ਕੈਨੇਡਾ ਦੀ ਮਾਰਕ ਕਾਰਨੀ ਸਰਕਾਰ ਵਿੱਚ ਭਾਰਤੀ ਮੂਲ ਦੇ ਛੇ ਵਿੱਚੋਂ ਚਾਰ ਪੰਜਾਬੀ ਮੰਤਰੀ
ਉਜਾਗਰ ਸਿੰਘ
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੀ ਨਵੀਂ ਸਰਕਾਰ ਦਾ ਗਠਨ ਕਰ ਲਿਆ ਹੈ। ਲਿਬਰਲ ਪਾਰਟੀ ਨੇ ਲਗਾਤਾਰ ਚੌਥੀ ਵਾਰ ਸੰਘੀ ਸਰਕਾਰ ਬਣਾਈ ਹੈ। 60 ਸਾਲਾ ਮਾਰਕ ਕਾਰਨੀ ਅਤੇ ਉਨ੍ਹਾਂ ਦੇ ਸਾਥੀ ਮੰਤਰੀਆਂ ਨੂੰ ਕੈਨੇਡਾ ਦੀ ਰਾਜਧਾਨੀ ਓਟਾਵਾ ਵਿਖੇ ਕੈਨੇਡਾ ਦੇ ਰਾਜਪਾਲ ਜਨਰਲ ਮੈਰੀ ਸਾਈਮਨ ਨੇ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁੱਕਾਈ। ਕੈਨੇਡਾ ਦੇ ਲੋਕਾਂ ਨੂੰ ਮਾਰਕ ਕਾਰਨੀ ਦੇ ਆਰਥਿਕ ਮਾਹਿਰ ਹੋਣ ਕਰਕੇ ਦੇਸ ਦੀ ਆਰਥਿਕ ਹਾਲਤ ਨੂੰ ਮਜ਼ਬੂਤ ਕਰਨ ਦੀਆਂ ਵੱਡੀਆਂ ਆਸਾਂ ਹਨ। ਮਾਰਕ ਕਾਰਨੀ ਮੰਤਰੀ ਮੰਡਲ ਵਿੱਚ 38 ਮੰਤਰੀ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਵਿੱਚ 28 ਕੈਬਨਿਟ ਅਤੇ 10 ਸੈਕਰੇਟਰੀ ਆਫ ਸਟੇਟ ਹਨ, ਜਿਨ੍ਹਾਂ ਨੂੰ ਰਾਜ ਮੰਤਰੀ ਕਿਹਾ ਜਾਂਦਾ ਹੈ। ਮਾਰਕ ਕਾਰਨੀ ਮੰਤਰੀ ਮੰਡਲ ਵਿੱਚ 38 ਵਿੱਚੋਂ 24 ਨਵੇਂ ਮੰਤਰੀ ਹਨ, ਇਨ੍ਹਾਂ ਵਿੱਚੋਂ 13 ਅਜਿਹੇ ਹਨ, ਜਿਹੜੇ ਪਹਿਲੀ ਵਾਰ ਮੈਂਬਰ ਪਾਰਲੀਮੈਂਟ ਬਣੇ ਹਨ। ਲਗਪਗ ਸਾਰੇ ਸੂਬਿਆਂ ਤੇ ਸਮੁਦਾਇ ਨੂੰ ਮੰਤਰੀ ਮੰਡਲ ਵਿੱਚ ਪ੍ਰਤੀਨਿਧਤਾ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੇ ਮੰਤਰੀ ਮੰਡਲ ਵਿੱਚ ਨੌਜਵਾਨਾਂ ਨੂੰ ਸ਼ਾਮਲ ਕਰਕੇ ਨਵੀਂ ਦਿੱਖ ਦੇਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਉਹ ਜੋਸ਼ ਅਤੇ ਉਤਸ਼ਾਹ ਨਾਲ ਆਪਣੇ ਫ਼ਰਜ ਨਿਭਾਕੇ ਸਫਲਤਾ ਪ੍ਰਾਪਤ ਕਰਕੇ ਕੈਨੇਡਾ ਨੂੰ ਬੁਲੰਦੀਆਂ ਤੇ ਪਹੁੰਚਾ ਸਕਣ। ਕੈਨੇਡਾ ਦੇ ਲੋਕਾਂ ਨੇ ਜਿਹੜਾ ਭਰੋਸਾ ਉਸ ਵਿੱਚ ਕੀਤਾ ਹੈ, ਉਸ ‘ਤੇ ਪੂਰਾ ਉਤਰਿਆ ਜਾ ਸਕੇ। ਕੁਝ ਕੁ ਮੰਤਰੀਆਂ ਨੂੰ ਛੱਡਕੇ ਬਹੁਤੇ ਮੰਤਰੀ 50 ਸਾਲ ਦੇ ਨੇੜੇ ਤੇੜੇ ਹਨ। ਇਸ ਵਾਰ ਫਿਰ ਪੰਜਾਬੀਆਂ ਦੀ ਫਿਰ ਸੰਘੀ ਸਰਕਾਰ ਵਿੱਚ ਬੱਲੇ ਬੱਲੇ ਹੋ ਗਈ ਹੈ। ਪੰਜਾਬੀਆਂ ਦੇ ਗੜ੍ਹ ਸਮਝੇ ਜਾਂਦੇ ਇਕੱਲੇ ਬਰੈਂਪਟਨ ਵਿੱਚੋਂ ਤਿੰਨ ਮੈਂਬਰਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਰੂਬੀ ਸਹੋਤਾ, ਮਨਿੰਦਰ ਸਿੰਘ ਸਿੱਧੂ ਅਤੇ ਸ਼ਫਕਤ ਅਲੀ ਸ਼ਾਮਲ ਹਨ। ਇਹ ਤਿੰਨੇ ਭਾਰਤੀ ਮੂਲ ਦੇ ਲਹਿੰਦੇ ਅਤੇ ਚੜ੍ਹਦੇ ਪੰਜਾਬੀ ਹਨ। ਨਵੇਂ ਮੰਤਰੀ ਮੰਡਲ ਵਿੱਚ ਛੇ ਭਾਰਤੀ ਮੂਲ ਦੇ ਵਿੱਚੋਂ ਚਾਰ ਪੰਜਾਬੀਆਂ ਨੂੰ ਸ਼ਾਮਲ ਕੀਤਾ ਗਿਆ। ਭਾਰਤੀ ਮੂਲ ਦੇ ਪੰਜਾਬੀ ਅਨੀਤਾ ਇੰਦਰਾ ਆਨੰਦ, ਮਨਿੰਦਰ ਸਿੰਘ ਸਿੱਧੂ, ਰਣਦੀਪ ਸਿੰਘ ਸਰਾਏ, ਰੂਬੀ ਸਹੋਤਾ ਅਤੇ ਸ਼ਫਕਤ ਅਲੀ ਨੂੰ ਮੰਤਰੀ ਬਣਾਇਆ ਗਿਆ ਹੈ। ਭਾਰਤੀ ਮੂਲ ਦੇ ਤਾਮਿਲ ਗੈਰੀ ਆਨੰਦਸੰਗਾਰੀ ਨੂੰ ਵੀ ਜਨਤਕ ਸੁਰੱਖਿਆ ਮੰਤਰੀ ਬਣਾਇਆ ਗਿਆ ਹੈ। ਸਭ ਤੋਂ ਮਹੱਤਵਪੂਰਨ ਵਿਦੇਸ਼ ਮੰਤਰੀ ਦਾ ਵਿਭਾਗ ਅਨੀਤਾ ਇੰਦਰਾ ਆਨੰਦ ਨੂੰ ਦਿੱਤਾ ਗਿਆ ਹੈ। ਅਨੀਤਾ ਇੰਦਰਾ ਆਨੰਦ ਕੈਨੇਡਾ ਦੀ ਪਹਿਲੀ ਹਿੰਦੂ ਇਸਤਰੀ ਹੈ, ਜਿਹੜੀ ਚੌਥੀ ਵਾਰ ਓਕਵਿਲੇ ਹਲਕੇ ਤੋਂ ਸੰਸਦ ਮੈਂਬਰ ਚੁਣੀ ਗਈ ਹੈ ਤੇ ਪਹਿਲੀ ਹੀ ਹਿੰਦੂ ਵਿਦੇਸ਼ ਮੰਤਰੀ ਬਣੀ ਹੈ। ਮਨਿੰਦਰ ਸਿੰਘ ਸਿੱਧੂ ਨੂੰ ਇੰਟਰਨੈਸ਼ਨਲ ਟਰੇਡ ਮੰਤਰੀ ਬਣਾਇਆ ਗਿਆ ਹੈ। ਇਹ ਦੋਵੇਂ ਕੈਬਨਿਟ ਮੰਤਰੀ ਹਨ। ਦੋ ਭਾਰਤੀ ਮੂਲ ਦੇ ਰਾਜ ਮੰਤਰੀ ਬਣਾਏ ਗਏ ਹਨ, ਜਿਨ੍ਹਾਂ ਵਿੱਚ ਰੂਬੀ ਸਹੋਤਾ ਨੂੰ ਜੁਰਮ ਨਾਲ ਸਿੰਝਣ ਲਈ ਅਤੇ ਰਣਦੀਪ ਸਿੰਘ ਸਰਾਏ ਨੂੰ ਅੰਤਰਰਾਸ਼ਟਰੀ ਵਿਕਾਸ ਦੇ ਰਾਜ ਮੰਤਰੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਪਾਕਿਸਤਾਨ ਵਾਲੇ ਲਹਿੰਦੇ ਪੰਜਾਬ ਦੇ ਸ਼ਫਕਤ ਅਲੀ ਨੂੰ ਖ਼ਜਾਨਾ ਬੋਰਡ ਦੇ ਮੁੱਖੀ ਭਾਵ ਟਰੈਜਰੀ ਬੋਰਡ ਦੇ ਪ੍ਰਧਾਨ ਬਣਾਇਆ ਗਿਆ ਹੈ। ਇਨ੍ਹਾਂ ਚਾਰੇ ਮੰਤਰੀਆਂ ਦੇ ਵਿਭਾਗ ਮਹੱਤਵਪੂਰਨ ਹਨ। ਛੇਵੀਂ ਵਾਰ ਚੋਣ ਜਿੱਤੇ ਸੁੱਖ ਧਾਲੀਵਾਲ ਦੇ ਮੰਤਰੀ ਬਣਨ ਦੀ ਪੂਰੀ ਆਸ ਸੀ ਪ੍ਰੰਤੂ ਉਸਨੂੰ ਮੰਤਰੀ ਨਹੀਂ ਬਣਾਇਆ ਗਿਆ। ਇਨ੍ਹਾਂ ਚਾਰਾਂ ਵਿੱਚ ਰਣਦੀਪ ਸਿੰਘ ਸਰਾਏ ਅੰਮਿ੍ਰਤਧਾਰੀ ਦਸਤਾਰਧਾਰੀ ਮੰਤਰੀ ਹਨ।
