
ਉਨ੍ਹਾਂ ਨੇ ਐਨ.ਐਚ.ਏ.ਆਈ. ਅਧਿਕਾਰੀਆਂ ਨੂੰ ਪਿੰਡ ਸਰਸਾ ਨੰਗਲ ਵਿੱਚ ਫੁੱਟ ਓਵਰਬ੍ਰਿਜ ਦੇ ਨਿਰਮਾਣ ਵਿੱਚ ਤੇਜ਼ੀ ਲਿਆਉਣ ਲਈ ਵੀ ਕਿਹਾ ਤਾਂ ਜੋ ਸਥਾਨਕ ਲੋਕਾਂ ਦੀ ਚਿਰਕੋਣੀ ਮੰਗ ਪੂਰੀ ਹੋ ਸਕੇ।