ਕਿਤਾਬਾਂ ਸਹੀ ਜਿਉਣ ਦੀ ਜਾਚ ਸਿਖਾਉਂਦੀਆਂ ਹਨ- ਮੁਹੰਮਦ ਉਸਮਾਨ
ਲਾਹੌਰ/ਲੁਧਿਆਣਾ, 27 ਜਨਵਰੀ 2025- ਕਿਤਾਬਾਂ ਸਾਨੂੰ ਦੁਨੀਆ ਵਿੱਚ ਸਹੀ ਤਰੀਕੇ ਨਾਲ ਵਿਚਰਣ ਦੀ ਜਾਚ ਸਿਖਾਉਂਦੀਆਂ ਹਨ ਅਤੇ ਕਿਤਾਬਾਂ ਲਿਖਣ ਵਾਲੇ ਬਹੁਤ ਮਹਾਨ ਹੁੰਦੇ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸ਼ਾਹੀ ਇਮਾਮ ਜਨਾਬ ਮੁਹੰਮਦ ਉਸਮਾਨ ਰਹਿਮਾਨੀ ਨੇ ਲਾਹੌਰ 10 ਦਿਨ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਹਾਜ਼ਰੀ ਲਵਾ ਕੇ ਵਾਪਸ ਪਰਤੇ ਸ਼ਾਇਰਾਂ ਤ੍ਰੈਲੋਚਨ ਲੋਚੀ ਅਤੇ ਸਹਿਜਪ੍ਰੀਤ ਸਿੰਘ ਮਾਂਗਟ ਦੀਆਂ ਲਾਹੌਰ ਤੋਂ ਸ਼ਾਹਮੁੱਖੀ ਵਿੱਚ ਛਪੀਆਂ ਕਾਵਿ ਪੁਸਤਕਾਂ “ਦਿਲ ਦਰਵਾਜ਼ੇ” ਅਤੇ “ਸਹਿਜਮਤੀਆਂ” ਦੀਆਂ ਪਹਿਲੀਆਂ ਕਾਪੀਆਂ ਜਾਮਾ ਮਸਜਿਦ ਲੁਧਿਆਣਾ ਵਿਖੇ ਪ੍ਰਾਪਤ ਕਰਨ ਮੌਕੇ ਕੀਤਾ। ਇਸ ਤੋਂ ਬਿਨਾਂ ਨੌਜੁਆਨ ਸ਼ਾਇਰ ਮਨਜਿੰਦਰ ਸਿੰਘ ਧਨੋਆ, ਜੋ ਜਰੂਰੀ ਕਾਰਨਾਂ ਕਰਕੇ ਲਾਹੌਰ ਨਹੀਂ ਜਾ ਸਕੇ ਸਨ ਅਤੇ ਅੱਜ ਉਚੇਚੇ ਤੌਰ ਤੇ ਹਾਜ਼ਰ ਸਨ, ਦੀ ਕਾਵਿ ਪੁਸਤਕ “ਸੁਰਮ ਸਲਾਈ”ਵੀ ਸ਼ਾਹੀ ਇਮਾਮ ਨੂੰ ਭੇਂਟ ਕੀਤੀ ਗਈ।
ਇਸ ਮੌਕੇ ਸ਼ਾਹੀ ਇਮਾਮ ਮੁਹੰਮਦ ਉਸਮਾਨ ਨੇ ਕਿਹਾ ਕਿ ਬੜੇ ਮਾਣ ਦੀ ਗੱਲ ਹੈ ਕਿ ਅੱਜ ਪੰਜਾਬੀ ਵਿੱਚ ਬਹੁਤ ਵਧੀਆ ਸਾਹਿਤ ਰਚਿਆ ਜਾ ਰਿਹਾ ਹੈ ਅਤੇ ਹੋਰ ਵੱਡੀ ਗੱਲ ਓਦੋਂ ਹੋ ਜਾਂਦੀ ਹੈ ਜਦੋਂ ਚੜ੍ਹਦੇ ਪੰਜਾਬ ਦੇ ਲੇਖਕ ਲਹਿੰਦੇ ਪੰਜਾਬ ਵਿੱਚ ਸ਼ਾਹਮੁਖੀ ਵਿੱਚ ਛਪਦੇ ਹਨ ਅਤੇ ਲਹਿੰਦੇ ਪੰਜਾਬ ਦੇ ਬਾਬਾ ਨਜ਼ਮੀ ਵਰਗੇ ਅਨੇਕਾਂ ਹੋਰ ਸ਼ਾਇਰ ਚੜ੍ਹਦੇ ਪੰਜਾਬ ਵਿੱਚ ਗੁਰਮੁਖੀ ਵਿੱਚ ਛਪ ਰਹੇ ਹਨ ਅਤੇ ਲੋਕ ਉਨਾਂ ਨੂੰ ਨਿੱਠ ਕੇ ਪੜ੍ਹਦੇ ਹਨ। ਉਨਾਂ ਕਿਹਾ ਸਾਡਾ ਸ਼ਾਇਰ ਸਹਿਜਪ੍ਰੀਤ ਮਾਂਗਟ ਪਿਛਲੇ ਕਈ ਸਾਲਾਂ ਤੋਂ ਭਾਰਤ ਤੋਂ ਲਾਹੌਰ ਕਾਨਫਰੰਸਾਂ ਲਈ ਜਾਣ ਵਾਲੇ ਲੇਖਕਾਂ ਦੀ ਅਗਵਾਈ ਕਰ ਰਿਹਾ ਹੈ, ਇਹ ਕੋਈ ਸੌਖਾ ਕੰਮ ਨਹੀ ਹੈ ਅਤੇ ਇਨਾਂ ਕਾਨਫਰੰਸਾਂ ਨੇ ਹੀ ਗੁਰਮੁਖੀ ਅਤੇ ਸ਼ਾਹਮੁਖੀ ਦੇ ਆਪਸੀ ਆਦਾਨ ਪ੍ਰਦਾਨ ਦਾ ਮੁੱਢ ਬੰਨ੍ਹਿਆ ਸੀ।