ਅਨੀਤਾ ਇੰਦਰਾ ਆਨੰਦ ਜੋ ਅਨੀਤਾ ਆਨੰਦ ਦੇ ਨਾਮ ਨਾਲ ਜਾਣੇ ਜਾਂਦੇ ਹਨ, ਉਹ ਜਸਟਿਨ ਟਰੂਡੋ ਅਤੇ ਮਾਰਕ ਕਾਰਨੀ ਪ੍ਰਧਾਨ ਮੰਤਰੀਆਂ ਦੀਆਂ ਸਰਕਾਰਾਂ ਵਿੱਚ ਮਹੱਤਵਪੂਰਨ ਵਿਭਾਗਾਂ ਦੇ ਮੰਤਰੀ ਰਹੇ ਹਨ, ਤੀਜੀ ਵਾਰ ਓਕਵਿਲੇ ਹਲਕੇ ਤੋਂ ਚੋਣ ਲੜਕੇ ਜਿੱਤੇ ਹਨ। ਅਨੀਤਾ ਆਨੰਦ ਦੀ ਤਰੱਕੀ ਨੂੰ ਕੈਨੇਡਾ ਦੀ ਸਿਆਸਤ ਵਿੱਚ ਬਹੁਤ ਹੀ ਮਹੱਤਵਪੂਰਨ ਸਮਝਿਆ ਜਾ ਰਿਹਾ ਹੈ, ਕਿਉਂਕਿ ਜਸਟਿਨ ਟਰੂਡੋ ਨੂੰ ਭਾਰਤੀ ਮੂਲ ਦੇ ਪੰਜਾਬੀਆਂ ਦਾ ਖੈਰ ਖਵਾਹ ਗਿਣਿਆਂ ਜਾਂਦਾ ਸੀ। ਉਸਦੇ ਮੰਤਰੀ ਮੰਡਲ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਸ਼ਾਮਲ ਸਨ। ਮਾਰਕ ਕਾਰਨੀ ਨੇ ਵੀ ਪੰਜਾਬੀਆਂ ਨੂੰ ਖ਼ੁਸ਼ ਰੱਖਣ ਲਈ ਪੰਜ ਪੰਜਾਬੀਆਂ ਨੂੰ ਮੰਤਰੀ ਬਣਾਇਆ ਹੈ। ਅਨੀਤਾ ਇੰਦਰਾ ਆਨੰਦ ਨੇ ਅਪ੍ਰੈਲ ਦੀਆਂ ਸੰਘੀ ਚੋਣਾਂ ਤੋਂ ਪਹਿਲਾਂ ਸੰਸਦ ਦੀ ਚੋਣ ਨਾ ਲੜਨ ਦਾ ਐਲਾਨ ਕਰ ਦਿੱਤਾ ਸੀ ਪ੍ਰੰਤੂ ਮਾਰਕ ਕਾਰਨੀ ਨੇ ਉਸਨੂੰ ਚੋਣ ਲੜਨ ਲਈ ਮਨਾ ਲਿਆ ਸੀ। ਜਸਟਿਨ ਟਰੋਡੋ ਨੇ ਕੋਵਿਡ ਦੌਰਾਨ ਨਵੰਬਰ 2019 ਵਿੱਚ ਅਨੀਤਾ ਆਨੰਦ ਨੂੰ ਮਹੱਤਪੂਰਨ ਪਬਲਿਸ ਸਰਵਿਸ ਐਂਡ ਪ੍ਰੋਕਿਊਰਮੈਂਟ ਵਿਭਾਗ ਦਾ ਮੰਤਰੀ ਬਣਾਇਆ ਸੀ। ਉਸਨੇ ਕੈਨੇਡਾ ਵਿੱਚ ਕਰੋਨਾ ਦੇ ਮਰੀਜਾਂ ਲਈ ਵੈਕਸੀਨ ਖ੍ਰੀਦਣੀ ਅਤੇ ਸਪਲਾਈ ਕਰਨੀ ਸੀ। ਅਨੀਤਾ ਆਨੰਦ ਨੇ ਆਪਣੇ ਫਰਜਾਂ ਨੂੰ ਬਾਖ਼ੂਬੀ ਸੁਚੱਜੇ ਢੰਗ ਨਾਲ ਨਿਭਾਇਆ, ਜਿਸ ਕਰਕੇ 2021 ਵਿੱਚ ਅਨੀਤਾ ਆਨੰਦ ਨੂੰ ਹੋਰ ਵੀ ਮਹੱਤਵਪੂਰਨ ਨੈਸ਼ਨਲ ਡਿਫੈਂਸ ਵਿਭਾਗ ਦਿੱਤਾ ਗਿਆ ਸੀ। ਫਿਰ ਉਸਨੂੰ ਟਰੈਜਰੀ ਬੋਰਡ ਦੇ ਮੁਖੀ ਤੇ ਟਰਾਂਸਪੋਰਟ ਵਿਭਾਗ ਦੇ ਮੰਤਰੀ ਬਣਾਇਆ ਗਿਆ। 2019 ਦੀਆਂ ਸੰਸਦੀ ਚੋਣਾਂ ਸਮੇਂ ਅਨੀਤਾ ਆਨੰਦ ਯੂਨੀਵਰਸਿਟੀ ਆਫ ਟਰਾਂਟੋ ਵਿੱਚ ਕਾਨੂੰਨ ਦੀ ਪ੍ਰੋਫੈਸਰ ਸਨ। 41 ਸਾਲਾ ਮਨਿੰਦਰ ਸਿੰਘ ਸਿੱਧੂ ਦੂਜੀ ਵਾਰ ਬਰੈਪਟਨ ਈਸਟ ਤੋਂ ਸੰਸਦ ਮੈਂਬਰ ਚੁਣੇ ਗਏ ਹਨ। ਉਸਨੇ ਕੰਜ਼ਰਵੇਟਿਵ ਪਾਰਟੀ ਦੇ ਬੌਬ ਦੋਸਾਂਝ ਨੂੰ ਹਰਾਇਆ ਹੈ। ਉਹ ਪਹਿਲੀ ਵਾਰ 2019 ਵਿੱਚ ਚੋਣ ਜਿੱਤੇ ਸਨ, ਉਸ ਤੋਂ ਬਾਅਦ ਲਗਾਤਾਰ 2021 ਅਤੇ ਹੁਣ ਅਪ੍ਰੈਲ 2025 ਵਿੱਚ ਚੋਣ ਜਿੱਤੇ ਹਨ। ਇਸ ਤੋਂ ਇਲਾਵਾ ਉਹ ਨੈਚਰਲ ਰਿਸੋਰਸਜ, ਟਰਾਂਸਪੋਰਟ ਅਤੇ ਇਨਫਰਾਸਟਰਕਚ ਦੀ ਸਟੈਂਡਿੰਗ ਕਮੇਟੀਆਂ ਦੇ ਮੈਂਬਰ ਵੀ ਰਹੇ ਹਨ। 45 ਸਾਲਾ ਰੂਬੀ ਸਹੋਤਾ 2015 ਤੋਂ ਲਗਾਤਾਰ ਬਰੈਂਪਟਨ ਨਾਰਥ ਤੋਂ ਸੰਸਦ ਮੈਂਬਰ ਬਣਦੇ ਆ ਰਹੇ ਹਨ। ਇਸ ਸਮੇਂ ਦੌਰਾਨ ਉਹ ਵਿਮੈਨ ਅਤੇ ਪ੍ਰੋਸੀਜ਼ਰ ਐਂਡ ਹਾਊਸ ਅਫੇਅਰਜ ਦੀਆਂ ਸਟੈਂਡਿੰਗ ਕਮੇਟੀਆਂ ਦੇ ਮੈਂਬਰ ਅਤੇ ਪਾਰਟੀ ਦੇ ਚੀਫ ਵਿਪ ਵੀ ਰਹੇ ਹਨ। ਇਸ ਤੋਂ ਇਲਾਵਾ ਉਹ ਇਨਟਰਮ ਗਵਰਨਮੈਂਟ ਹਾਊਸ ਲੀਡਰ ਵੀ ਰਹੇ ਹਨ।
50 ਸਾਲਾ ਜਲੰਧਰ ਜ਼ਿਲ੍ਹੇ ਦੇ ਪਿੰਡ ਸਰਾਏ ਖਾਸ ਦੇ ਰਣਦੀਪ ਸਿੰਘ ਸਰਾਏ ਸਰੀ ਸੈਂਟਰ ਤੋਂ ਕੰਜ਼ਰਵੇਟਿਵ ਪਾਰਟੀ ਦੇ ਗੁਰਬਖ਼ਸ਼ ਸੈਣੀ ਨੂੰ ਹਰਾਕੇ ਚੋਣ ਜਿੱਤੇ ਹਨ। ਰਣਦੀਪ ਸਿੰਘ ਸਰਾਏ 2015 ਤੋਂ ਸੰਸਦੀ ਚੋਣ ਜਿੱਤਦੇ ਆ ਰਹੇ ਹਨ। ਹੁਣ ਉਹ ਚੌਥੀ ਵਾਰ ਜਿੱਤੇ ਹਨ। ਉਹ ਰੀਅਲ ਅਸਟੇਟ ਦੇ ਕਾਰੋਬਾਰੀ ਹਨ। ਉਨ੍ਹਾਂ ਨੇ 1998 ਵਿੱਚ ਯੂਨੀਵਰਸਿਟੀ ਆਫ ਬਿ੍ਰਟਿਸ਼ ਕੋਲੰਬੀਆ ਤੋਂ ਆਰਟਸ ਵਿੱਚ ਗ੍ਰੈਜੂਏਸ਼ਨ ਕੀਤੀ ਸੀ ਪ੍ਰੰਤੂ ਪੋਲੀਟੀਕਲ ਸਾਇੰਸ ਉਸ ਦਾ ਮਨ ਪਸੰਦ ਸਬਜੈਕਟ ਹੈ। ਇਸ ਤੋਂ ਬਾਅਦ 2001 ਵਿੱਚ ਕਾਨੂੰਨ ਦੀ ਡਿਗਰੀ ਲਾਅ ਸਕੂਲ ਕਿਊਨਜ਼ ਯੂਨੀਵਰਸਿਟੀ ਕਿੰਗਸਟਨ ਓਨਟਾਰੀਓ ਤੋਂ ਪਾਸ ਕੀਤੀ। ਉਹ ਸਿਟੀਜਨ ਇਮੀਗ੍ਰੇਸ਼ਨ ਕੈਨੇਡਾ-ਅਮਰੀਕਾ ਇੰਟਰ ਰਿਲੇਸਨਜਜ਼ ਅੇਸੋਸੀਏਸ਼ਨ ਦੇ ਮੈਂਬਰ ਅਤੇ ਲਿਬਰਲ ਪਾਰਟੀ ਦੀ ਪੈਸਫਿਕ ਕੈਕਸ ਦੀ ਚੇਅਰ ਵੀ ਕੀਤੀ। 28 ਅਪ੍ਰੈਲ 2025 ਨੂੰ ਕੈਨੇਡਾ ਦੀਆਂ ਹੋਈਆਂ ਸੰਘੀ ਚੋਣਾਂ ਵਿੱਚ 343 ਮੈਂਬਰੀ ਹਾਊਸ ਆਫ ਕਾਮਨਜ਼ ਵਿੱਚੋਂ ਲਿਬਰਲ ਪਾਰਟੀ ਨੂੰ 170 ਸੀਟਾਂ ‘ਤੇ ਜਿੱਤ ਪ੍ਰਾਪਤ ਹੋਈ ਸੀ, ਪ੍ਰੰਤੂ ਪੂਰਨ ਬਹੁਮਤ ਤੋਂ ਦੋ ਸੀਟਾਂ ਘੱਟ ਹਨ। ਚਾਰ ਸੀਟਾਂ ‘ਤੇ ਦੁਬਾਰਾ ਵੋਟਾਂ ਦੀ ਗਿਣਤੀ ਹੋ ਰਹੀ ਹੈ, ਜਿਥੇ ਜਿੱਤ ਹਾਰ 25 ਤੋਂ 50 ਵੋਟਾਂ ਤੱਕ ਦੇ ਅੰਤਰ ਨਾਲ ਹੋਈ ਹੈ, ਪ੍ਰੰਤੂ ਅਜੇ ਤੱਕ ਮਾਰਕ ਕਾਰਨੀ ਦੀ ਘੱਟ ਗਿਣਤੀ ਦੀ ਸਰਕਾਰ ਹੈ, ਉਨ੍ਹਾਂ ਸਰਕਾਰ ਚਲਾਉਣ ਲਈ ਕਿਸੇ ਹੋਰ ਪਾਰਟੀ ਦਾ ਸਹਾਰਾ ਲੈਣਾ ਪਵੇਗਾ। ।
