ਗੁਰਦਿਆਲ ਸਿੰਘ ਪੰਜਾਬੀ ਯਥਾਰਥਵਾਦੀ ਨਾਵਲ ਦਾ ਉਹ ਅਦਭੁਤ ਚਤੇਰਾ ਸੀ, ਜਿਸਨੇ ਪੰਜਾਬੀ ਨਾਵਲ ਦੀ ਉਪਦੇਸ਼ਕ,ਆਦਰਸ਼ਕ, ਰੋਮਾਨੀ ਧਾਰਾ ਦਾ ਰੁਖ ਮੋੜ ਕੇ ਪੰਜਾਬੀ ਨਾਵਲ ਨੂੰ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਦੇ ਭੰਨੇ ਹੋਏ "ਜਗਸੀਰਾਂ" ਅਤੇ ਚੇਤਨਾ ਦੇ ਸੰਕਟਾਂ ਨਾਲ ਜੂਝਦੇ "ਅਣਹੋਏ ਬਿਸ਼ਨਿਆਂ" ਦੀ ਆਵਾਜ਼ ਬਣਾ ਦਿੱਤਾ।
10 ਜਨਵਰੀ 1933 ਨੂੰ ਅੱਜ ਕੱਲ ਜ਼ਿਲਾ ਬਰਨਾਲਾ ਵਿੱਚ ਪੈਂਦੇ ਆਪਣੇ ਨਾਨਕੇ ਪਿੰਡ ਭੈਣੀ ਫੱਤਾ ਵਿੱਚ ਮਾਤਾ ਨਿਹਾਲ ਕੌਰ ਅਤੇ ਪਿਤਾ ਜਗਤ ਸਿੰਘ ਦੇ ਘਰ ਜਨਮਿਆ ਗੁਰਦਿਆਲ ਸਿੰਘ ਅਜੇ ਸਿਰਫ 31 ਸਾਲਾਂ ਦਾ ਹੀ ਸੀ, ਜਦੋਂ ਉਸਨੇ "ਮੜ੍ਹੀ ਦਾ ਦੀਵਾ" ਨਾਵਲ ਲਿਖ ਕੇ ਪੰਜਾਬੀ ਨਾਵਲ ਦੀ ਨਵੀਂ ਲੀਹ ਸਿਰਜ ਦਿੱਤੀ ਸੀ। ਉਸ ਦਾ ਇਹ ਨਾਵਲ ਵਿਸ਼ਵ ਭਰ ਦੇ ਕਲਾਸਿਕ ਨਾਵਲਾਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ।ਇਹ ਨਾਵਲ ਰੂਸੀ ਭਾਸ਼ਾ ਸਮੇਤ ਸੰਸਾਰ ਦੀਆਂ ਲਗਭਗ ਇੱਕ ਦਰਜਨ ਭਾਸ਼ਾਵਾਂ ਵਿੱਚ ਅਨੁਵਾਦ ਹੋਇਆ ਅਤੇ ਇਸ ਨਾਵਲ ਨੂੰ ਉਸ ਵੇਲੇ ਦੇ ਸੋਵੀਅਤ ਰੂਸ ਦੇ ਪਰਚੇ "ਵਿਦੇਸ਼ੀ ਸਾਹਿਤ" ਵਿੱਚ ਵੀ ਛਾਪਿਆ ਗਿਆ ਸੀ। ਜਿਸ ਦੀਆਂ ਉਸ ਵੇਲੇ 4 ਲੱਖ ਤੋੰ ਵੱਧ ਕਾਪੀਆਂ ਛਪਦੀਆਂ ਸਨ। ਇਸ ਨਾਵਲ ਬਾਰੇ ਕਦੇ ਪੰਜਾਬੀ ਦੇ ਪ੍ਰਬੁੱਧ ਵਿਦਵਾਨ ਡਾਕਟਰ ਅਤਰ ਸਿੰਘ ਨੇ ਕਿਹਾ ਸੀ:-
"ਗੁਰਦਿਆਲ ਸਿੰਘ ਦਾ ਪਹਿਲਾ ਹੀ ਨਾਵਲ "ਮੜ੍ਹੀ ਦਾ ਦੀਵਾ" ਭਾਰਤ ਦੇ ਮਹਾਨ ਲੇਖਕ ਮੁਨਸ਼ੀ ਪ੍ਰੇਮ ਚੰਦ ਦੇ ਨਾਵਲ "ਗੋਦਾਨ" ਅਤੇ ਫਰਣੇਸ਼ਵਰ ਰੇਨੂ ਦੇ ਨਾਵਲ "ਮੈਲਾ ਆਂਚਲ" ਦੇ ਪੱਧਰ ਦਾ ਨਾਵਲ ਹੈ।"
ਭਾਅ ਜੀ ਗੁਰਸ਼ਰਨ ਸਿੰਘ ਨੇ ਗੁਰਦਿਆਲ ਸਿੰਘ ਨੂੰ "ਸਾਡੇ ਸਮਿਆਂ ਦਾ ਸਭ ਤੋਂ ਵੱਡਾ ਲੇਖਕ" ਆਖਿਆ ਸੀ ਅਤੇ ਡਾ. ਟੀ.ਆਰ.ਵਿਨੋਦ ਨੇ ਉਸਨੂੰ "ਫ਼ਿਲਾਸਫ਼ਰ ਗਲਪਕਾਰ" ਦੀ ਸੰਗਿਆ ਦਿੱਤੀ ਸੀ।
ਗੁਰਦਿਆਲ ਸਿੰਘ ਦੇ ਨਾਵਲ 'ਮੜ੍ਹੀ ਦਾ ਦੀਵਾ' ਦਾ ਨਾਇਕ ਜਗਸੀਰ ਕਿਸੇ ਪੰਜਾਬੀ ਨਾਵਲ ਦਾ ਪਹਿਲਾ ਦਲਿਤ ਨਾਇਕ ਸੀ, ਜਿਸਨੇ ਸਮਾਜ ਵੱਲੋਂ ਹਾਸ਼ੀਏ ਤੇ ਧਕੇਲੇ ਗਏ "ਸੀਰੀਆਂ" ਨੂੰ ਆਪਣੀ ਹੋਂਦ ਦਾ ਅਹਿਸਾਸ ਕਰਾਇਆ।
