ਸਲਾਮੀ ਮਾਰਚ ਕੱਢ ਕੇ ਹੁਸੈਨੀਵਾਲਾ ਵਿਖੇ ਕੀਤੀਆਂ ਬਸੰਤ ਸਿੰਘ ਤੇ ਕਰਮ ਕੋਠਾ ਗੁਰੂ ਦੀਆਂ ਅਸਥੀਆਂ ਜਲ ਪ੍ਰਵਾਹ
31 ਜਨਵਰੀ ਨੂੰ ਕੋਠਾਗੁਰੂ ਵਿਖੇ ਸੂਬਾ ਪੱਧਰੀ ਸ਼ਰਧਾਂਜਲੀ ਸਮਾਗਮ ਦਾ ਐਲਾਨ
ਅਸ਼ੋਕ ਵਰਮਾ
ਭਗਤਾ ਭਾਈ, 26 ਜਨਵਰੀ 2025: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪ੍ਰਭਾਵਸ਼ਾਲੀ ਸਲਾਮੀ ਮਾਰਚ ਕੱਢ ਕੇ ਲੰਘੀ 4 ਜਨਵਰੀ ਨੂੰ ਟੋਹਾਣਾ ਰੈਲੀ ਦੌਰਾਨ ਬੱਸ ਐਕਸੀਡੈਂਟ ਦੌਰਾਨ ਵਿਛੋੜਾ ਦੇ ਗਏ ਕਿਸਾਨ ਆਗੂ ਬਸੰਤ ਸਿੰਘ ਤੇ ਕਰਮ ਸਿੰਘ ਕੋਠਾਗੁਰੂ ਦੀਆਂ ਅਸਥੀਆਂ ਹੁਸੈਨੀਵਾਲਾ ਵਿਖੇ ਜਲ ਪ੍ਰਵਾਹ ਕੀਤੀਆਂ ਗਈਆਂ। ਇਸ ਮਾਰਚ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਹਾਜ਼ਰ ਕਿਸਾਨਾਂ ਅਤੇ ਕਿਸਾਨ ਔਰਤਾਂ ਨੇ ਸ਼ਹੀਦਾਂ ਨੂੰ ਸੰਗਰਾਮੀ ਸ਼ਰਧਾਂਜਲੀ ਭੇਟ ਕਰਦਿਆਂ ਇਨਕਲਾਬੀ ਨਾਅਰੇ ਲਾਏ।
ਇਨ੍ਹਾਂ ਵਿਸ਼ਾਲ ਕਾਫਲਿਆਂ ਨੇ ਸ਼ਹੀਦਾਂ ਵੱਲੋਂ ਛੱਡੇ ਗਏ ਅਧੂਰੇ ਕਾਜ ਨੂੰ ਪੂਰਾ ਕਰਨ ਲਈ ਹਰ ਤਾਣ ਲਾਉਣ ਦਾ ਪ੍ਰਣ ਕੀਤਾ । ਇਸ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਹੇਠ ਕੋਠਾਗੁਰੂ ਤੋਂ ਵਿਸ਼ਾਲ ਕਾਫਲਾ ਰਵਾਨਾ ਹੋਇਆ। ਕਿਸਾਨ ਆਗੂ ਝੰਡਾ ਸਿੰਘ ਜੇਠੂਕੇ ਤੇ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਵਿਛੜੇ ਸਾਥੀਆਂ ਦੀਆਂ ਅਸਥੀਆਂ ਹੁਸੈਨੀ ਵਾਲਾ ਵਿਖੇ ਲਿਜਾਣ ਲਈ ਦਰਜਨਾਂ ਗੱਡੀਆਂ ਦੇ ਵਿਸ਼ਾਲ ਕਾਫਲੇ ਵੱਲੋਂ ਕੋਠਾਗੁਰੂ ਤੋਂ ਹੁਸੈਨੀਵਾਲਾ ਤੱਕ ਸਲਾਮੀ ਮਾਰਚ ਕੀਤਾ ਗਿਆ।
ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਹੁਸੈਨੀਵਾਲਾ ਵਿਖੇ ਸ਼ਹੀਦਾਂ ਦੇ ਪਰਿਵਾਰਾਂ ਅਤੇ ਜਥੇਬੰਦੀ ਦੇ ਆਗੂਆਂ ਵੱਲੋਂ ਅਸਥੀਆਂ ਨੂੰ ਸਤਲੁਜ ਦਰਿਆ 'ਚ ਜਲ ਪ੍ਰਵਾਹ ਕੀਤਾ ਗਿਆ ਅਤੇ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਸ਼ਹੀਦੀ ਸਮਾਰਕ ਉਤੇ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਉਹਨਾਂ ਦੱਸਿਆ ਕਿ ਕੋਠਾਗੁਰੂ ਵਿਖੇ ਜੁੜੇ ਵਿਸ਼ਾਲ ਇਕੱਠ ਦੌਰਾਨ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਐਲਾਨ ਕੀਤਾ ਕਿ 31 ਜਨਵਰੀ ਨੂੰ ਕਿਸਾਨ ਆਗੂ ਬਸੰਤ ਸਿੰਘ ਤੇ ਕਰਮ ਸਿੰਘ ਸਮੇਤ ਟੋਹਾਣਾ ਕਿਸਾਨ ਮਹਾਂਪੰਚਾਇਤ ਚ ਜਾਂਦੇ ਸਮੇਂ ਵਿਛੋੜਾ ਦੇ ਗਈਆਂ ਸਰਬਜੀਤ ਕੌਰ, ਬਲਵੀਰ ਕੌਰ ਤੇ ਜਸਵੀਰ ਕੌਰ ਨੂੰ ਸਮਰਪਿਤ ਸੂਬਾ ਪੱਧਰੀ ਸ਼ਰਧਾਂਜਲੀ ਸਮਾਗਮ ਕੋਠਾਗੁਰੂ ਦੀ ਦਾਣਾ ਮੰਡੀ ਚ ਕੀਤਾ ਜਾਵੇਗਾ। ਉਹਨਾਂ ਆਖਿਆ ਕਿ ਕਿਸਾਨ ਆਗੂ ਬਸੰਤ ਸਿੰਘ ਸ਼ਹੀਦ ਭਗਤ ਸਿੰਘ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਜਵਾਨੀ ਉਮਰੇ ਹੀ ਵਿਦਿਆਰਥੀ ਜਥੇਬੰਦੀ 'ਚ ਸਰਗਰਮ ਹੋ ਗਿਆ ਸੀ ।
ਉਹਨਾਂ ਆਖਿਆ ਕਿ ਬਸੰਤ ਸਿੰਘ ਆਖਰੀ ਸਾਹਾਂ ਤੱਕ ਲੁੱਟ ਜ਼ਬਰ ਤੋਂ ਮੁਕਤ ਸਮਾਜ ਸਿਰਜਣ ਲਈ ਕਿਸਾਨਾਂ ਖੇਤ ਮਜ਼ਦੂਰਾਂ , ਔਰਤਾਂ ਤੇ ਨੌਜਵਾਨਾਂ ਨੂੰ ਜਾਗ੍ਰਿਤ ਤੇ ਜਥੇਬੰਦ ਕਰਨ ਲਈ ਅਣਥੱਕ ਘਾਲਣਾ ਘਾਲੀ। ਉਹਨਾਂ ਆਖਿਆ ਕਿ ਸ਼ਹੀਦ ਕਰਮ ਸਿੰਘ ਸਮੇਤ ਅਨੇਕਾਂ ਨੌਜਵਾਨ ਬਸੰਤ ਸਿੰਘ ਤੇ ਉਹਨਾਂ ਸੰਗੀ ਸਾਥੀਆਂ ਦੇ ਯਤਨਾਂ ਸਦਕਾ ਕਿਸਾਨ ਲਹਿਰ ਦਾ ਹਿੱਸਾ ਬਣੇ।
ਉਹਨਾਂ ਲੋਕਾਂ ਨੂੰ 31 ਜਨਵਰੀ ਦੇ ਸ਼ਰਧਾਂਜਲੀ ਸਮਾਗਮ ਚ ਪਰਿਵਾਰਾਂ ਸਮੇਤ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਸੰਗਰੂਰ ਜ਼ਿਲ੍ਹੇ ਦੇ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਮਲੇਰਕੋਟਲਾ ਦੇ ਕੇਵਲ ਸਿੰਘ ਤੇ, ਫਾਜ਼ਲਕਾ ਦੇ ਗੁਰਭੇਜ ਸਿੰਘ ਰੋਹੀ ਵਾਲਾ, ਕਿਸਾਨ ਆਗੂ ਜਸਪਾਲ ਸਿੰਘ ਕੋਠਾਗੁਰੂ, ਮਹਿਲਾ ਕਿਸਾਨ ਆਗੂ ਮਾਲਣ ਕੌਰ ਤੇ ਖੇਤ ਮਜ਼ਦੂਰ ਆਗੂ ਤੀਰਥ ਸਿੰਘ ਕੋਠਾਗੁਰੂ ਸਮੇਤ ਜ਼ਿਲ੍ਹੇ ਤੋਂ ਇਲਾਵਾ ਨੇੜਲੇ ਜ਼ਿਲਿਆਂ ਦੇ ਆਗੂ ਵੀ ਹਾਜ਼ਰ ਸਨ।