ਪਿਛਲੀ ਵਾਰ 2021 ਵਿੱਚ ਹੋਈਆਂ ਫੈਡਰਲ ਚੋਣਾਂ ਵਿੱਚ 45 ਭਾਰਤੀ/ਪੰਜਾਬੀ/ਸਿੱਖ ਚੋਣ ਲੜੇ ਸਨ 18 ਪੰਜਾਬੀਆਂ/ਸਿੱਖਾਂ ਨੇ ਸੰਸਦੀ ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ ਸੀ। ਇਸ ਵਾਰ ਭਾਰਤੀ ਮੂਲ ਦੇ 66 ਉਮੀਦਵਾਰ ਚੋਣ ਲੜੇ ਸਨ, ਜਿਨ੍ਹਾਂ ਵਿੱਚ ਕਰਮਵਾਰ ਲਿਬਰਲ ਪਾਰਟੀ ਦੇ 17, ਕੰਜ਼ਰਵੇਟਿਵ 28, ਨਿਊ ਡੈਮੋਕਰੈਟਿਕ ਪਾਰਟੀ 10, ਗਰੀਨ ਪਾਰਟੀ 8 ਅਤੇ ਦੋ ਆਜ਼ਾਦ ਸਨ। ਇਨ੍ਹਾਂ ਵਿੱਚ 16 ਦਸਤਾਰਧਾਰੀ ਉਮੀਦਵਾਰ ਸ਼ਾਮਲ ਹਨ। 16 ਦਸਤਾਰਧਾਰੀਆਂ ਵਿੱਚੋਂ 10 ਉਮੀਦਵਾਰ ਪਹਿਲੀ ਵਾਰ ਚੋਣ ਲੜੇ ਹਨ। 5 ਦਸਤਾਰਧਾਰੀ ਚੋਣ ਜਿੱਤ ਗਏ ਹਨ। ਭਾਰਤੀ ਮੂਲ ਦੇ 28 ਪੰਜਾਬੀਆਂ/ਸਿੱਖਾਂ ਨੇ ਚੋਣ ਲੜੀ ਸੀ, ਜਿਨ੍ਹਾਂ ਵਿੱਚੋਂ 22 ਚੋਣ ਜਿੱਤ ਗਏ ਹਨ, ਪਿਛਲੇ ਅੱਠ ਸਾਲਾਂ ’ਚ ਪੰਜਾਬੀ ਉਮੀਦਵਾਰਾਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ। ਜਿਹੜੇ ਪੰਜਾਬੀ/ਸਿੱਖ ਚੋਣ ਜਿੱਤੇ ਹਨ ਉਨ੍ਹਾਂ ਵਿੱਚ ਲਿਬਰਲ 12 ਅਤੇ ਕੰਜ਼ਰਵੇਟਿਵ ਪਾਰਟੀ ਦੇ 10 ਉਮੀਦਵਾਰ ਸ਼ਾਮਲ ਹਨ। ਇਨ੍ਹਾਂ ਵਿੱਚ 6 ਇਸਤਰੀਆਂ ਸ਼ਾਮਲ ਹਨ। ਇਸ ਵਾਰ ਚਾਰ ਭਾਰਤੀ ਮੂਲ ਦੇ ਗੁਜਰਾਤੀਆਂ ਨੇ ਵੀ ਚੋਣ ਲੜੀ ਸੀ ਪ੍ਰੰਤੂ ਉਹ ਚੋਣ ਹਾਰ ਗਏ ਹਨ। ਪੰਜਾਬੀਆਂ ਦਾ ਹਮੇਸ਼ਾ ਹੀ ਕੈਨੇਡਾ ਦੀ ਸਿਆਸਤ ਵਿੱਚ ਦਬਦਬਾ ਰਿਹਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh480yahoo.com

-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.