ਪੰਜਾਬ ਨੇ ਡਿਜੀਟਲ ਪਰਸਨਲ ਡੇਟਾ ਪ੍ਰੋਟੈਕਸ਼ਨ ਐਕਟ ਬਾਰੇ ਬਹੁ-ਰਾਜੀ ਵਰਕਸ਼ਾਪ ਕਰਵਾਈ
* ਸੁਚੱਜਾ ਪ੍ਰਸ਼ਾਸਨ ਅਤੇ ਸੂਚਨਾ ਤਕਨੀਕ ਵਿਭਾਗ ਦੇ ਡਾਇਰੈਕਟਰ ਅਮਿਤ ਤਲਵਾੜ ਨੇ ਸਰਕਾਰੀ ਵਿਭਾਗਾਂ ਵਿੱਚ ਯੋਜਨਾਬੱਧ ਡੇਟਾ ਸੁਰੱਖਿਆ ਢਾਂਚੇ 'ਤੇ ਦਿੱਤਾ ਜ਼ੋਰ
ਚੰਡੀਗੜ੍ਹ, 26 ਜੁਲਾਈ 2025 - ਨੈਸ਼ਨਲ ਇਨਫੋਰਮੈਟਿਕਸ ਸੈਂਟਰ (ਐਨ.ਆਈ.ਸੀ.), ਪੰਜਾਬ ਨੇ ਡਿਜੀਟਲ ਪਰਸਨਲ ਡੇਟਾ ਪ੍ਰੋਟੈਕਸ਼ਨ (ਡੀ.ਪੀ.ਡੀ.ਪੀ.) ਐਕਟ ਬਾਰੇ ਵਿਆਪਕ ਵਰਕਸ਼ਾਪ ਕਰਵਾਈ, ਜਿਸ ਵਿੱਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਸੀਨੀਅਰ ਸਰਕਾਰੀ ਅਧਿਕਾਰੀਆਂ ਨਾਲ ਇਸ ਨਵੇਂ ਕਾਨੂੰਨ ਦੇ ਲਾਗੂਕਰਨ ਸਬੰਧੀ ਰਣਨੀਤੀਆਂ 'ਤੇ ਚਰਚਾ ਕੀਤੀ।
ਸੁਚੱਜਾ ਪ੍ਰਸ਼ਾਸਨ ਅਤੇ ਸੂਚਨਾ ਤਕਨੀਕ ਵਿਭਾਗ ਦੇ ਡਾਇਰੈਕਟਰ ਸ੍ਰੀ ਅਮਿਤ ਤਲਵਾੜ ਨੇ ਸੈਸ਼ਨ ਦਾ ਉਦਘਾਟਨ ਕੀਤਾ ਅਤੇ ਸਰਕਾਰੀ ਵਿਭਾਗਾਂ ਵਿੱਚ ਯੋਜਨਾਬੱਧ ਡੇਟਾ ਸੁਰੱਖਿਆ ਢਾਂਚੇ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਵਰਕਸ਼ਾਪ ਦੌਰਾਨ ਸਰਕਾਰੀ ਆਈ.ਟੀ. ਐਪਲੀਕੇਸ਼ਨਾਂ ਅਤੇ ਡਿਜੀਟਲ ਸੇਵਾਵਾਂ ਵਿੱਚ ਡੀ.ਪੀ.ਡੀ.ਪੀ. ਐਕਟ ਦੀ ਪਾਲਣਾ ਦੇ ਵਿਹਾਰਕ ਪਹਿਲੂਆਂ ਬਾਰੇ ਚਰਚਾ ਕੀਤੀ ਗਈ।