ਉਨਾਂ ਕਿਹਾ ਕਿ ਜੇ ਵਿਸ਼ਵ ਪੰਜਾਬੀ ਕਾਂਗਰਸ ਭਵਿੱਖ ਵਿੱਚ ਏਧਰ ਵਾਲੇ ਪਾਸੇ ਕੋਈ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਕਰਵਾਉਂਦੀ ਹੈ ਤਾਂ ਅਸੀਂ ਪੂਰੀ ਮੱਦਦ ਕਰਾਂਗੇ।ਉਨ੍ਹਾਂ ਸ਼ਾਇਰਾਂ ਦੀਆਂ ਸ਼ਾਹਮੁਖੀ ਵਿੱਚ ਕਿਤਾਬਾਂ ਛਪਣ ਤੇ ਉਨਾਂ ਨੂੰ ਵਧਾਈ ਦਿੱਤੀ।
ਤ੍ਰਲੋਚਨ ਲੋਚੀ ਜੋ ਪਹਿਲੀ ਵਾਰ ਲਾਹੌਰ ਗਏ ਸਨ ਨੇ ਵੀ ਆਪਣੇ ਤਜ਼ਰਬੇ ਸਾਂਝੇ ਕੀਤੇ। ਉਨਾਂ ਕਿਹਾ ਕਿ ਲਾਹੌਰ ਦੇ ਲੋਕ ਜਿੰਦਾ ਦਿਲ ਅਤੇ ਅਮਨ ਪਸੰਦ ਹਨ ਅਤੇ ਏਧਰੋਂ ਗਏ ਲੋਕਾਂ ਦੀ ਬਹੁਤ ਖਾਤਰਦਾਰੀ ਕਰਦੇ ਹਨ। ਉਨਾਂ ਨੇ ਸ੍ਰੀ ਨਨਕਾਣਾ ਸਾਹਿਬ ਅਤੇ ਕਸੂਰ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ।
ਇਸ ਮੌਕੇ ਸਹਿਜਪ੍ਰੀਤ ਸਿੰਘ ਮਾਂਗਟ ਨੇ ਦੱਸਿਆ ਕਿ “ਸਹਿਜਮਤੀਆਂ” ਉਨਾਂ ਦੀ ਦੂਸਰੀ ਕਿਤਾਬ ਹੈ ਜੋ ਲਾਹੌਰ ਤੋਂ ਛਪੀ ਹੈ। ਇਸ ਤੋਂ ਬਿਨਾਂ 2017 ਵਿੱਚ “ਮੇਰਾ ਯਕੀਨ ਕਰੀਂ”ਵੀ ਲਾਹੌਰ ਤੋਂ ਸਾਂਝ ਪਬਲੀਕੇਸ਼ਨਜ਼ ਨੇ ਛਾਪੀ ਸੀ।ਉਨਾਂ ਦੱਸਿਆ ਕਿ ਇਸ ਸਾਲ ਅਕਤੂਬਰ ਮਹੀਨੇ ਵਿੱਚ ਵਿਸ਼ਵ ਪੰਜਾਬੀ ਕਾਂਗਰਸ ਵੱਲੋਂ ਅੰਮ੍ਰਿਤਸਰ ਵਿਖੇ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ ਜਾਵੇਗੀ ਜਿਸ ਵਿੱਚ ਪਾਕਿਸਤਾਨ ਤੋਂ ਵੀ ਲੇਖਕਾਂ ਦਾ ਵਫਦ ਪੰਜਾਬ ਆਵੇਗਾ। ਮਨਜਿੰਦਰ ਸਿੰਘ ਧਨੋਆ ਵੱਲੋਂ ਆਪਣੀ ਕਿਤਾਬ ਵਿੱਚੋਂ ਦੋ ਗਜ਼ਲਾਂ ਪੜੀਆਂ ਗਈਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਨਿਗਮ ਲੁਧਿਆਣਾ ਦੇ ਸਹਾਇਕ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਵੀ ਹਾਜ਼ਰ ਸਨ।