NIA Raid: ਐਨਆਈਏ ਵੱਲੋਂ ਮਜ਼ਦੂਰ ਆਗੂ ਦੇ ਘਰ ਛਾਪੇ ਤੋਂ ਰੱਫੜ ਪਿਆ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 20ਦਸੰਬਰ 2024: ਸ੍ਰੀ ਮੁਕਤਸਾਰ ਸਾਹਿਬ ਜਿਲ੍ਹੇ ਦੇ ਥਾਣਾ ਲੱਖੇਵਾਲੀ ’ਚ ਪੈਂਦੇ ਪਿੰਡ ਗੰਧੜ ’ਚ ਐਨਆਈਏ ਵੱਲੋਂ ਪੰਜਾਬ ਖੇਤ ਮਜ਼ਦੂਰ ਆਗੂ ਦੇ ਘਰ ਛਾਪਾ ਮਾਰਨ ਤੋਂ ਭੜਕੀਆਂ ਕਿਸਾਨ ਮਜ਼ਦੂਰ ਜੱਥੇਬੰਦੀਆਂ ਨੇ ਇੱਕ ਅਧਿਕਾਰੀ ਦਾ ਘਿਰਾਓ ਕਰ ਲਿਆ ਜਿਸ ਨੂੰ ਕੱਢਕੇ ਲਿਜਾਣ ਲਈ ਮੌਕੇ ਤੇ ਪੁੱਜੀ ਥਾਣਾ ਲੱਖੇਵਾਲੀ ਪੁਲਿਸ ਦੇ ਪਸੀਨੇ ਛੁੱਟ ਗਏ। ਇਹ ਪਹਿਲੀ ਵਾਰ ਹੋਇਆ ਹੈ ਕਿ ਇਸ ਤਰਾਂ ਜਨਤਕ ਧਿਰਾਂ ਨੇ ਐਨਆਈਏ ਦੀ ਟੀਮ ’ਚ ਸ਼ਾਮਲ ਅਧਿਕਾਰੀ ਜਾਂ ਗੱਡੀਆਂ ਨੂੰ ਘੇਰਿਆ ਹੋਵੇ। ਮੁਕਤਸਰ ਪੁਲਿਸ ਵੱਲੋਂ ਹੁਣ ਮਾਮਲੇ ਦੀ ਪੜਤਾਲ ਕਰਨ ਉਪਰੰਤ ਅਗਲੀ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਵੱਡੇ ਤੜਕੇ ਮੁਕਤਸਰ ਪੁਲਿਸ ਨੂੰ ਨਾਲ ਲੈਕੇ ਐਨਆਈਏ ਦੀ ਟੀਮ ਨੇ ਖੇਤ ਮਜਦੂਰ ਆਗੂ ਸਵਰਨਜੀਤ ਕੌਰ ਦੇ ਘਰ ’ਚ ਪਿੰਡ ਗੰਧੜ ਵਿਖੇ ਛਾਪਾ ਮਾਰਿਆ।
ਸਵਰਨਜੀਤ ਕੌਰ ਆਪਣੀ ਜੱਥੇਬੰਦੀ ਦੀ ਸਰਗਰਮ ਮੋਹਰੀ ਆਗੂ ਹੈ ਜਦੋਂਕਿ ਉਸਦੀ ਇੱਕ ਧੀ ਨੌਦੀਪ ਗੰਧੜ ਤੇ ਦੂਸਰੀ ਹਰਵੀਰ ਗੰਧੜ ਵੱਖ ਵੱਖ ਜੱਥੇਬੰਦੀਆਂ ’ਚ ਕੰਮ ਕਰਦੀਆਂ ਹਨ। ਇਹ ਉਹੀ ਨੌਦੀਪ ਹੈ ਜਿਸ ਨੂੰ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਾਰਨ ਹਰਿਆਣਾ ਪੁਲਿਸ ਵੱਲੋਂ ਕਾਫੀ ਸਮਾਂ ਪਹਿਲਾਂ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਗਿਆ ਸੀ। ਛਾਪਾ ਮਾਰ ਟੀਮ ਨੇ ਸਮੁੱਚੇ ਸਮਾਨ ਦੀ ਤਲਾਸ਼ੀ ਲਈ ਅਤੇ ਘਰ ਦਾ ਕੋਨਾ ਕੋਨਾ ਛਾਣ ਮਾਰਿਆ। ਇਸ ਛਾਪੇ ਦੀ ਸੂਚਨਾ ਮਿਲਦਿਆਂ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਬਿੱਟੂ ਮੱਲਣ ਅਤੇ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਜਰਨਲ ਸਕੱਤਰ ਤਰਸੇਮ ਸਿੰਘ ਖੁੰਡੇ ਹਲਾਲ ਦੀ ਅਗਵਾਈ ਹੇਠ ਵੱਡੀ ਗਿਣਤੀ ਆਗੂ ਤੇ ਕਾਰਕੁੰਨ ਮੌਕੇ ਤੇ ਪਹੁੰਚ ਗਏ ਅਤੇ ਵਿਰੋਧ ਸ਼ੁਰੂ ਕਰ ਦਿੱਤਾ ਜੋ ਦੇਖਦਿਆਂ ਹੀ ਦੇਖਦਿਆਂ ਤਿੱਖਾ ਹੋ ਗਿਆ।
ਦੇਖਦਿਆਂ ਹੀ ਦੇਖਦਿਆਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਪੰਜਾਬ ਸਟੂਡੈਂਟਸ ਯੂਨੀਅਨ, ਨੌਜਵਾਨ ਭਾਰਤ ਸਭਾ ਅਤੇ ਹੋਰ ਜਨਤਕ ਧਿਰਾਂ ਦੇ ਕਾਰਕੁੰਨਾਂ ਨੇ ਪੁੱਜਣਾ ਸ਼ੁਰੂ ਕਰ ਦਿੱਤਾ। ਜੱਥੇਬੰਦੀਆਂ ਦੇ ਜਮਾਵੜੇ ਕਾਰਨ ਇਸ ਮੌਕੇ ਮਹੌਲ ਗਰਮ ਹੋ ਗਿਆ ਤਾਂ ਐਨਆਈਏ ਦੀ ਟੀਮ ਦੇ ਕੁੱਝ ਅਧਿਕਾਰੀ ਮੌਕੇ ਤੋਂ ਚਲ ਗਏ ਜਦੋਂਕਿ ਇੱਕ ਨੂੰ ਕਾਰ ਸਮੇਛ ਲੋਕਾਂ ਨੇ ਘੇਰ ਲਿਆ। ਇਸ ਅਧਿਕਾਰੀ ਨੇ ਆਪਣਾ ਮੂੰਹ ਲਾਕਾਉਣ ਦੇ ਚੱਕਰ ’ਚ ਕਿਤਾਬਾਂ ਅੱਗੇ ਕਰ ਲਈਆਂ। ਬਿੱਟੂ ਮੱਲਣ ਵੱਲੋਂ ਇਸ ਅਧਿਕਾਰੀ ਦੀ ਪਛਾਣ ਪੁੱੱਛਣ ਦੇ ਬਾਵਜੂਦ ਉਸ ਨੇ ਕੋਈ ਜਾਣਕਾਰੀ ਨਾਂ ਦਿੱਤੀ। ਬਿੱਟੂ ਮੱਲਣ ਨੇ ਕਿਹਾ ਕਿ ਐਨਆਈ ਦੇ ਗੱਡੀ ਦੀ ਨੰਬਰ ਪਲੇਟ ਤੇ ਮਿੱਟੀ ਲਾਈ ਹੋਈ ਹੈ। ਉਨ੍ਹਾਂ ਕਿਹਾ ਕਿ ਤੜਕੇ ਪੰਜ ਵਜੇ ਜਾਕੇ ਮਜਦੂਰ ਪ੍ਰੀਵਾਰ ਦਾ ਘਰ ਫਰੋਲਤਾ ਪਰ ਪੁੱਛੇ ਜਾਣ ਤੇ ਕੋਈ ਕੁੱਝ ਦੱਸ ਨਹੀਂ ਰਿਹਾ ਹੈ।
ਉਨ੍ਹਾਂ ਕਿਹਾ ਕਿ ਛਾਪਾ ਮਾਰ ਟੀਮ ਨੇ ਪ੍ਰੀਵਾਰ ਦੀ ਤੂੜੀ ਤੱਕ ਫਰੋਲੀ ਹੈ ਅਤੇ ਬਸਤੇ ਤੇ ਬੈਡ ਤੱਕ ਛਾਣ ਮਾਰੇ ਹਨ। ਉਨ੍ਹਾਂ ਕਿਹਾ ਕਿ ਮਜਦੂਰ ਪ੍ਰੀਵਾਰ ਲੋਕਾਂ ਦੀ ਗੱਲ ਕਰਦਾ ਹੈ ਜਿਸ ਕਰਕੇ ਡਰਾਉਣ ਲਈ ਛਾਪਿਆਂ ਦਾ ਦੌਰ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਛਾਪਾਮਾਰ ਟੀਮ ਦੀਆਂ ਗੱਡੀਆਂ ਦੀਆਂ ਨੰਬਰ ਪਲੇਟਾਂ ਤੇ ਮਿੱਟੀ ਫੇਰੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ’ਚ ਨੁਕਸ ਹੈ ਤਾਂ ਦੱਸਣ ਨਹੀਂ ਤਾਂ ਵਿਰੋਧ ਜਾਰੀ ਰੱਖਿਆ ਜਾਏਗਾ। ਇਸ ਮੌਕੇ ਹਾਜ਼ਰ ਆਗੂਆਂ ਨੇ ਦੱਸਿਆ ਕਿ ਥਾਣੇ ’ਚ ਗੱਡੀਆਂ ਨੂੰ ਪਿਛਲੇ ਦਰਵਾਜੇ ਰਾਹੀਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਐਨਆਈਏ ਛਾਪਾ ਮਾਰੇਗੀ ਤਾਂ ਇਸ ਤੋਂ ਵੀ ਤਿੱਖਾ ਵਿਰੋਧ ਕੀਤਾ ਜਾਏਗਾ। ਇਸ ਮੌਕੇ ਇੱਕ ਅਧਿਕਾਰੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਲੋਕਾਂ ਅਸਫਲ ਬਣਾ ਦਿੱਤਾ।
ਮੌਕੇ ਤੇ ਪੁੱਜੀ ਥਾਣਾ ਲੱਖੇਵਾਲੀ ਪੁਲਿਸ ਨੇ ਕਿਸਾਨ ਮਜ਼ਦੂਰ ਆਗੂਆਂ ਨਾਲ ਗੱਲਬਾਤ ਕਰਨ ਦਾ ਯਤਨ ਕੀਤਾ ਪਰ ਲੰਮਾਂ ਸਮਾਂ ਸਫਲਤਾ ਨਾਂ ਮਿਲੀ। ਕਿਸਾਨ ਆਗੂ ਬਿੱਟੂ ਮੱਲਣ ਅਤੇ ਮਜ਼ਦੂਰ ਆਗੂ ਤਰਸੇਮ ਸਿੰਘ ਖੁੰਡੇ ਹਲਾਲ ਦਾ ਕਹਿਣਾ ਸੀ ਕਿ ਐਨਆਈਏ ਸਵਰਨਜੀਤ ਕੌਰ ਅਤੇ ਉਨ੍ਹਾਂ ਦੇ ਪ੍ਰੀਵਾਰ ਨੂੰ ਨਾਲ ਲਿਜਾਣਾ ਚਾਹੁੰਦੀ ਸੀ ਪਰ ਵਿਰੋਧ ਕਾਰਨ ਸਫਲ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਐਨ ਆਈ ਏ ਦੇ ਅਧਿਕਾਰੀਆਂ ਨੂੰ ਜਦੋਂ ਛਾਪੇਮਾਰੀ ਸਬੰਧੀ ਜਾਣਕਾਰੀ ਮੰਗੀ ਤਾਂ ਉਹਨਾਂ ਕੋਈ ਜਵਾਬ ਨਹੀਂ ਦਿੱਤਾ ਅਤੇ ਨਾ ਹੀ ਕੋਈ ਮੁਕੱਦਮਾ ਦਰਜ ਹੋਣ ਜਾਂ ਤਲਾਸ਼ੀ ਵਰੰਟ ਦੀ ਕਾਪੀ ਦਿਖਾਈ ਹੈ। ਓਧਰ ਸ੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਤੁਸ਼ਾਰ ਗੁਪਤਾ ਦਾ ਕਹਿਣਾ ਸੀ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਜਿਸ ਦੇ ਅਧਾਰ ਤੇ ਅਗਲੀ ਕਾਰਵਾਈ ਕੀਤੀ ਜਾਏਗੀ।