...ਗੁਰਦਿਆਲ ਸਿੰਘ ਦਾ ਮੁਢਲਾ ਜੀਵਨ ਬੇਹੱਦ ਤੰਗੀਆਂ ਤੁਰਸ਼ੀਆਂ ਭਰਿਆ ਜੀਵਨ ਸੀ। ਆਪਣੇ ਦਾਦਕੇ ਪਿੰਡ ਜੈਤੋ ਵਿੱਚ ਆਪਣੇ ਜੱਦੀ ਘਰ ਵਿੱਚ ਹੀ ਸਾਰੀ ਜ਼ਿੰਦਗੀ ਬਸਰ ਕਰਨ ਵਾਲਾ ਗੁਰਦਿਆਲ ਸਿੰਘ ਯੂਨੀਵਰਸਿਟੀ ਦੀ ਪ੍ਰੋਫ਼ੈਸਰੀ ਤੱਕ ਪਹੁੰਚ ਕੇ ਵੀ ਅਤਿ ਸਾਧਾਰਨ ਜ਼ਿੰਦਗੀ ਜਿਊਣ ਵਾਲਾ ਜਿਊੜਾ ਸੀ। ਉਸ ਨੂੰ ਬਚਪਨ ਵਿੱਚ ਸਕੂਲ ਦੀ ਪੜ੍ਹਾਈ ਦੇ ਨਾਲ-ਨਾਲ ਪਿਤਾ ਪੁਰਖੀ ਤਰਖਾਣਾ ਕੰਮ ਵਿੱਚ ਰੁਝਣਾ ਪਿਆ ਸੀ।
ਸਿਰਫ਼ ਤੇਰਾਂ ਦੀ ਉਮਰ ਵਿਚ ਹੀ ਬੀਬੀ ਬਲਵੰਤ ਕੌਰ ਨਾਲ ਵਿਆਹ ਬੰਧਨ ਵਿੱਚ ਬੱਝ ਜਾਣ ਵਾਲੀ ਇਸ ਅਲਬੇਲੀ ਸ਼ਖ਼ਸੀਅਤ ਨੇ ਆਪਣੀ ਸਹਿਜ ਤੋਰ ਤੁਰਦਿਆਂ ਪਦਮਸ਼੍ਰੀ ਤੱਕ ਦਾ ਵਕਾਰੀ ਨਾਗਰਿਕ ਪੁਰਸਕਾਰ ਅਤੇ ਸਾਹਿਤ ਦਾ ਸਰਵਸ੍ਰੇਸ਼ਠ ਗਿਆਨਪੀਠ ਪੁਰਸਕਾਰ ਹਾਸਿਲ ਕੀਤਾ ਸੀ।
...ਕੰਮਾਂ-ਕਾਰਾਂ ਵਿੱਚ ਰੁਝੇ ਰਹਿਣ ਦੇ ਨਾਲ-ਨਾਲ ਉਸ ਨੇ ਮੁਢਲੀ ਸਿਖਿਆ ਜੈਤੋ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕਰਕੇ, ਗਿਆਨੀ, ਬੀ.ਏ ਕਰਨ ਉਪਰੰਤ ਅਤੇ ਐਮ.ਏ (ਪੰਜਾਬੀ) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ ਸੀ। ਪਹਿਲਾਂ ਉਹ ਪ੍ਰਾਇਮਰੀ ਸਕੂਲ ਦਾ ਅਧਿਆਪਕ ਬਣਿਆ,ਫਿਰ ਸਰਕਾਰੀ ਸਕੂਲ ਵਿਚ ਪੰਜਾਬੀ ਅਧਿਆਪਕ ਅਤੇ ਫੇਰ ਉਸ ਦੀ ਨਿਯੁਕਤੀ ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਪੰਜਾਬੀ ਲੈਕਚਰਾਰ ਵਜੋਂ ਹੋ ਗਈ। ਸੰਨ 1987 ਤੋਂ 1992 ਤੱਕ ਉਹ ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਬਠਿੰਡਾ ਦੇ ਪੰਜਾਬੀ ਵਿਭਾਗ ਵਿੱਚ ਰੀਡਰ ਰਿਹਾ ਅਤੇ 1992 ਤੋਂ 1995 ਤਕ ਉਥੇ ਹੀ ਉਸ ਨੂੰ ਪੰਜਾਬੀ ਦਾ ਪ੍ਰੋਫ਼ੈਸਰ ਬਣਨ ਦਾ ਮਾਣ ਪ੍ਰਾਪਤ ਹੋਇਆ ।
ਉਸ ਦੀ ਜ਼ਿੰਦਗੀ ਦੇ ਇਹ ਤੱਥ ਜਾਣ ਕੇ ਹੈਰਾਨੀ ਹੁੰਦੀ ਹੈ ਕਿ ਉਹ ਇਕ ਚਿੱਤਰਕਾਰ ਵੀ ਸੀ ਅਤੇ ਬਹੁਤ ਸੁਰੀਲਾ ਗਾਇਕ ਵੀ।ਉਹ ਜੈਤੋ ਦੇ ਗੰਗਸਰ ਗੁਰਦੁਆਰੇ ਵਿੱਚ ਕਦੇ ਕੀਰਤਨ ਵੀ ਕਰਦਾ ਰਿਹਾ ਅਤੇ ਸਿੱਖੀ ਦੇ ਗਹਿਰੇ ਪ੍ਰਭਾਵ ਅਧੀਨ ਹੀ ਉਸ ਦੇ ਲਿਖਣ ਕਾਰਜ ਦੀ ਸ਼ੁਰੂਆਤ ਹੋਈ ਸੀ।ਉਸ ਦੀ ਪਹਿਲੀ ਪੁਸਤਕ ‘ਗੰਗਸਰ ਦੇ ਸ਼ਹੀਦ’ ਸੀ।ਉਸ ਵੇਲੇ ਉਹ ਆਪਣਾ ਤਖੱਲਸ "ਰਾਹੀ" ਲਿਖਦਾ ਹੁੰਦਾ ਸੀ।
... ਫੇਰ ਉਸ ਨੇ ਕਹਾਣੀ ਲੇਖਣ ਦੇ ਖੇਤਰ ਵਿੱਚ ਅਜੇਹਾ ਧੜੱਲੇਦਾਰ ਪ੍ਰਵੇਸ਼ ਕੀਤਾ ਕਿ ਉਹ ਆਪਣੇ ਪਹਿਲੇ ਕਹਾਣੀ ਸੰਗ੍ਰਹਿ ‘ਸੱਗੀ ਫੁੱਲ’ ਨਾਲ ਹੀ ‘ਸੱਗੀ-ਫੁੱਲ ਵਾਲਾ ਗੁਰਦਿਆਲ ਸਿੰਘ’ ਬਣ ਗਿਆ।...
...ਮੇਰੇ ਨਾਲ ਉਸਦੀ ਪਹਿਲੀ ਮੁਲਾਕਾਤ ਜਲੰਧਰ ਦੂਰਦਰਸ਼ਨ ਦੇ ਇੱਕ ਪ੍ਰੋਗਰਾਮ ਵੇਲੇ 90ਵਿਆਂ ਦੇ ਸ਼ੁਰੂ ਵਿੱਚ ਹੀ ਹੋਈ ਸੀ, ਪਰ ਚਿੱਠੀ ਪੱਤਰ ਦਾ ਸਿਲਸਿਲਾ ਇਸ ਤੋਂ ਪਹਿਲਾਂ ਸ਼ੁਰੂ ਹੋ ਚੁੱਕਾ ਸੀ। ਆਮ ਤੌਰ ਤੇ ਉਹ ਮੈੰਨੂੰ ਨੀਲੇ ਇਨਲੈਂਡ ਲੈਟਰ ਉੱਪਰ ਪੱਤਰ ਲਿਖਦਾ ਸੀ।ਪਰ ਸੇਵਾ ਮੁਕਤੀ ਤੋਂ ਬਾਅਦ,ਪਦਮਸ਼੍ਰੀ ਮਿਲਣ ਉਪਰੰਤ ਉਸਨੇ ਪੰਜਾਬੀ ਭਾਸ਼ਾ ਵਿੱਚ ਇੱਕ ਸਧਾਰਨ ਜਿਹਾ ਲੈਟਰ ਪੈਡ ਵੀ ਛਪਵਾ ਲਿਆ ਸੀ, ਜਿਸ ਉੱਤੇ ਉਸਨੂੰ ਮਿਲੇ ਸਾਰੇ ਸਨਮਾਨਾਂ ਦਾ ਵੇਰਵਾ ਅੰਗਰੇਜ਼ੀ ਵਿੱਚ ਦਰਜ ਕੀਤਾ ਹੋਇਆ ਸੀ। ਇਸ ਲੈਟਰ ਪੈਡ ਉੱਤੇ ਉਹ ਮੈਨੂੰ ਲੰਬੀਆਂ ਲੰਬੀਆਂ ਚਿੱਠੀਆਂ ਲਿਖਦਾ। ਦੂਰਦਰਸ਼ਨ ਦੇ ਪ੍ਰੋਗਰਾਮਾਂ ਬਾਰੇ ਆਪਣੇ ਸੁਝਾਅ ਭੇਜਦਾ। ਦੂਰਦਰਸ਼ਨ ਉੱਤੇ ਪ੍ਰਸਾਰਿਤ ਹੁੰਦੇ ਨਾਟਕਾਂ ਬਾਰੇ ਆਪਣੀ ਰਾਏ ਲਿਖਦਾ...
ਸਤਾਰਾਂ ਨਵੰਬਰ 1999 ਨੂੰ ਮੈਨੂੰ ਲਿਖੇ ਇੱਕ ਪੱਤਰ ਵਿੱਚ ਉਸਨੇ ਲਿਖਿਆ ਸੀ:-
"ਕਹਾਣੀਆਂ ਬਾਰੇ ਜਦੋਂ ਵੀ ਕੁਝ ਹੋ ਸਕੇ ਕਰ ਲੈਣਾ, ਪਰ ਦੇਣਾ ਕਿਸੇ ਅਜਿਹੇ ਬੰਦੇ (ਪ੍ਰੋਡਿਊਸਰ )ਨੂੰ ਜੋ "ਇਹ ਕੀ ਹੋਇਆ" ਵਾਂਗ ਕਹਾਣੀ ਦਾ ਮਜ਼ਾਕ ਨਾ ਬਣਾਵੇ। ਨਾਟਕ ਬਹੁਤ ਹੀ ਮਾੜੇ ਆ ਰਹੇ ਹਨ। ਬਲਦੇਵ (ਸੜਕਨਾਮਾ) ਦੀ ਕਹਾਣੀ ਬਾਰੇ ਰਾਤੀਂ ਆਇਆ ਡਰਾਈਵਰਾਂ ਬਾਰੇ ਨਾਟਕ ਕੁਝ ਚੰਗਾ ਬਣਿਆ ਸੀ, ਪਰ ਕਹਾਣੀ ਅਨੁਸਾਰ ਉਹ ਵੀ ਵਧੇਰੇ ਆਰਟਿਸਟਿਕ ਨਹੀਂ ਸੀ। ਕਈ ਕਮਜ਼ੋਰੀਆਂ ਸਨ"
ਸਾਹਿਤਕ ਕਿਰਤਾਂ ਉੱਤੇ ਬਣਨ ਵਾਲੇ ਦੂਰਦਰਸ਼ਨ ਦੇ ਲੜੀਵਾਰਾਂ ਅਤੇ ਟੈਲੀ ਫਿਲਮਾਂ ਬਾਰੇ ਉਹ ਹਮੇਸ਼ਾ ਹੀ ਉਦਾਸੀਨ ਰਹਿੰਦਾ ਸੀ। ਦੂਰਦਰਸ਼ਨ ਉੱਤੇ ਉਹਦੇ ਨਾਵਲਾਂ "ਰੇਤੇ ਦੀ ਇੱਕ ਮੁੱਠੀ" ਅਤੇ "ਅਣਹੋਏ" ਉੱਤੇ ਅਧਾਰਤ ਲੜੀਵਾਰ ਮੇਰੀਆਂ ਅੱਖਾਂ ਦੇ ਸਾਹਮਣੇ ਬਣੇ ਸਨ।ਉਸ ਦੀ ਇਕ ਕਹਾਣੀ "ਹਾਰ ਗਿਐੰ ਰਤਨਿਆਂ" ਉਤੇ ਸੁਰਿੰਦਰ ਸ਼ਰਮਾ ਨੇ ਨਾਟਕ ਬਣਾਇਆ ਸੀ।"ਅਣਹੋਏ" ਨਾਵਲ ਉੱਤੇ ਲੜੀਵਾਰ ਹਰਜੀਤ ਸਿੰਘ ਨੇ ਬਣਾਇਆ ਸੀ ਜਦੋਂ ਕਿ "ਰੇਤੇ ਦੀ ਇੱਕ ਮੁੱਠੀ" ਲੜੀਵਾਰ ਸਰਬਜੀਤ ਵੋਹਰਾ ਦੀ ਨਿਰਦੇਸ਼ਨਾ ਹੇਠ ਬਣਿਆ ਸੀ। ਇਸ ਲੜੀਵਾਰ ਨੂੰ ਬਣਾਉਣ ਦਾ ਕਾਰਜ ਮੇਰੇ ਵੱਲੋਂ ਆਰੰਭ ਕੀਤਾ ਗਿਆ ਸੀ। ਮੈਂ ਬਹੁਤ ਚਾਅ ਤੇ ਮਲਾਰ ਨਾਲ ਗੁਰਦਿਆਲ ਸਿੰਘ ਤੋਂ ਦੂਰਦਰਸ਼ਨ ਲਈ ਇਸ ਦੇ ਰਾਈਟਸ ਲਏ ਸਨ। ਉਸ ਦੇ ਸੁਝਾਅ ਅਨੁਸਾਰ ਹੀ ਮੈਂ ਇਸਦੀ ਪਟ-ਕਥਾ ਅਤੇ ਸੰਵਾਦ ਸੁਰਿੰਦਰ ਸਿੰਘ ਫੁੱਲ ਤੋਂ ਲਿਖਵਾਏ ਸਨ।