ਨਹੀਂ ਵੇਖਦੇ ਉਮਰ: ਜਿਨ੍ਹਾਂ ਕਰਨੀ ਸੇਵਾ : 100 ਸਾਲਾ ਬਜ਼ੁਰਗ ਹਰ ਹਫ਼ਤੇ ਕਰਦੈ ਦੂਜੇ ਬਜ਼ੁਰਗਾਂ ਦੀ ਸੇਵਾ ਤੇ ਵੰਡਦਾ ਹੈ ਕਿਤਾਬੀ ਗਿਆਨ
-ਸਮੁੰਦਰੀ ਸੈਨਾ ਦਾ ਸਿਪਾਹੀ ਦੂਸਰੇ ਵਿਸ਼ਵ ਯੁੱਧ ’ਚ ਸ਼ਾਮਿਲ ਰਿਹਾ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 27 ਜਨਵਰੀ 2025:-ਇਥੋਂ ਲਗਪਗ 270 ਕਿਲੋਮੀਟਰ ਦੂਰ ਲੇਕ ਟਾਇਪੂ ਵਿਖੇ ਬਜ਼ੁਰਗਾਂ ਦੀ ਸੇਵਾ ਕਰਨ ਵਾਲੀ ਇਕ ਸੰਸਥਾ ਹੈ ‘ਹਾਸਪਾਈਸ’ (ਬਿਰਧ ਆਸ਼ਰਮ ਜਾਂ ਧਰਮਸ਼ਾਲਾ ) ਦੀ ਇਕ ਸ਼ਾਖਾ ਹੈ। ਇਥੇ ਰਹਿੰਦੇ ਬਜ਼ੁਰਗਾਂ ਅਤੇ ਹੋਰਾਂ ਦੀ ਸੇਵਾ-ਸੰਭਾਲ ਕਰਨ ਵਾਸਤੇ ਇਕ 100 ਸਾਲਾ ਸਾਬਕਾ ਸਮੁੰਦਰੀ ਸੈਨਾ ਦਾ ਜਵਾਨ ਸ੍ਰੀ ਰੇਅ ਗੌਡਾਰਡ ਹਰ ਮੰਗਲਵਾਰ ਇਥੇ ਨਿਸ਼ਕਾਮ ਤੌਰ ਉਤੇ ਸੇਵਾ ਕਰਨ ਪਹੁੰਚਦਾ ਹੈ। ਜਿਸ ਦਿਨ ਤੋਂ ਇਥੇ ਹਾਸਪਾਈਸ ਸੰਸਥਾ ਦੀ ਨਵੀਂ ਬਿਲਡਿੰਗ ਬਣੀ ਸੀ, ਉਸ ਦਿਨ ਤੋਂ ਇਸਦਾ ਪੱਕਾ ਕੀਤੀ ਹੋਇਆ ਹੈ ਕਿ ਹਰ ਮੰਗਲਵਾਰ ਇਥੇ ਜਾ ਕੇ ਬਾਕੀ ਬਜ਼ੁਰਗਾਂ ਦੀ ਸਹਾਇਤਾ ਕਰਨਾ। ਉਨ੍ਹਾਂ ਨਾਲ ਗੱਲਾਂਬਾਤਾ ਕਰਨੀਆਂ ਥੋੜ੍ਹਾ ਕੰਮ ਵਿਚ ਹੱਥ ਵਟਾਉਣਾ ਤਾਂ ਕਿ ਉਨ੍ਹਾਂ ਨੂੰ ਚੰਗਾ ਲੱਗੇ। ਦੂਸਰੇ ਵਿਸ਼ਵ ਯੁੱਧ ਦੇ ਵਿਚ ਇਸ ਨੇ ਸਮੁੰਦਰੀ ਸੈਨਾ ਵਿਚ ਹੁੰਦਿਆ ਦੇਸ਼ ਦੀ ਸੇਵਾ ਕੀਤੀ ਸੀ। ਇਥੇ ਹੀ ਬੱਸ ਨਹੀਂ ਇਸਨੇ ਸੈਂਕੜੇ ਕਿਤਾਬਾਂ ਦੀ ਇਕ ਲਾਇਬ੍ਰੇਰੀ ਇਸ ਸੰਸਥਾ ਨੂੰ ਦਿੱਤੀ ਹੋਈ ਹੈ, ਜਿੱਥੋਂ ਲੋਕ ਫ੍ਰੀ ਕਿਤਾਬਾਂ ਪੜ੍ਹਦੇ ਹਨ। ਲਾਇਬ੍ਰੇਰੀ ਦੀ ਸਾਂਭ-ਸੰਭਾਲ ਵੀ ਕਰਦਾ ਹੈ ਬਜ਼ੁਰਗਾਂ ਦੇ ਲਈ ਕਿਤਾਬੀ ਗਿਆਨ ਦੀ ਸੌਗਾਤ ਦੇ ਨਾਲ ਇਕ ਹੋਰ ਸੇਵਾ ਦਾ ਭਾਗੀਦਾਰ ਬਣ ਜਾਂਦਾ ਹੈ। ਉਹ ਆਪਣਾ ਦੁੱਖ ਕਿਸੇ ਨਾਲ ਸਾਂਝਾ ਕਰਨ ਦੀ ਬਜਾਏ ਦੂਜਿਆਂ ਦੇ ਦੁੱਖ ਦੇ ਵਿਚ ਸਾਥੀ ਬਣ ਕੇ ਕੁਝ ਰਾਹਤ ਵੰਡਣ ਦੇ ਵਿਚ ਵਿਸ਼ਵਾਸ਼ ਕਰਦਾ ਹੈ। ਇਸਦੀ ਉਮਰ 100 ਸਾਲ ਹੋ ਚੁੱਕੀ ਹੈ ਅਤੇ ਇਸਨੇ ਹਾਸਪਾਈਸ ਦੇ ਵਿਚ ਪਿਛਲੇ ਸਾਲ ਆਪਣਾ 100ਵਾਂ ਜਨਮ ਦਿਵਸ ਮਨਾਇਆ ਹੈ ਅਤੇ 16 ਮਾਰਚ 2025 ਨੂੰ ਉਸਨੇ ਹੁਣ 101 ਸਾਲ ਦਾ ਹੋ ਜਾਣਾ ਹੈ। ਉਹ ਆਪਣੀ ਕਾਰ ਜਾਂ ਸਕੂਟਰੀ ਉਤੇ ਬਜ਼ੁਰਗਾਂ ਦੀ ਸੇਵਾ ਕਰਨ ਇਥੇ ਪਹੁੰਚਦਾ ਹੈ।
ਅਜਿਹੇ ਬਜ਼ੁਰਗ ਕਿਤੇ ਨਾ ਕਿਤੇ ਆਦਰਸ਼ਿਕ ਹੋ ਨਿਬੜਦੇ ਹਨ। ਮੈਨੁਰੇਵਾ ਵਿਖੇ ਇਮੀਗ੍ਰੇਸ਼ਨ ਦਾ ਕਾਰਜ ਕਰਦੇ ਇਕ ਪੜ੍ਹੇ-ਲਿਖੇ ਕਾਰੋਬਾਰੀ ਸੰਨੀ ਸਿੰਘ ਵੀ ਹਰ ਹਫਤੇ ਵੀਰਵਾਰ ਵਾਲੇ ਦਿਨ ਆਪਣੇ ਕੰਮ ਤੋਂ ਜਲਦੀ ਵਿਹਲਾ ਹੋ ਕੇ ਟੋਟਾਰਾ (ਦਾ ਗਾਰਡਨਜ਼ ਮੈਨੁਰੇਵਾ) ਹਾਸਪਾਈਸ ਵਿਖੇ ਅਜਿਹੀ ਸੇਵਾ ਕਰਨ ਜਾਂਦਾ ਹੈ, ਜੋ ਕਿ ਕਾਬਿਲੇ ਤਰੀਫ ਹੈ। ਉਹ ਅਜਿਹੀ ਸੇਵਾ ਨੂੰ ਕਾਫੀ ਸਮੇਂ ਤੋਂ ਨਿਰੰਤਰ ਜਾਰੀ ਰੱਖ ਰਿਹਾ ਹੈ, ਇਸ ਨੌਜਵਾਨ ਨੂੰ ਵੀ ਸ਼ਾਬਾਸ਼!
ਅਜਿਹੇ ਕਾਰਜਾਂ ਦੇ ਵਿਚ ਪੰਜਾਬੀ ਕਮਿਊਨਿਟੀ ਦੀ ਸ਼ਮੂਲੀਅਤ ਭਾਵੇਂ ਆਟੇ ਵਿਚ ਲੂਣ ਬਰਾਬਰ ਹੈ, ਪਰ ਹੋਂਦ ਬਣਾਈ ਰੱਖਣ ਲਈ ਅਜਿਹੇ ਵਿਚਾਰ ਰੱਖਣ ਵਾਲਿਆਂ ਦੀ ਹੋਰ ਬਹੁਤ ਲੋੜ ਹੈ।