ਸ਼ਰਮਨਾਕ: ਪ੍ਰੀਖਿਆ ਦੇਣ ਗਈ 11ਵੀਂ ਜਮਾਤ ਦੀ ਵਿਦਿਆਰਥਣ ਨੂੰ ਆਇਆ Period, ਸੈਨੇਟਰੀ ਪੈਡ ਮੰਗਣ 'ਤੇ ਪ੍ਰਿੰਸੀਪਲ ਨੇ ਕਲਾਸ ਤੋਂ ਕੱਢਿਆ ਬਾਹਰ
ਯੂਪੀ 28 ਜਨਵਰੀ 2025- ਯੂਪੀ ਦੇ ਬਰੇਲੀ ਤੋਂ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਜਿੱਥੇ 11ਵੀਂ ਜਮਾਤ ਦੀ ਵਿਦਿਆਰਥਣ ਨੇ ਪ੍ਰੀਖਿਆ ਦੌਰਾਨ ਪੀਰੀਅਡ ਆਉਣ 'ਤੇ ਪ੍ਰਿੰਸੀਪਲ ਨੂੰ ਸੈਨੇਟਰੀ ਪੈਡ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ। ਵਿਦਿਆਰਥਣ ਦੀ ਮਦਦ ਕਰਨ ਦੀ ਬਜਾਏ ਉਸਨੂੰ ਇੱਕ ਘੰਟੇ ਲਈ ਪ੍ਰਿੰਸੀਪਲ ਨੇ ਕਲਾਸ ਦੇ ਬਾਹਰ ਖੜ੍ਹਾ ਕੀਤਾ ਗਿਆ।
ਦੱਸ ਦੇਈਏ ਕਿ ਪੀੜਤ ਲੜਕੀ 11ਵੀਂ ਜਮਾਤ ਵਿੱਚ ਪੜ੍ਹਦੀ ਹੈ। ਸਕੂਲ ਵਿੱਚ 25 ਜਨਵਰੀ ਨੂੰ ਇਮਤਿਹਾਨ ਸੀ ਅਤੇ ਇਸੇ ਦੌਰਾਨ ਵਿਦਿਆਰਥਣ ਦੇ ਪੀਰੀਅਡ ਸ਼ੁਰੂ ਹੋ ਗਏ। ਉਹ ਪ੍ਰੀਖਿਆ ਛੱਡ ਨਹੀਂ ਸਕਦੀ ਸੀ, ਇਸ ਲਈ ਉਸਨੇ ਪ੍ਰਿੰਸੀਪਲ ਨੂੰ ਇਸ ਬਾਰੇ ਦੱਸਿਆ। ਦੋਸ਼ ਹੈ ਕਿ ਪ੍ਰਿੰਸੀਪਲ ਨੇ ਵਿਦਿਆਰਥਣ ਨੂੰ ਕਲਾਸਰੂਮ ਦੇ ਬਾਹਰ ਖੜ੍ਹਾ ਕਰ ਦਿੱਤਾ।
ਪਰਿਵਾਰ ਮੁਤਾਬਕ ਲੜਕੀ ਨੂੰ ਪ੍ਰੀਖਿਆ ਹਾਲ ਦੇ ਬਾਹਰ ਇੱਕ ਘੰਟੇ ਤੋਂ ਵੱਧ ਸਮਾਂ ਉਡੀਕ ਕਰਨੀ ਪਈ, ਪਰ ਉਸ ਨੂੰ ਪੈਡ ਨਹੀਂ ਦਿੱਤਾ ਗਿਆ। ਫਿਰ ਉਸ ਨੂੰ ਇਮਤਿਹਾਨ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਉਸੇ ਕੱਪੜਿਆਂ ਵਿਚ ਘਰ ਭੇਜ ਦਿੱਤਾ ਗਿਆ।
ਪਰਿਵਾਰ ਦਾ ਕਹਿਣਾ ਹੈ ਕਿ ਲੜਕੀ ਨੇ ਪ੍ਰਿੰਸੀਪਲ ਤੋਂ ਸੈਨੇਟਰੀ ਪੈਡ ਮੰਗੇ ਸਨ। ਪਹਿਲਾਂ ਤਾਂ ਪ੍ਰਿੰਸੀਪਲ ਨੇ ਲੜਕੀ ਦੀ ਗੱਲ ਨੂੰ ਅਣਸੁਣਿਆ ਕਰ ਦਿੱਤਾ। ਜਦੋਂ ਉਸਨੇ ਦੁਬਾਰਾ ਆਪਣੀ ਸਮੱਸਿਆ ਦੱਸੀ ਤਾਂ ਉਸਨੂੰ ਕਥਿਤ ਤੌਰ 'ਤੇ ਕਲਾਸਰੂਮ ਤੋਂ ਬਾਹਰ ਕੱਢ ਦਿੱਤਾ ਗਿਆ ਅਤੇ ਇੱਕ ਘੰਟੇ ਲਈ ਖੜ੍ਹੇ ਰਹਿਣ ਲਈ ਕਿਹਾ ਗਿਆ। ਇਸ ਬਾਰੇ ਜਦੋਂ ਲੜਕੀ ਦੇ ਪਿਤਾ ਨੂੰ ਪਤਾ ਲੱਗਾ ਤਾਂ ਉਨ੍ਹਾਂ ਜ਼ਿਲ੍ਹਾ ਮੈਜਿਸਟ੍ਰੇਟ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ।
ਉਸਨੇ ਸਕੂਲ ਦੇ ਜ਼ਿਲ੍ਹਾ ਇੰਸਪੈਕਟਰ (ਡੀਆਈਓਐਸ), ਰਾਜ ਮਹਿਲਾ ਕਮਿਸ਼ਨ ਅਤੇ ਮਹਿਲਾ ਭਲਾਈ ਵਿਭਾਗ ਨੂੰ ਵੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਡੀਆਈਓਐਸ ਦੇਵਕੀ ਨੰਦਨ ਨੇ ਪਿਤਾ ਨੂੰ ਮਾਮਲੇ ਦੀ ਜਾਂਚ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸਬੂਤਾਂ ਨੂੰ ਦੇਖਦਿਆਂ ਅਗਲੀ ਕਾਰਵਾਈ ਕੀਤੀ ਜਾਵੇਗੀ। ਸ਼ਿਕਾਇਤ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।