ਸੁਰਿੰਦਰ ਸਿੰਘ ਫੁੱਲ ਉਹਨਾਂ ਦਿਨਾਂ ਵਿੱਚ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਪੁਣੇ (ਮਹਾਰਾਸ਼ਟਰ)ਵਿੱਚ ਡਾਇਰੈਕਸ਼ਨ ਪੜਾਉਂਦਾ ਹੁੰਦਾ ਸੀ। ਉਹ ਮੇਰੇ ਨਾਲ ਸਲਾਹ ਮਸ਼ਵਰੇ ਲਈ ਉਚੇਚੇ ਤੌਰ ਤੇ ਜਲੰਧਰ ਵੀ ਆਇਆ।ਪਰ ਜਦੋਂ ਲੜੀਵਾਰ ਦੀ ਸਾਰੀ ਤਿਆਰੀ ਮੁਕੰਮਲ ਹੋ ਗਈ, ਕਾਸਟਿੰਗ ਸ਼ੁਰੂ ਕਰਨ ਹੀ ਵਾਲੇ ਸਾਂ, ਤਾਂ ਦੂਰਦਰਸ਼ਨ ਦੇ ਡਾਇਰੈਕਟਰ ਦੀ ਬਦਲੀ ਹੋ ਗਈ। ਨਵਾਂ ਕਸ਼ਮੀਰੀ ਡਾਇਰੈਕਟਰ ਆਇਆ ਤਾਂ ਉਸਨੇ ਪ੍ਰਚਲਤ ਰਿਵਾਇਤਾਂ ਅਨੁਸਾਰ ਪ੍ਰੋਗਰਾਮਾਂ ਦੀਆਂ ਅਸਾਈਨਮੈਂਟਸ ਬਦਲ ਦਿੱਤੀਆਂ। ਡਰਾਮਾ ਵਿਭਾਗ ਮੇਰੇ ਤੋਂ ਵਾਪਸ ਲੈ ਕੇ, ਸਰਬਜੀਤ ਵੋਹਰਾ ਨੂੰ ਦੇ ਦਿੱਤਾ ਗਿਆ ਅਤੇ ਮੈਨੂੰ ਗੀਤ ਸੰਗੀਤ ਦੇ ਵਰਾਇਟੀ ਪ੍ਰੋਗਰਾਮ ਦਾ ਇੰਚਾਰਜ ਬਣਾ ਦਿੱਤਾ ਗਿਆ। ਕਾਇਦੇ ਅਨੁਸਾਰ ਮੈਨੂੰ ਡਰਾਮਾ ਵਿਭਾਗ ਦਾ ਸਾਰਾ ਰਿਕਾਰਡ ਸਰਬਜੀਤ ਵੋਹਰਾ ਦੇ ਹਵਾਲੇ ਕਰਨਾ ਪਿਆ, ਸਮੇਤ "ਰੇਤੇ ਦੀ ਇੱਕ ਮੁੱਠੀ" ਦੀ ਪਟ-ਕਥਾ ਅਤੇ ਸੰਵਾਦਾਂ ਦੇ। ਮੈਂ ਬਹੁਤ ਪਰੇਸ਼ਾਨ ਸਾਂ, ਬਹੁਤ ਹੀ ਭਾਵਕ...
ਪਰ ਮੇਰੇ ਕੋਲ ਕੋਈ ਰਸਤਾ ਨਹੀਂ ਸੀ। ਮੇਰੀ ਖ਼ੁਦਦਾਰੀ ਮੈਨੂੰ ਇਹ ਕਹਿਣ ਤੋਂ ਰੋਕ ਰਹੀ ਸੀ, ਕਿ ਮੈਨੂੰ ਇਸ ਨਾਟਕ ਨੂੰ ਮੁਕੰਮਲ ਕਰ ਲੈਣ ਦਿਉ। ਜਦੋਂ ਮੈਂ ਗੁਰਦਿਆਲ ਸਿੰਘ ਨੂੰ ਇਸ ਬਾਰੇ ਦੱਸਿਆ ਕਿ "ਰੇਤੇ ਦੀ ਇੱਕ ਮੁੱਠੀ" ਦਾ ਨਿਰਮਾਤਾ ਨਿਰਦੇਸ਼ਕ ਹੁਣ ਕੋਈ ਹੋਰ ਹੋਵੇਗਾ ਤਾਂ ਉਹ ਬਹੁਤ ਨਿਰਾਸ਼ ਹੋਇਆ। ਉਹਨਾਂ ਨੇ ਮੈਨੂੰ ਕਿਹਾ ਕਿ ਉਹ ਦੂਰਦਰਸ਼ਨ ਦੇ ਡਾਇਰੈਕਟਰ ਨਾਲ ਆਪ ਗੱਲ ਕਰੇਗਾ। ਪਰ ਮੈਂ ਉਸ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ।ਸੁਰਿੰਦਰ ਸਿੰਘ ਵੀ ਨਾਟਕ ਦੀ ਪ੍ਰੋਡਕਸ਼ਨ ਵੇਲੇ ਦੂਰਦਰਸ਼ਨ ਨਾ ਆਇਆ...।
...ਜਦੋਂ ਕੁੱਝ ਸਾਲਾਂ ਬਾਅਦ ਮੈਂ ਦੁਬਾਰਾ ਡਰਾਮਾ ਵਿਭਾਗ ਦਾ ਇੰਚਾਰਜ ਬਣਿਆ ਤੇ ਮੈਂ ਉਸਦੀ ਕਹਾਣੀ "ਫ਼ਰਜ਼ ਕਰੋ" ਉੱਤੇ ਦੋ ਕਿਸ਼ਤਾਂ ਵਿੱਚ ਟੀਵੀ ਨਾਟਕ ਬਣਾਇਆ।ਜਿਸ ਵਿੱਚ ਮੁੱਖ ਭੂਮਿਕਾ ਉੱਘੇ ਫ਼ਿਲਮ ਅਦਾਕਾਰ ਯਸ਼ ਗੁਲਾਟੀ ਨੇ ਬੇਹੱਦ ਖ਼ੂਬਸੂਰਤੀ ਨਾਲ ਨਿਭਾਈ ਸੀ।ਇਹ ਨਾਟਕ ਕਾਫ਼ੀ ਸਲਾਹਿਆ ਗਿਆ। ਇਸ ਦਾ ਪ੍ਰਸਾਰਨ ਵੇਖ ਕੇ ਗੁਰਦਿਆਲ ਸਿੰਘ ਬਹੁਤ ਖੁਸ਼ ਹੋਇਆ। ਉਸ ਨੇ ਮੈਨੂੰ ਫੋਨ ਕਰਕੇ ਸ਼ਾਬਾਸ਼ ਦਿੱਤੀ।...
