ਸੀਜੀਐੱਸਟੀ ਲੁਧਿਆਣਾ ਨੇ 260 ਕਰੋੜ ਰੁਪਏ ਦੇ ਜਾਅਲੀ ਬਿਲਿੰਗ ਘੋਟਾਲੇ ਦਾ ਕੀਤਾ ਪਰਦਾਫਾਸ਼, 2 ਗ੍ਰਿਫ਼ਤਾਰ
ਲੁਧਿਆਣਾ, 25 ਜੁਲਾਈ 2025: ਖਾਸ ਖੁਫੀਆ ਜਾਣਕਾਰੀ ਦੇ ਅਧਾਰ 'ਤੇ, ਸੈਂਟਰਲ ਜੀਐੱਸਟੀ (ਸੀਜੀਐੱਸਟੀ), ਲੁਧਿਆਣਾ ਕਮਿਸ਼ਨਰੇਟ ਦੇ ਅਧਿਕਾਰੀਆਂ ਨੇ ਪੰਜਾਬ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਮੰਡੀ ਗੋਬਿੰਦਗੜ੍ਹ ਖੇਤਰ ਵਿੱਚ ਕਈ ਤਲਾਸ਼ੀ ਮੁਹਿੰਮਾਂ ਚਲਾਈਆਂ। ਇਨ੍ਹਾਂ ਕਾਰਵਾਈਆਂ ਦੌਰਾਨ, ਲੋਹਾ ਅਤੇ ਸਟੀਲ ਖੇਤਰ ਵਿੱਚ ਜਾਅਲੀ ਇਨਪੁਟ ਟੈਕਸ ਕ੍ਰੈਡਿਟ (ITC) ਪ੍ਰਾਪਤ ਕਰਨ ਅਤੇ ਉਸ ਨੂੰ ਅੱਗੇ ਵੰਡਣ ਵਿੱਚ ਸ਼ਾਮਲ ਇੱਕ ਸੰਗਠਿਤ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ, ਜੋ ਕਿ ਪੰਜ ਫਰਮਾਂ ਰਾਹੀਂ ਇਸ ਧੋਖਾਧੜੀ ਨੂੰ ਅੰਜਾਮ ਦੇ ਰਿਹਾ ਸੀ।
ਤਲਾਸ਼ੀ ਦੌਰਾਨ, ਅਧਿਕਾਰੀਆਂ ਨੇ ਇੱਕ ਅਜਿਹੀ ਕਾਰਜ ਪ੍ਰਣਾਲੀ ਦਾ ਪਤਾ ਲਗਾਇਆ ਜਿਸ ਵਿੱਚ ਧੋਖਾਧੜੀ ਕਰਨ ਵਾਲਾ ਗਿਰੋਹ ਕਰਜ਼ਦਾਰ ਰੋਲਿੰਗ ਮਿੱਲਾਂ ਨੂੰ ਹਾਸਲ ਕਰਦਾ ਸੀ, ਉਨ੍ਹਾਂ ਨੂੰ ਜਾਅਲੀ ਆਈ.ਟੀ.ਸੀ. ਪ੍ਰਾਪਤ ਕਰਨ ਅਤੇ ਜੀ.ਐੱਸ.ਟੀ. ਲਾਗੂ ਕਰਨ ਵਾਲੀਆਂ ਏਜੰਸੀਆਂ ਤੋਂ ਬਚਣ ਲਈ ਇੱਕ ਫਰੰਟ ਵਜੋਂ ਵਰਤਦਾ ਸੀ।
ਤਲਾਸ਼ੀ ਮੁਹਿੰਮ ਤੋਂ ਬਾਅਦ, 24 ਜੁਲਾਈ 2025 ਨੂੰ ਉਕਤ ਫਰਮਾਂ ਨੂੰ ਚਲਾਉਣ ਅਤੇ ਕੰਟਰੋਲ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਮੁੱਢਲੀ ਜਾਂਚ ਦੇ ਅਨੁਸਾਰ, ਜਾਅਲੀ ਬਿੱਲਾਂ ਦੀ ਅਨੁਮਾਨਤ ਕੀਮਤ ਲਗਭਗ ₹260 ਕਰੋੜ ਹੈ, ਜਿਸ ਨਾਲ ਸਰਕਾਰੀ ਰੈਵੇਨਿਊ ਨੂੰ ਲਗਭਗ ₹47 ਕਰੋੜ ਦਾ ਨੁਕਸਾਨ ਹੋਇਆ ਹੈ।
ਹੁਣ ਤੱਕ ਹੋਈਆਂ ਦੋ ਗ੍ਰਿਫ਼ਤਾਰੀਆਂ ਤੋਂ ਬਾਅਦ, ਪੂਰੇ ਨੈੱਟਵਰਕ ਦੀ ਵਿਸਤ੍ਰਿਤ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਵਿੱਚ ਸ਼ਾਮਲ ਹੋਰ ਸੰਸਥਾਵਾਂ ਅਤੇ ਵਿਅਕਤੀਆਂ ਦੀ ਪਛਾਣ ਕੀਤੀ ਜਾ ਰਹੀ ਹੈ।
ਸੀਜੀਐੱਸਟੀ ਲੁਧਿਆਣਾ ਕਮਿਸ਼ਨਰੇਟ, ਟੈਕਸ ਧੋਖਾਧੜੀ ਵਿਰੁੱਧ ਸਖ਼ਤ ਕਾਰਵਾਈ ਕਰਨ ਅਤੇ ਇਮਾਨਦਾਰ ਟੈਕਸਪੇਅਰਸ ਲਈ ਨਿਰਪੱਖ ਅਤੇ ਬਰਾਬਰ ਮੌਕੇ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਾ ਹੈ।