ਸਾਵਧਾਨ: ਪੰਜਾਬ ਦਾ ਇਹ ਸ਼ਹਿਰ ਭਲਕੇ ਰਹੇਗਾ ਬੰਦ! ਦਲਿਤ ਭਾਈਚਾਰੇ ਨੇ ਕੀਤਾ ਵੱਡਾ ਐਲਾਨ
ਰਾਜੂ ਗੁਪਤਾ
ਜਲੰਧਰ 27 ਜਨਵਰੀ 2025- ਜਲੰਧਰ ਵਿੱਚ ਭਲਕੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਮਹਾਂਨਗਰ ਵਿੱਚ ਦਲਿਤ ਭਾਈਚਾਰੇ ਸਮੇਤ ਵਾਲਮੀਕਿ ਸਮਾਜ ਅਤੇ ਹੋਰ ਜਥੇਬੰਦੀਆਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸੱਦਾ ਜਲੰਧਰ ਦੀ ਭਗਵਾਨ ਵਾਲਮੀਕਿ ਵੈਲਫੇਅਰ ਕਮੇਟੀ ਪੰਜਾਬ, ਕਬੀਰ ਟਾਈਗਰ ਫੋਰਸ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਪ੍ਰਧਾਨ ਸੋਮਾ ਗਿੱਲ, ਅਨਿਲ ਹੰਸ, ਅਰੁਣ ਸਦਲ ਵੱਲੋਂ ਦਿੱਤਾ ਗਿਆ ਹੈ।
ਉਨ੍ਹਾਂ ਦੋਸ਼ ਲਾਇਆ ਹੈ ਕਿ 25 ਜਨਵਰੀ ਨੂੰ ਜਲੰਧਰ ਵਿੱਚ ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਕੀਤੇ ਪੈਦਲ ਰੋਸ ਮਾਰਚ ਦੌਰਾਨ ਅੰਬੇਡਕਰ ਚੌਂਕ ਵਿਖੇ ਬੁੱਤ ਨਾਲ ਛੇੜਛਾੜ ਦੀ ਕੋਸ਼ਿਸ਼ ਕੀਤੀ ਗਈ ਸੀ। ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਭਲਕੇ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਡੀਸੀ ਹਿਮਾਂਸ਼ੂ ਅਗਰਵਾਲ ਅਤੇ ਜੁਆਇੰਟ ਕਮਿਸ਼ਨਰ ਸੰਦੀਪ ਸ਼ਰਮਾ ਨੂੰ ਮਿਲੇ ਅਤੇ ਬੰਦ ਦੇ ਸੱਦੇ ਸਬੰਧੀ ਮੰਗ ਪੱਤਰ ਸੌਂਪਿਆ ਪਰ ਕਈ ਘੰਟੇ ਬੀਤ ਜਾਣ ’ਤੇ ਵੀ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦੋਸ਼ ਲਾਇਆ ਕਿ ਦਲ ਖਾਲਸਾ ਵੱਲੋਂ ਬਾਬਾ ਅੰਬੇਡਕਰ ਚੌਕ ਵਿੱਚ ਬਾਬਾ ਸਾਹਿਬ ਦੇ ਬੁੱਤ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।
ਇਸ ਦੌਰਾਨ ਦਲ ਖਾਲਸਾ ਦੇ ਮਾਰਚ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਨੇ ਬਾਬਾ ਸਾਹਿਬ 'ਤੇ ਗਲਤ ਟਿੱਪਣੀਆਂ ਕੀਤੀਆਂ। ਅੱਜ ਦਲਿਤ ਭਾਈਚਾਰੇ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਉਕਤ ਦੋਸ਼ੀਆਂ ਖਿਲਾਫ ਐਨ.ਐਸ.ਏ ਐਕਟ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਡਿਬਰੂਗੜ੍ਹ ਜੇਲ੍ਹ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਉਹ ਹੈਰਾਨ ਹਨ ਕਿ ਪੁਲੀਸ ਨੂੰ ਇਸ ਮਾਮਲੇ ਬਾਰੇ ਸਭ ਕੁੱਝ ਪਤਾ ਹੈ, ਇਸ ਮਾਮਲੇ ਸਬੰਧੀ ਵੀਡੀਓ ਪ੍ਰਸ਼ਾਸਨ ਨੂੰ ਸੌਂਪ ਦਿੱਤੀ ਗਈ ਹੈ, ਪਰ ਹੁਣ ਤੱਕ ਮਸਲੇ ਦਾ ਹੱਲ ਨਹੀਂ ਹੋਇਆ। ਇਸ ਮੁੱਦੇ ਨੂੰ ਲੈ ਕੇ ਕੱਲ੍ਹ ਜਲੰਧਰ ਬੰਦ ਦਾ ਸੱਦਾ ਦਿੱਤਾ ਗਿਆ ਹੈ। ਜੇਕਰ ਪੁਲਿਸ ਵੱਲੋਂ ਉਕਤ ਦੋਸ਼ੀਆਂ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ 'ਚ ਸੰਘਰਸ਼ ਤੇਜ਼ ਕੀਤਾ ਜਾਵੇਗਾ।