ਉਸਦੀ ਹਮੇਸ਼ਾ ਤਮੰਨਾ ਰਹਿੰਦੀ ਕਿ ਮੈਂ ਉਸਦੀਆਂ ਕਹਾਣੀਆਂ ਜਾਂ ਨਾਵਲਾਂ ਦੇ ਟੀ.ਵੀ. ਨਾਟਕ ਬਣਾਵਾਂ। ਸਾਲ 1997 ਵਿੱਚ ਜਦੋਂ ਦੇਸ਼ ਦੀ ਆਜ਼ਾਦੀ ਦੀ ਗੋਲਡਨ ਜੁਬਲੀ ਵੇਲੇ ਦੂਰਦਰਸ਼ਨ ਵੱਲੋਂ ਆਜ਼ਾਦੀ ਦੇ ਜਸ਼ਨਾਂ ਬਾਰੇ ਪ੍ਰੋਗਰਾਮ ਕੀਤੇ ਜਾਣੇ ਸਨ, ਤਾਂ ਉਸ ਵੇਲੇ ਤੱਕ ਦੂਰਦਰਸ਼ਨ ਵੱਲੋਂ ਕਮਿਸ਼ਨਡ ਕੈਟਾਗਰੀ ਅਧੀਨ ਪ੍ਰਾਈਵੇਟ ਪ੍ਰੋਡਿਊਸਰਾਂ ਤੋਂ ਉੱਕੇ ਪੁੱਕੇ ਪੈਸੇ ਦੇ ਕੇ ਨਿਰਮਾਣ-ਨਿਰਦੇਸ਼ਨ ਕਰਵਾਉਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਸੀ। ਇੱਕ ਪ੍ਰਾਈਵੇਟ ਪ੍ਰੋਡਿਊਸਰ ਸਰਦੂਲ ਸਿੰਘ ਅਟਵਾਲ ਨੇ ਅਜਿਹਾ ਪ੍ਰੋਗਰਾਮ ਕਰਨ ਲਈ ਮੈਥੋਂ ਕਿਸੇ ਸਕ੍ਰਿਪਟ ਦੀ ਮੰਗ ਕੀਤੀ ਤਾਂ ਮੈਨੂੰ ਇੱਕ ਦਮ ਗੁਰਦਿਆਲ ਸਿੰਘ ਦੇ ਨਾਵਲ "ਪਹੁ ਫੁਟਾਲੇ ਤੋਂ ਪਹਿਲਾਂ" ਦੀ ਯਾਦ ਆਈ। ਮੈਂ ਉਸਨੂੰ ਉਹ ਨਾਵਲ ਪੜ੍ਹਨ ਲਈ ਦਿੱਤਾ ਤਾਂ ਇਹ ਉਸਨੂੰ ਇਕਦਮ ਪਸੰਦ ਆ ਗਿਆ। ਉਸਨੇ ਕਿਹਾ ਮੈਨੂੰ ਇਸ ਦੇ ਰਾਈਟਸ ਲੈ ਕੇ ਦਿਉ! ਮੈਂ ਗੁਰਦਿਆਲ ਸਿੰਘ ਨਾਲ ਫੋਨ ਤੇ ਗੱਲ ਕੀਤੀ ਤਾਂ ਉਹ ਬਹੁਤ ਖੁਸ਼ ਹੋਇਆ।
ਮਿਲਣੀ ਦਾ ਸਮਾਂ ਤੈਅ ਹੋ ਗਿਆ। ਸਰਦੂਲ ਸਿੰਘ ਅਟਵਾਲ ਤੇ ਮੈਂ ਜੈਤੋ ਜਾ ਪਹੁੰਚੇ। ਪੁੱਛ ਪੁਛਾ ਕੇ ਗੁਰਦਿਆਲ ਸਿੰਘ ਦਾ ਘਰ ਲੱਭਿਆ ।ਇਹ ਫਰਵਰੀ ਮਹੀਨੇ ਦੇ ਠੰਢ ਵਾਲੇ ਦਿਨ ਸਨ। ਗਲੀ ਵਿੱਚ ਹੀ ਖੁੱਲ੍ਹਦੇ ਦਰਵਾਜ਼ੇ ਤੋਂ ਸਿੱਧੀਆਂ ਸਪਾਟ ਭੀੜੀਆਂ ਜਿਹੀਆਂ ਪੌੜੀਆਂ ਚੜ੍ਹ ਕੇ ਅਸੀਂ ਉੱਪਰ ਪਹੁੰਚੇ ਤਾਂ ਗੁਰਦਿਆਲ ਸਿੰਘ ਇੱਕ ਚੁਬਾਰੇ ਵਿੱਚ ਵੱਡੇ ਪਾਵਿਆਂ ਵਾਲੇ ਸੂਤੜੀ ਦੇ ਮੰਜੇ ਉੱਤੇ ਘਸਮੈਲੇ ਜਿਹੇ ਖੇਸ ਦੀ ਬੁੱਕਲ ਮਾਰੀ ਬੈਠਾ ਸੀ। ਉਸ ਦੀ ਪਤਨੀ ਬਲਵੰਤ ਕੌਰ ਨੇ ਲੱਕੜ ਦੀਆਂ ਪੁਰਾਣੀਆਂ ਜਿਹੀਆਂ ਕੁਰਸੀਆਂ ਮੰਜੇ ਦੇ ਕੋਲ ਨੂੰ ਕਰ ਦਿੱਤੀਆਂ ਤਾਂ ਅਸੀਂ ਰੂੰ ਦੀਆਂ ਗੱਦੀਆਂ ਅਤੇ ਦਸੂਤੀ ਦੇ ਢੋਹ ਨਾਲ ਸ਼ਿੰਗਾਰੀਆਂ ਹੋਈਆਂ ਇਹਨਾਂ ਕੁਰਸੀਆਂ ਉੱਤੇ ਬੈਠ ਗਏ। ਰਸਮੀ ਜਿਹੀ ਜਾਣ ਪਛਾਣ ਉਪਰੰਤ ਗੁਰਦਿਆਲ ਸਿੰਘ ਨੇ ਉਹੀ ਗੱਲਾਂ ਦੁਹਰਾ ਦਿੱਤੀਆਂ, ਜੋ ਉਹ ਮੈਨੂੰ ਅਕਸਰ ਚਿੱਠੀਆਂ ਵਿੱਚ ਲਿਖਦੇ ਰਹਿੰਦੇ ਸੀ। ਦੂਰਦਰਸ਼ਨ ਦੇ ਪ੍ਰੋਗਰਾਮਾਂ ਦੀ ਨਾਪਸੰਦਗੀ ਬਾਰੇ,ਸਰਕਾਰੀ ਤੰਤਰ ਦੀਆਂ ਊਣਤਾਈਆਂ ਬਾਰੇ,ਪ੍ਰੋਡਿਊਸਰਾਂ ਦੀ ਅਣਗਹਿਲੀ ਬਾਰੇ,...