ਐਨ.ਆਈ.ਸੀ. ਹੈੱਡਕੁਆਰਟਰ ਤੋਂ ਡਿਪਟੀ ਡਾਇਰੈਕਟਰ ਜਨਰਲ ਪ੍ਰਸ਼ਾਂਤ ਕੁਮਾਰ ਮਿੱਤਲ ਨੇ ਡੀ.ਪੀ.ਡੀ.ਪੀ. ਐਕਟ ਦੇ ਉਪਬੰਧਾਂ ਅਤੇ ਨਿਯਮਾਂ ਬਾਰੇ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਅਤੇ ਅਧਿਕਾਰੀਆਂ ਨੂੰ ਪ੍ਰਾਈਵੇਸੀ ਗਵਰਨੈਂਸ ਅਤੇ ਲਾਗੂਕਰਨ ਪ੍ਰੋਟੋਕੋਲ ਬਾਰੇ ਵਿਸਤ੍ਰਿਤ ਮਾਰਗਦਰਸ਼ਨ ਪ੍ਰਦਾਨ ਕੀਤਾ। ਇਸ ਪ੍ਰੋਗਰਾਮ ਵਿੱਚ ਸਰਕਾਰੀ ਪ੍ਰਣਾਲੀਆਂ ਲਈ ਡੇਟਾ ਘਟਾਉਣ, ਸਹਿਮਤੀ ਪ੍ਰਬੰਧਨ ਅਤੇ ਸੁਰੱਖਿਅਤ ਪ੍ਰੋਸੈਸਿੰਗ ਸਬੰਧੀ ਜ਼ਰੂਰਤਾਂ ਬਾਰੇ ਪੇਸ਼ਕਾਰੀਆਂ ਕੀਤੀਆਂ ਗਈਆਂ।
ਸਟੇਟ ਇਨਫੋਰਮੈਟਿਕਸ ਅਫਸਰ ਵਿਵੇਕ ਵਰਮਾ (ਪੰਜਾਬ), ਸਰਬਜੀਤ ਸਿੰਘ (ਹਰਿਆਣਾ) ਅਤੇ ਰਮੇਸ਼ ਗੁਪਤਾ (ਚੰਡੀਗੜ੍ਹ) ਨੇ ਆਪਣੀਆਂ ਤਕਨੀਕੀ ਟੀਮਾਂ ਦੇ ਨਾਲ ਵਰਕਸ਼ਾਪ ਵਿੱਚ ਹਿੱਸਾ ਲਿਆ, ਜੋ ਕਿ ਪੂਰੇ ਖੇਤਰ ਵਿੱਚ ਡੇਟਾ ਸੁਰੱਖਿਆ ਅਭਿਆਸਾਂ ਨੂੰ ਮਿਆਰੀ ਬਣਾਉਣ ਸਬੰਧੀ ਸਮੂਹਿਕ ਯਤਨਾਂ ਨੂੰ ਦਰਸਾਉਂਦਾ ਹੈ।
ਇਸ ਸੈਸ਼ਨ ਵਿੱਚ ਡੇਟਾ ਗਵਰਨੈਂਸ ਅਤੇ ਰਣਨੀਤੀ ਡਵੀਜਨ ਦੇ ਮੁਖੀ ਮੁਕੇਸ਼ ਗੁਪਤਾ ਅਤੇ ਸਲਾਹਕਾਰ ਆਕਾਸ਼ ਅਗਰਵਾਲ ਨੇ ਗੋਪਨੀਯਤਾ ਢਾਂਚੇ ਦੇ ਕਾਨੂੰਨੀ, ਸੰਚਾਲਕੀ ਅਤੇ ਤਕਨੀਕੀ ਪਹਿਲੂਆਂ ਬਾਰੇ ਵੱਡਮੁੱਲੀ ਜਾਣਕਾਰੀ ਦਿੱਤੀ। ਇਸ ਦੌਰਾਨ ਅਧਿਕਾਰੀਆਂ ਨੇ ਲਾਗੂਕਰਨ ਚੁਣੌਤੀਆਂ ਅਤੇ ਸਰਕਾਰੀ ਡੇਟਾ ਹੈਂਡਲਿੰਗ ਲਈ ਸਰਬੋਤਮ ਅਭਿਆਸਾਂ ਬਾਰੇ ਚਰਚਾ ਕੀਤੀ।
ਤਕਨੀਕੀ ਸੈਸ਼ਨਾਂ ਵਿੱਚ ਪ੍ਰਬੰਧਕੀ ਕਾਰਜ-ਪ੍ਰਵਾਹ, ਪਾਲਣਾ ਸਬੰਧੀ ਜ਼ਰੂਰਤਾਂ ਅਤੇ ਮੌਜੂਦਾ ਡਿਜੀਟਲ ਬੁਨਿਆਦੀ ਢਾਂਚੇ ਵਿੱਚ ਗੋਪਨੀਯਤਾ ਸੁਰੱਖਿਆ ਦੇ ਏਕੀਕਰਨ ਸਮੇਤ ਮੁੱਖ ਖੇਤਰਾਂ ਬਾਰੇ ਵਿਚਾਰ ਕੀਤਾ ਗਿਆ। ਇਸ ਵਰਕਸ਼ਾਪ ਨੇ ਅਧਿਕਾਰੀਆਂ ਨੂੰ ਸਰਕਾਰੀ ਪ੍ਰਣਾਲੀਆਂ ਵਿੱਚ ਡੀ.ਪੀ.ਡੀ.ਪੀ. ਉਪਬੰਧਾ ਨੂੰ ਲਾਗੂ ਕਰਨ ਬਾਰੇ ਵਿਹਾਰਕ ਸਵਾਲਾਂ ਦੇ ਜਵਾਬ ਹਾਸਲ ਕਰਨ ਲਈ ਇੱਕ ਮੰਚ ਪ੍ਰਦਾਨ ਕੀਤਾ।
ਇਹ ਸਿਖਲਾਈ ਪ੍ਰੋਗਰਾਮ ਭਾਰਤ ਦੇ ਵਿਆਪਕ ਡੇਟਾ ਸੁਰੱਖਿਆ ਪ੍ਰਬੰਧਾਂ ਨੂੰ ਲਾਗੂ ਕਰਨ ਸਬੰਧੀ ਸੂਬਾ ਸਰਕਾਰ ਦੀ ਵਿਆਪਕ ਤਿਆਰੀ ਦਾ ਹਿੱਸਾ ਸੀ। ਅਧਿਕਾਰੀਆਂ ਨੇ ਜਨਤਕ ਡਿਜੀਟਲ ਸੇਵਾਵਾਂ ਅਤੇ ਨਾਗਰਿਕ-ਪੱਖੀ ਐਪਲੀਕੇਸ਼ਨਾਂ ਵਿੱਚ ਨੈਤਿਕ ਡੇਟਾ ਹੈਂਡਲਿੰਗ ਲਈ ਸਮੂਹਿਕ ਜ਼ਿੰਮੇਵਾਰੀਆਂ ਬਾਰੇ ਚਰਚਾ ਕੀਤੀ।
ਸਟੇਟ ਇਨਫੋਰਮੈਟਿਕਸ ਅਫਸਰ ਵਿਵੇਕ ਵਰਮਾ ਦੀ ਅਗਵਾਈ ਵਾਲੀ ਪ੍ਰਬੰਧਕੀ ਕਮੇਟੀ ਵਿੱਚ ਸੀਨੀਅਰ ਤਕਨੀਕੀ ਅਫਸਰ ਊਸ਼ਾ ਰਾਏ, ਦਿਨੇਸ਼ ਸ਼ਰਮਾ, ਸੰਜੇ ਸਾਹਨੀ ਅਤੇ ਪੰਕਜ ਜੈਨ ਸ਼ਾਮਲ ਸਨ, ਜਿਨ੍ਹਾਂ ਨੇ ਬਹੁ- ਅਧਿਕਾਰਤ ਸਿਖਲਾਈ ਪਹਿਲਕਦਮੀ ਵਿੱਚ ਤਾਲਮੇਲ ਕੀਤਾ।