ਗੱਲਾਂ ਕਰਦਿਆਂ ਕਰਦਿਆਂ ਇੱਕ ਪ੍ਰੋਡਿਊਸਰ ਦਾ ਨਾਮ ਲੈ ਕੇ ਕਹਿਣ ਲੱਗਾ:- "ਲੈ ਉਹਦੀ ਗੱਲ ਸੁਣ ਲੈ! ਮੇਰੇ ਨਾਵਲ ਉੱਤੇ ਲੜੀਵਾਰ ਕਰਨਾ ਚਾਹੁੰਦਾ ਸੀ। ਆਪ ਆਉਣ ਦੀ ਬਜਾਏ ਉਹਨੇ ਮੇਰੇ ਕੋਲ ਇੱਕ ਡਫਰ ਜਿਹਾ ਸਕ੍ਰਿਪਟ ਰਾਈਟਰ ਭੇਜ ਦਿੱਤਾ। ਜਿਹਨੇ ਮੇਰਾ ਇਕ ਵੀ ਨਾਵਲ ਨਹੀਂ ਸੀ ਪੜ੍ਹਿਆ ਹੋਇਆ । ਮੈਨੂੰ ਬੜੀ ਖਿਝ ਚੜ੍ਹੀ। "ਮੈਂ ਕੋਰਾ ਜਵਾਬ ਦੇ ਦਿੱਤਾ! ਮੈਂ ਕਿਹਾ ਮੈਂ ਇਸ ਨਾਵਲ ਦੇ ਅਧਿਕਾਰ ਤਾਂ ਕਿਸੇ ਹੋਰ ਨੂੰ ਦੇ ਚੁੱਕਾ ਹਾਂ"।
ਫਿਰ ਉਹ ਆਪਣੀ ਆਦਤ ਅਨੁਸਾਰ ਹਲਕਾ ਜਿਹਾ ਹੱਸਿਆ ਤੇ ਕਹਿਣ ਲੱਗਾ "ਮੇਰੀ ਖਿਝ ਨੇ ਮੇਰਾ ਮਾਲੀ ਨੁਕਸਾਨ ਕਰਾ ਦਿੱਤਾ"...।ਅਸੀਂ ਹੱਸ ਪਏ... ਸਾਡੇ ਨਾਲ-ਨਾਲ ਹੱਸਦੇ ਗੁਰਦਿਆਲ ਸਿੰਘ ਦੇ ਚਿਹਰੇ ਉੱਤੇ ਤੈਰਦੇ ਖ਼ੁਦਦਾਰੀ ਦੇ ਭਾਵ ਸਪੱਸ਼ਟ ਚਮਕ ਰਹੇ ਸਨ,ਜਿਨ੍ਹਾਂ ਨੂੰ ਉਸਨੇ ਮਾਲੀ ਨੁਕਸਾਨ ਉਠਾ ਕੇ ਵੀ ਕਾਇਮ ਰੱਖਿਆ ਸੀ...
ਗੁਰਦਿਆਲ ਸਿੰਘ ਪੰਜਾਬੀ ਗਲਪ ਸਾਹਿਤ ਦਾ ਅਤਿ ਨਿਵੇਕਲਾ ਰਚੇਤਾ ਸੀ। ਉਸ ਦੀਆਂ ਲਿਖਤਾਂ ਵਿੱਚ ਵਿਆਪਤ ਆਂਚਲਿਕਤਾ ਦਾ ਮਲਵਈ ਰੰਗ ਵਿਸ਼ੇਸ਼ ਹੋ ਕੇ ਵੀ ਅਤਿ ਸੁਭਾਵਿਕ ਸੀ। ਗੂੜ੍ਹੀ ਮਲਵਈ ਬੋਲੀ ਬੋਲਦੇ ਉਸ ਦੇ ਟਿਪੀਕਲ ਪਾਤਰ ਵੀ, ਸਮੁੱਚੇ ਪੰਜਾਬੀ ਪਾਠਕਾਂ ਨੂੰ ਆਪਣੀ ਆਵਾਜ਼ ਹੀ ਜਾਪਦੇ। ਉਹ ਸਮਾਜਿਕ ਦੁਸ਼ਵਾਰੀਆਂ ਦੀ ਦਲਦਲ ਵਿੱਚ ਫਸੇ ਦਿਲਾਂ ਦੇ ਦਰਦਾਂ ਨੂੰ ਸਿਰਫ਼ ਸ਼ਬਦਾਂ ਨਾਲ ਲਿਖਣ ਦੀ ਬਜਾਏ, ਸੁੱਚੇ ਜਜ਼ਬਿਆਂ ਨਾਲ ਲਿਖਣ ਦੀ ਅਦਭੁੱਤ ਮੁਹਾਰਤ ਰੱਖਦਾ ਸੀ।ਉਸਦੀ ਏਹੀ ਵਿਲੱਖਣਤਾ ਉਸਦੀ ਸਥਾਨਕਤਾ ਨੂੰ ਵੀ ਗਲੋਬਲੀ ਬਣਾ ਦਿੰਦੀ ਸੀ।
ਉਹ ਚਾਹੇ ਕਹਾਣੀ ਲਿਖ ਰਿਹਾ ਹੋਵੇ, ਚਾਹੇ ਨਾਵਲ, ਤੇ ਚਾਹੇ ਬੱਚਿਆਂ ਲਈ ਰਚਨਾਵਾਂ ਲਿਖ ਰਿਹਾ ਹੋਵੇ, ਉਸ ਦੀ ਗਲਪ ਸੂਝ ਕਮਾਲ ਦੀ ਸੀ। ਕਥਾਨਕ ਵਿੱਚ ਬਹੁਤੀਆਂ ਗੁੰਝਲਾਂ ਪਾਉਣ ਤੋਂ ਬਗੈਰ ਹੀ, ਕਹਾਣੀ ਰਸ ਉਜਾਗਰ ਕਰ ਲੈਣ ਦਾ ਬਲ ਉਹਨੂੰ ਆਉਂਦਾ ਸੀ।ਉਸ ਦੇ ਨਾਵਲਾਂ ਵਿੱਚ ਰੂਪਮਾਨ ਹੁੰਦਾ ਸਥਿਤੀ ਚਿਤਰਨ ਅਜਿਹੇ ਚਿੰਤਕੀ ਸੁਭਾਅ ਵਾਲਾ ਹੁੰਦਾ ਕਿ ਪਾਠਕ ਇਸਨੂੰ ਪੜ੍ਹਦਾ ਹੋਇਆ ਸਾਹਿਤ-ਬੋਧ ਦੀਆਂ ਉਹਨਾਂ ਗਹਿਰਾਈਆਂ ਨੂੰ ਸਹਿਜ ਰੂਪ ਵਿੱਚ ਹੀ ਗ੍ਰਹਿਣ ਕਰ ਲੈਂਦਾ, ਜੋ ਅਸਲ ਵਿੱਚ ਸਾਹਿਤ ਦਾ ਪ੍ਰਾਯੋਜਨ ਹੋ ਸਕਦੀਆਂ ਹਨ।ਉਸਦੇ ਨਾਵਲਾਂ ਵਿੱਚ "ਮੜ੍ਹੀ ਦਾ ਦੀਵਾ","ਅਣਹੋਏ", "ਰੇਤੇ ਦੀ ਇੱਕ ਮੁੱਠੀ", "ਕੁਵੇਲਾ","ਅੱਧ ਚਾਨਣੀ ਰਾਤ," "ਆਥਣ ਉੱਗਣ" ,"ਅੰਨ੍ਹੇ ਘੋੜੇ ਦਾ ਦਾਨ","ਪਹੁ ਫੁਟਾਲੇ ਤੋਂ ਪਹਿਲਾਂ," "ਪਰਸਾ", ਅਤੇ "ਆਹਣ", ਸ਼ਾਮਿਲ ਹਨ। ਜਦੋਂ ਕਿ "ਸੱਗੀ ਫੁੱਲ","ਚੰਨ ਦਾ ਬੂਟਾ", "ਓਪਰਾ ਘਰ", "ਕੁੱਤਾ ਅਤੇ ਆਦਮੀ", "ਮਸਤੀ ਬੋਤਾ", "ਰੁੱਖੇਮਿੱਸੇਬੰਦੇ","ਬੇਗਾਨਾ ਪਿੰਡ", "ਪੱਕਾ ਟਿਕਾਣਾ", "ਕਰੀਰ ਦੀ ਢਿੰਗਰੀ", ਆਦਿ ਉਸਦੇ ਕਹਾਣੀ ਸੰਗ੍ਰਹਿ ਹਨ। ਬੱਚਿਆਂ ਲਈ ਲਿਖੇ ਸਾਹਿਤ ਦੀਆਂ ਉਸਦੀਆਂ "ਬਕਲਮ ਖ਼ੁਦ", "ਲਿਖਤੁਮ ਬਾਬਾ ਖੇਮਾ", "ਮਹਾਭਾਰਤ", ਅਤੇ ਧਰਤ ਸੁਹਾਵੀ ਆਦਿ ਪੁਸਤਕਾਂ ਸ਼ਾਮਿਲ ਹਨ। ਤਿੰਨ ਨਾਟਕਾਂ "ਫ਼ਰੀਦਾ ਰਾਤੀਂ ਵੱਡੀਆਂ", "ਵਿਦਾਇਗੀ ਤੋਂ ਪਿੱਛੋਂ", ਅਤੇ "ਨਿੱਕੀ ਮੋਟੀ ਗੱਲ", ਤੋਂ ਬਿਨਾਂ ਉਸਨੇ ਵਾਰਤਕ ਦੀਆਂ ਵੀ ਅੱਠ ਪੁਸਤਕਾਂ ਲਿਖੀਆਂ ਸਨ। ਜਿਨ੍ਹਾਂ ਵਿੱਚ ਦੋ ਭਾਗਾਂ ਵਿੱਚ ਛਪੀ ਉਸਦੀ ਆਤਮਕਥਾ ਵੀ ਸ਼ਾਮਿਲ ਹੈ। ਪਹਿਲੇ ਭਾਗ ਦਾ ਸਿਰਲੇਖ ਉਸਨੇ "ਨਿਆਣ ਮੱਤੀਆਂ" ਰੱਖਿਆ ਸੀ ਜਦੋਂ ਕਿ ਦੂਸਰੇ ਭਾਗ ਦਾ ਸਿਰਲੇਖ ਹੈ "ਦੂਜੀ ਦੇਹੀ"।
40 ਤੋਂ ਵੱਧ ਪੁਸਤਕਾਂ ਦੇ ਇਸ ਰਚੇਤਾ ਨੂੰ ਪਦਮਸ਼੍ਰੀ ਅਤੇ ਗਿਆਨਪੀਠ ਪੁਰਸਕਾਰ ਮਿਲਣ ਸਮੇਤ 1975 ਵਿੱਚ "ਅੱਧ ਚਾਨਣੀ ਰਾਤ" ਨਾਵਲ ਉੱਤੇ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਵੀ ਪ੍ਰਾਪਤ ਹੋਇਆ ਸੀ ਅਤੇ ਉਸ ਦੀ ਸਮੁੱਚੀ ਘਾਲਣਾ ਲਈ ਇਕ ਹੋਰ ਵਕਾਰੀ ਪੁਰਸਕਾਰ "ਸੋਵੀਅਤ ਲੈਂਡ ਨਹਿਰੂ ਪੁਰਸਕਾਰ" ਵੀ ਮਿਲਿਆ ਸੀ।
"ਮੜ੍ਹੀ ਦਾ ਦੀਵਾ" ਅਤੇ "ਅੰਨ੍ਹੇ ਘੋੜੇ ਦਾ ਦਾਨ" ਉਸਦੇ ਅਜਿਹੇ ਨਾਵਲ ਹਨ, ਜਿਨਾਂ ਉੱਤੇ ਬਣੀਆਂ ਪੰਜਾਬੀ ਫ਼ਿਲਮਾਂ ਕਲਾਤਮਿਕ ਫਿਲਮਾਂ ਦੀ ਸ਼੍ਰੇਣੀ ਵਿੱਚ ਗਿਣੀਆਂ ਜਾਂਦੀਆਂ ਹਨ।
1989 ਵਿੱਚ ਬਣੀ "ਮੜ੍ਹੀ ਦਾ ਦੀਵਾ" ਫ਼ਿਲਮ ਖੇਤਰੀ ਭਾਸ਼ਾਵਾਂ ਦੀ ਸਰਵੋਤਮ ਫ਼ਿਲਮ ਐਲਾਨੀ ਗਈ ਸੀ ਅਤੇ 2011 ਵਿੱਚ ਬਣੀ "ਅੰਨ੍ਹੇ ਘੋੜੇ ਦਾ ਦਾਨ" ਫ਼ਿਲਮ ਵੀ ਭਾਰਤ ਦੇ 59ਵੇਂ ਕੌਮੀ ਫ਼ਿਲਮ ਮੇਲੇ ਵਿੱਚ ਨਿਰਦੇਸ਼ਨ, ਸਿਨਮੈਟੋਗਰਾਫੀ ਅਤੇ ਪੰਜਾਬੀ ਦੀ ਸਰਵੋਤਮ ਫ਼ਿਲਮ ਹੋਣ ਦੇ ਪੁਰਸਕਾਰ ਜਿੱਤ ਚੁੱਕੀ ਹੈ। ਇਹ ਫ਼ਿਲਮ ਇਟਲੀ ਦੇ ਫ਼ਿਲਮ ਮੇਲੇ ਸਮੇਤ ਪੰਜ ਹੋਰ ਦੇਸ਼ਾਂ ਵਿੱਚ ਵੀ ਪ੍ਰਦਰਸ਼ਿਤ ਕੀਤੀ ਜਾ ਚੁੱਕੀ ਹੈ। ਗੁਰਦਿਆਲ ਸਿੰਘ ਨੇ "ਪੰਜਾਬੀ ਕਥਾ ਕਿਤਾਬ" ਦੀ ਸੰਪਾਦਨਾ ਦੇ ਨਾਲ ਨਾਲ ਅਨੁਵਾਦ ਵਿੱਚ ਵੀ ਮੁੱਲਵਾਨ ਕਾਰਜ ਕੀਤੇ ਸਨ। ਮੈਕਸਿਮ ਗੋਰਕੀ ਦੀ "ਮੇਰਾ ਬਚਪਨ," ਭਗਵਤੀ ਚਰਨ ਬੋਹਰਾ ਦੀ "ਭੁੱਲੇ ਵਿਸਰੇ", ਸ਼ਰਤ ਚੰਦਰ ਦੀ "ਬਿਰਾਜ ਬਹੂ", ਕ੍ਰਿਸ਼ਨਾ ਸੋਬਤੀ ਦੀ "ਜ਼ਿੰਦਗੀਨਾਮਾ", ਅਤੇ ਵਰਿੰਦਾਵਨ ਲਾਲ ਵਰਮਾ ਦੀ "ਮ੍ਰਿਗਨੈਨੀ," ਉਹ ਕਿਤਾਬਾਂ ਹਨ, ਜਿਨ੍ਹਾਂ ਨੂੰ ਗੁਰਦਿਆਲ ਸਿੰਘ ਨੇ ਪੰਜਾਬੀ ਪਾਠਕਾਂ ਲਈ ਪੜ੍ਹਨਯੋਗ ਬਣਾਇਆ।
ਸੰਨ 2009 ਵਿੱਚ ਲਿਖੇ "ਆਹਣ" ਨਾਵਲ ਤੋਂ ਬਾਅਦ ਉਨ੍ਹਾਂ ਦੀ ਕੋਈ ਹੋਰ ਨਾਵਲੀ ਕਿਰਤ ਸਾਹਮਣੇ ਨਾ ਆਈ।.... ਤੇ ਫੇਰ...16 ਅਗਸਤ 2016 ਨੂੰ ਉਸਦੇ ਚਲੇ ਜਾਣ ਦੀ ਖ਼ਬਰ ਆਈ, ਕਿ ਸਮਾਜ ਵਲੋਂ ਹਾਸ਼ੀਏ 'ਤੇ ਧਕੇਲੇ ਗਏ ਅਣਹੋਇਆਂ ਦੀ ਆਵਾਜ਼ ਅਮਰ ਹੋ ਗਈ ਹੈ ਅਤੇ ਕਾਗਜ਼ਾਂ-ਕਿਤਾਬਾਂ ਦੀਆਂ ਕਬਰਾਂ ਵਿੱਚ ਜਾ ਸੁੱਤੀ ਹੈ...।
ਇਸ ਯੁੱਗ ਪੁਰਸ਼ ਦੇ ਪਰਿਵਾਰ ਵਿੱਚ ਉਹਨਾਂ ਦੀ ਜੀਵਨ ਸਾਥਣ ਬੀਬੀ ਬਲਵੰਤ ਕੌਰ, ਬੇਟਾ ਰਵਿੰਦਰ ਸਿੰਘ ਰਾਹੀ, ਉਹਨਾਂ ਦੀਆਂ ਦੋ ਬੇਟੀਆਂ ਮਨਜੀਤੀ ਅਤੇ ਸੁਮੀਤੀ ਸ਼ਾਮਿਲ ਹਨ।
ਉਸ ਦੀ ਇਸ ਪਰਿਵਾਰਕ ਵਿਰਾਸਤ ਦੇ ਸਹਿਜ ਨੂੰ ਸੌ ਸੌ ਵਾਰ ਸਿਜਦਾ...
ਗੁਰਦਿਆਲ ਸਿੰਘ ਪੰਜਾਬੀ ਦੇ ਉਹਨਾਂ ਥੋੜ੍ਹੇ ਜਿਹੇ ਲੇਖਕਾਂ ਵਿੱਚੋਂ ਇੱਕ ਹਨ, ਜਿਨ੍ਹਾਂ ਦੇ ਲਿਖਣ ਕਮਰੇ ਨੂੰ ਅਜਾਇਬ ਘਰ ਵਜੋਂ ਸੰਭਾਲਣ ਦਾ ਯਤਨ ਕੀਤਾ ਗਿਆ ਹੈ। ਜਿਸ ਵਿਰਾਸਤੀ ਚੁਬਾਰੇ ਵਿੱਚ ਬੈਠ ਕੇ ਉਹ ਅਣਹੋਇਆਂ ਦੀ ਹੋਣੀ ਨੂੰ ਪਛਾਨਣ ਅਤੇ ਚਿਤਰਨ ਦੇ ਚਮਤਕਾਰ ਕਰਦੇ ਸਨ, ਉਸ ਚੁਬਾਰੇ ਦੀ ਚਮਕ ਵੀ, ਉਨ੍ਹਾਂ ਦੀਆਂ ਸਦੀਵੀ ਲਿਖਤਾਂ ਦੇ ਨਾਲ-ਨਾਲ ਆਉਣ ਵਾਲੀਆਂ ਪੀੜ੍ਹੀਆਂ ਦੇ ਰਾਹ ਰੁਸ਼ਨਾਉਣ ਦਾ ਯਤਨ ਕਰਦੀ ਰਹੇਗੀ।

-
ਲਖਵਿੰਦਰ ਸਿੰਘ ਜੌਹਲ, ਲੇਖਕ
******
9417194812
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.